ਨਿਤੀਸ਼ ਕੁਮਾਰ ਨੇ ਬਿਹਾਰ ’ਚ ਸ਼ਰਾਬ ਕੀਤੀ ਹੋਈ ਹੈ ਬੈਨ
ਨਵੀਂ ਦਿੱਲੀ/ਬਿਊਰੋ ਨਿਊਜ਼
ਬਿਹਾਰ ਦੇ ਛਪਰਾ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਪੰਜ ਦਰਜਨ ਤੋਂ ਵੀ ਟੱਪ ਗਈ ਹੈ। ਸਭ ਤੋਂ ਜ਼ਿਆਦਾ ਮੌਤਾਂ ਛਪਰਾ ਦੇ ਮਸ਼ਰਖ, ਅਮਨੌਰ ਅਤੇ ਮਡੌਰਾ ਇਲਾਕੇ ਵਿਚ ਹੋਈਆਂ ਹਨ। ਇੱਥੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਗੰਭੀਰ ਬਿਮਾਰ ਹੋਏ ਵਿਅਕਤੀ ਨਿੱਜੀ ਕਲੀਨਿਕਾਂ ਵਿਚ ਹੀ ਇਲਾਜ ਕਰਵਾ ਰਹੇ ਸਨ। ਮੀਡੀਆ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਮਰਨ ਵਾਲਿਆਂ ਵਿਚ ਤਿੰਨ ਵਿਅਕਤੀ ਅਜਿਹੇ ਵੀ ਹਨ, ਜੋ ਖੁਦ ਸ਼ਰਾਬ ਵੇਚ ਰਹੇ ਸਨ। ਉਧਰ ਦੂਜੇ ਪਾਸੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਮਸ਼ਰਖ ਦੇ ਥਾਣੇਦਾਰ ਅਤੇ ਚੌਕੀਦਾਰ ਨੂੰ ਸਸਪੈਂਡ ਕਰ ਦਿੱਤਾ ਹੈ। ਐਕਸਾਈਜ਼ ਵਿਭਾਗ ਦੀਆਂ 7 ਟੀਮਾਂ ਛਾਪੇਮਾਰੀ ਵੀ ਕਰ ਰਹੀਆਂ ਹਨ। ਮਸ਼ਰਖ ਦੇ ਵੱਖ-ਵੱਖ ਖੇਤਰਾਂ ਵਿਚੋਂ 600 ਲੀਟਰ ਨਜਾਇਜ਼ ਸ਼ਰਾਬ ਬਰਾਬਦ ਹੋਈ ਹੈ ਅਤੇ 150 ਦੇ ਕਰੀਬ ਵਿਅਕਤੀਆਂ ਨੂੰ ਗਿ੍ਰਫਤਾਰ ਵੀ ਕੀਤਾ ਜਾ ਚੁੱਕਾ ਹੈ। ਇਸੇ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਲੰਘੇ ਕੱਲ੍ਹ ਕਿਹਾ ਸੀ ਕਿ ਜ਼ਹਿਰੀਲੀ ਸ਼ਰਾਬ ਨਾਲ ਸ਼ੁਰੂ ਤੋਂ ਹੀ ਲੋਕ ਮਰਦੇ ਹਨ। ਸਾਰਿਆਂ ਨੂੰ ਚੌਕਸ ਰਹਿਣਾ ਚਾਹੀਦਾ ਹੈ, ਕਿਉਂਕਿ ਜਦ ਬਿਹਾਰ ਵਿਚ ਸ਼ਰਾਬ ਬੈਨ ਕੀਤੀ ਹੋਈ ਹੈ ਤਾਂ ਘਟੀਆ ਸ਼ਰਾਬ ਮਿਲੇਗੀ ਹੀ। ਨਿਤੀਸ਼ ਕੁਮਾਰ ਨੇ ਇਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਜੋ ਸ਼ਰਾਬ ਪੀਏਗਾ, ਉਹ ਮਰੇਗਾ। ਇਸਦੇ ਚੱਲਦਿਆਂ ਬਿਹਾਰ ਦੇ ਛਪਰਾ ਵਿਚ ਹਾਹਾਕਾਰ ਵਾਲਾ ਮਾਹੌਲ ਬਣਿਆ ਹੋਇਆ ਹੈ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਕਰੋਨਾ ਤੋਂ ਵੀ ਭਿਆਨਕ ਸਥਿਤੀ ਹੈ ਅਤੇ ਮੌਤਾਂ ਦੀ ਗਿਣਤੀ ਹੋਰ ਵੀ ਵਧਣ ਦਾ ਖਦਸ਼ਾ ਹੈ। ਇਸੇ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਵਿਸ਼ਵਾਸਪਾਤਰ ਰਹੇ ਪ੍ਰਸ਼ਾਂਤ ਕਿਸ਼ੋਰ ਨੇ ਬਿਹਾਰ ’ਚ ਸ਼ਰਾਬ ਬੈਨ ਕਰਨ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਸਲਾਹ ਦਿੱਤੀ ਹੈ ਕਿ ਸਮਾਜਿਕ ਜਾਗਰੂਕਤਾ ਨਾਲ ਸ਼ਰਾਬ ਦੀ ਵਿਕਰੀ ਨੂੰ ਪ੍ਰਵਾਨਗੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਕਾਨੂੰਨ ਨੂੰ ਫੌਰੀ ਵਾਪਸ ਲਿਆ ਜਾਵੇ ਅਤੇ ਕੋਈ ਵਿਚਾਲੇ ਦਾ ਰਾਹ ਲੱਭਿਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਆਪਣੇ ਘਰ ਅੰਦਰ ਸ਼ਰਾਬ ਪੀਂਦੇ ਹਨ ਅਤੇ ਜਨਤਕ ਥਾਵਾਂ ’ਤੇ ਕੋਈ ਖੌਰੂ ਨਹੀਂ ਪਾਉਂਦੇ ਉਨ੍ਹਾਂ ਨੂੰ ਜੁਰਮਾਨਾ ਨਹੀਂ ਲਾਉਣਾ ਚਾਹੀਦਾ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …