ਆਮ ਆਦਮੀ ਪਾਰਟੀ ਨੂੰ ‘ਨੋਟਾ’ ਤੋਂ ਵੀ ਘੱਟ ਪਈਆਂ ਵੋਟਾਂ
ਚੰਡੀਗੜ੍ਹ/ਬਿਊਰੋ ਨਿਊਜ਼ : ਕੌਮੀ ਰਾਜਧਾਨੀ ਦਿੱਲੀ ਤੇ ਪੰਜਾਬ ਵਿੱਚ ਵੱਡੇ ਬਹੁਮਤ ਨਾਲ ਸੱਤਾ ਵਿੱਚ ਕਾਬਜ਼ ਹੋ ਕੇ ਕੌਮੀ ਪਾਰਟੀ ਦਾ ਦਰਜਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇਸ਼ ਦੇ ਪੰਜ ਸੂਬਿਆਂ ਵਿੱਚ ਹੋਈਆਂ ਚੋਣਾਂ ਵਿੱਚ ਆਪਣੇ ਪੈਰ ਲਾਉਣ ਵਿੱਚ ਨਾਕਾਮ ਰਹੀ ਹੈ। ‘ਆਪ’ ਵੱਲੋਂ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਧਾਨ ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਪਾਠਕ ਦੀ ਅਗਵਾਈ ਹੇਠ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਗਿਆ, ਪਰ ‘ਆਪ’ ਦੇ ਹੱਥ ਕੁਝ ਨਾ ਲੱਗਿਆ।
ਮੱਧ ਪ੍ਰਦੇਸ਼ ਵਿੱਚ ‘ਆਪ’ ਨੂੰ 0.51 ਫ਼ੀਸਦ ਵੋਟਾਂ ਪਈਆਂ ਹਨ, ਜਦਕਿ ਨੋਟਾ ਨੂੰ 0.98 ਫ਼ੀਸਦ ਵੋਟ ਪਈ ਹੈ। ਛੱਤੀਸਗੜ੍ਹ ਵਿੱਚ ‘ਆਪ’ ਨੂੰ 0.93 ਫ਼ੀਸਦ ਤੇ ਨੋਟਾ ਨੂੰ 1.26 ਫ਼ੀਸਦ ਅਤੇ ਰਾਜਸਥਾਨ ਵਿੱਚ ‘ਆਪ’ ਨੂੰ 0.38 ਫ਼ੀਸਦ ਤੇ ਨੋਟਾ ਨੂੰ 0.96 ਫ਼ੀਸਦ ਵੋਟਾਂ ਪਈਆਂ ਹਨ। ਸਿਆਸੀ ਮਾਹਿਰਾਂ ਅਨੁਸਾਰ ਤਿੰਨੋਂ ਸੂਬਿਆਂ ਵਿੱਚ ‘ਆਪ’ ਦੇ ਪੱਲੇ ਕੁਝ ਨਾ ਪੈਣ ਦਾ ਮੁੱਖ ਕਾਰਨ ਦਿੱਲੀ ਤੇ ਪੰਜਾਬ ਤੋਂ ਇਲਾਵਾ ‘ਆਪ’ ਦਾ ਹੋਰਨਾਂ ਸੂਬਿਆਂ ਵਿੱਚ ਕਾਡਰ ਨਾ ਹੋਣਾ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਦਰਜਨਾਂ ਚੋਣ ਰੈਲੀਆਂ ਕੀਤੀਆਂ। ਇਸ ਤੋਂ ਇਲਾਵਾ ਪੰਜਾਬ ਤੇ ਦਿੱਲੀ ਦੇ ਕਈ ਕੈਬਨਿਟ ਮੰਤਰੀਆਂ ਤੇ ਦਰਜਨਾਂ ਵਿਧਾਇਕਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਸਨ ਪਰ ਇਸ ਦਾ ਸਿਲਾ ਕੁਝ ਨਾ ਨਿਕਲ ਸਕਿਆ। ‘ਆਪ’ ਦੀ ਤਿੰਨੋਂ ਸੂਬਿਆਂ ਵਿੱਚ ਹੋਈ ਕਰਾਰੀ ਹਾਰ ਦਾ ਅਸਰ ਆਗਾਮੀ ਲੋਕ ਸਭਾ ਚੋਣਾਂ ‘ਤੇ ਵੀ ਪੈ ਸਕਦਾ ਹੈ।
Check Also
ਦਿੱਲੀ ਦੀ ਆਬੋ-ਹਵਾ ਬੇਹੱਦ ਖਰਾਬ ਸਥਿਤੀ ਵਿਚ ਪਹੁੰਚੀ
ਸਰਕਾਰੀ ਦਫ਼ਤਰਾਂ ਦਾ ਟਾਈਮ ਟੇਬਲ ਬਦਲਿਆ, ਸਕੂਲਾਂ ’ਚ 6ਵੀਂ ਕਲਾਸ ਤੋਂ ਮਾਸਕ ਕੀਤਾ ਜ਼ਰੂਰੀ ਨਵੀਂ …