‘ਪ੍ਰੀਖਿਆ ’ਤੇ ਚਰਚਾ’ ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨਾਲ ਕੀਤੀ ਗੱਲਬਾਤ
ਨਵੀਂ ਦਿੱਲੀ/ਬਿਊਰੋ ਨਿਊਜ਼
‘ਪ੍ਰੀਖਿਆ ’ਤੇ ਚਰਚਾ’ ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਰ ਸਾਲ ਭਾਰਤ ਭਰ ਦੇ ਵਿਦਿਆਰਥੀ ਮੈਨੂੰ ਸਲਾਹ ਲੈਣ ਲਈ ਲਿਖਦੇ ਹਨ। ਇਹ ਮੇਰੇ ਲਈ ਬਹੁਤ ਪ੍ਰੇਰਨਾਦਾਇਕ ਅਤੇ ਭਰਪੂਰ ਅਨੁਭਵ ਹੈ। ਇਮਤਿਹਾਨਾਂ ’ਤੇ ਚਰਚਾ, ਮੇਰੀ ਵੀ ਇਕ ਪ੍ਰੀਖਿਆ ਹੈ ਅਤੇ ਦੇਸ਼ ਦੇ ਕਰੋੜਾਂ ਵਿਦਿਆਰਥੀ ਮੇਰੀ ਪ੍ਰੀਖਿਆ ਲੈ ਰਹੇ ਹਨ। ਮੈਨੂੰ ਇਹ ਪ੍ਰੀਖਿਆ ਦੇਣ ਵਿਚ ਚੰਗਾ ਲੱਗਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰਾਂ ਦਾ ਆਪਣੇ ਬੱਚਿਆਂ ਤੋਂ ਉਮੀਦਾਂ ਰੱਖਣਾ ਸੁਭਾਵਿਕ ਹੈ, ਪਰ ਜੇਕਰ ਇਹ ਸਿਰਫ਼ ਸਮਾਜਿਕ ਰੁਤਬਾ ਕਾਇਮ ਰੱਖਣ ਲਈ ਹੋਵੇ, ਤਾਂ ਇਹ ਖਤਰਨਾਕ ਹੋ ਜਾਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਸਿਰਫ ਇਮਤਿਹਾਨਾਂ ਲਈ ਹੀ ਨਹੀਂ ਬਲਕਿ ਜ਼ਿੰਦਗੀ ਵਿਚ ਵੀ ਸਾਨੂੰ ਸਮੇਂ ਦੇ ਪ੍ਰਬੰਧਨ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਕੰਮ ਇਸ ਲਈ ਇਕੱਠਾ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਸਮੇਂ ਸਿਰ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਕਦਰਾਂ-ਕੀਮਤਾਂ ਵਿਚ ਆਈ ਤਬਦੀਲੀ ਸਮਾਜ ਲਈ ਖ਼ਤਰਨਾਕ ਹੈ। ਹੁਣ ਜ਼ਿੰਦਗੀ ਬਦਲ ਗਈ ਹੈ, ਦੁਨੀਆ ਬਹੁਤ ਬਦਲ ਗਈ ਹੈ। ਅੱਜ ਹਰ ਕਦਮ ’ਤੇ ਇਮਤਿਹਾਨ ਹੈ। ਇਸ ਕਰਕੇ ਜ਼ਿੰਦਗੀ ਨਕਲ ਨਾਲ ਨਹੀਂ ਬਣਾਈ ਜਾ ਸਕਦੀ। ਦੱਸਣਯੋਗ ਹੈ ਕਿ ‘ਪ੍ਰੀਖਿਆ ’ਤੇ ਚਰਚਾ’ ਵਿਚ ਸ਼ਾਮਲ ਹੋਣ ਲਈ 38 ਲੱਖ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾ ਕੇ ਇਕ ਰਿਕਾਰਡ ਬਣਾਇਆ ਹੈ। ਪ੍ਰਧਾਨ ਮੰਤਰੀ ਅਤੇ ਵਿਦਿਆਰਥੀਆਂ ਵਿਚਾਲੇ ਗੱਲਬਾਤ ਦਾ ਇਹ ਸਲਾਨਾ ਪ੍ਰੋਗਰਾਮ ਪ੍ਰੀਖਿਆ ਸਬੰਧੀ ਤਣਾਅ ਦੇ ਮੁੱਦਿਆਂ ਨਾਲ ਜੁੜਿਆ ਹੈ। ‘ਪ੍ਰੀਖਿਆ ’ਤੇ ਚਰਚਾ’ ਪ੍ਰੋਗਰਾਮ ਦੇ ਪਹਿਲੇ ਐਡੀਸ਼ਨ ਦੀ ਸ਼ੁਰੂਆਤ 16 ਫਰਵਰੀ 2018 ਨੂੰ ਕੀਤੀ ਗਈ ਸੀ।