ਵਿਰੋਧੀ ਧਿਰ ਵੱਲੋਂ ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਤੋਂ ਮੁਆਫ਼ੀ ਦੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਚੋਣ ਰੈਲੀ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬਾਰੇ ਟਿੱਪਣੀਆਂ ਤੋਂ ਕਾਂਗਰਸ ਨੇ ਸੰਸਦ ਦੇ ਦੋਵੇਂ ਸਦਨਾਂ ਵਿੱਚ ਜ਼ੋਰਦਾਰ ਹੰਗਾਮਾ ਕੀਤਾ, ਜਿਸ ਕਾਰਨ ਕਈ ਵਾਰ ਕਾਰਵਾਈ ਵਿੱਚ ਵਿਘਨ ਪਿਆ। ਮੋਦੀ ਨੇ ਚੋਣ ਰੈਲੀ ਦੌਰਾਨ ਕਿਹਾ ਸੀ ਕਿ ਇਤਾਲਵੀ ਅਦਾਲਤ ਨੇ ਆਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਵਿਚ ਵੱਢੀ ਦੇ ਮਾਮਲੇ ਵਿੱਚ ਸੋਨੀਆ ਗਾਂਧੀ ਦਾ ਨਾਂ ਲਿਆ ਹੈ। ਕਾਂਗਰਸੀ ਮੈਂਬਰਾਂ ਦੇ ਨਾਅਰਿਆਂ ਤੇ ਰੌਲੇ-ਰੱਪੇ ਕਾਰਨ ਪਹਿਲੇ ਦੋ ਘੰਟਿਆਂ ਵਿਚ ਰਾਜ ਸਭਾ ਦੀ ਚਾਰ ਵਾਰ ਕਾਰਵਾਈ ਰੋਕਣੀ ਪਈ। ਇਸ ਕਾਰਨ ਸਿਫ਼ਰ ਕਾਲ ਤੇ ਪ੍ਰਸ਼ਨ ਕਾਲ ‘ਤੇ ਪਾਣੀ ਫਿਰ ਗਿਆ।
ਰਾਜ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਕਾਂਗਰਸੀ ਮੈਂਬਰ ‘ਨਰਿੰਦਰ ਮੋਦੀ ਮੁਆਫੀ ਮੰਗੇ’ ‘ਫੇਕੂ ਮਾਮਾ ਮੁਆਫ਼ੀ ਮੰਗੇ’ ਨਾਅਰੇ ਲਾਉਂਦੇ ਰਹੇ।
ਲੋਕ ਸਭਾ ਵਿੱਚ ਵੀ ਕਾਰਵਾਈ ਸ਼ੁਰੂ ਹੁੰਦਿਆਂ ਸਾਰ ਹੀ ਕਾਂਗਰਸੀ ਮੈਂਬਰਾਂ ਨੇ ਇਹ ਮੁੱਦਾ ਚੁੱਕ ਲਿਆ। ਕਾਂਗਰਸ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਇਸ ਤਰ੍ਹਾਂ ਦਾ ਦੋਸ਼ ਕਿਵੇਂ ਲਗਾ ਸਕਦੇ ਹਨ ਜਦੋਂ ਕਿ ਪਿਛਲੇ ਹਫ਼ਤੇ ਇਸ ਮਸਲੇ ‘ਤੇ ਬਹਿਸ ਦੌਰਾਨ ਆਪਣੇ ਜਵਾਬ ਵਿੱਚ ਰੱਖਿਆ ਮੰਤਰੀ ਕੁੱਝ ਨਹੀਂ ਬੋਲਿਆ ਸੀ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਜਾਣਨਾ ਚਾਹੁੰਦੀ ਹੈ ਕਿ ਮੋਦੀ ਕਿਹੜੀ ਅਦਾਲਤ ਦਾ ਹਵਾਲਾ ਦੇ ਰਹੇ ਹਨ। ਕਾਂਗਰਸੀਆਂ ਨੇ ਨਾਅਰੇ ਲਗਾਏ ‘ਪ੍ਰਧਾਨ ਮੰਤਰੀ ਸਦਨ ਵਿੱਚ ਆਓ ਤੇ ਜਵਾਬ ਦਿਓ।’ ਦੁਪਹਿਰ ਬਾਅਦ ਜਦੋਂ ਮੁੜ ਕਾਰਵਾਈ ਸ਼ੁਰੂ ਹੋਈ ਤਾਂ ਰਾਜ ਸਭਾ ਚੇਅਰਮੈਨ ਹਾਮਿਦ ਅੰਸਾਰੀ ਨੇ ਪ੍ਰਸ਼ਨ ਕਾਲ ਹੋਣ ਦੇਣ ਲਈ ਅਪੀਲ ਕੀਤੀ ઠਪਰ ਕਾਂਗਰਸ ਮੈਂਬਰਾਂ ‘ਤੇ ਕੋਈ ਅਸਰ ਨਹੀਂ ਹੋਇਆ। ਲੋਕ ਸਭਾ ਵਿੱਚ ਕਾਂਗਰਸੀ ਆਗੂ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀਆਂ ਦੀਆਂ ਟਿੱਪਣੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਏਜੰਸੀਆਂ ਸੀਬੀਆਈ ਤੇ ਈਡੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਉਨ੍ਹਾਂ ਪੁੱਛਿਆ, ‘ਕਿਹੜੀ ਅਦਾਲਤ ਨੇ ਸੋਨੀਆ ਗਾਂਧੀ ਨੂੰ ਦੋਸ਼ੀ ਠਹਿਰਾਇਆ ਹੈ।’ ਉਨ੍ਹਾਂ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਅਤੇ ਪਾਰਟੀ ਨੂੰ ਪ੍ਰਧਾਨ ਮੰਤਰੀ ਖ਼ਿਲਾਫ਼ ਮਰਿਆਦਾ ਮਤਾ ਲਿਆਉਣਾ ਪੈ ਸਕਦਾ ਹੈ। ਰਾਜ ਸਭਾ ਵਿੱਚ ਇਹ ਮੁੱਦਾ ਚੁੱਕਦਿਆਂ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਦੋਵੇਂ ਸਦਨਾਂ ਵਿੱਚ ਆਗਸਤਾ ਵੈਸਟਲੈਂਡ ‘ਤੇ ਬਹਿਸ ਦੌਰਾਨ ਕਿਸੇ ਵੀ ਮੈਂਬਰ ਨੇ ਨਹੀਂ ਕਿਹਾ ਸੀ ਕਿ ਯੂਪੀਏ ਲੀਡਰਸ਼ਿਪ ਨੇ ਪੈਸੇ ਖਾਧੇ ਹਨ। ਉਨ੍ਹਾਂ ਕਿਹਾ ਕਿ ਮੋਦੀ ਵੱਲੋਂ ਕਾਂਗਰਸ ਦਾ ਅਕਸ ਵਿਗਾੜਨ ਲਈ ਕੇਰਲਾ ਤੇ ਤਾਮਿਲਨਾਡੂ ਵਿੱਚ ਚੋਣ ਰੈਲੀਆਂ ਦੌਰਾਨ ਇਹ ਦੋਸ਼ ਲਾਏ ਗਏ ਹਨ।
ਉਪ ਚੇਅਰਮੈਨ ਪੀਜੇ ਕੁਰੀਅਨ ਨੇ ਕਿਹਾ ਕਿ ਪ੍ਰਧਾਨ ਨੇ ਇਹ ਟਿੱਪਣੀਆਂ ਸਦਨ ਬਾਹਰ ਕੀਤੀਆਂ ਹਨ ਤੇ ਕਾਂਗਰਸ ਇਸ ਦਾ ਜਵਾਬ ਬਾਹਰ ਦੇ ਸਕਦੀ ਹੈ। ਉਨ੍ਹਾਂ ਨੇ ਆਨੰਦ ਸ਼ਰਮਾ ਦਾ ਇਸ ਮੁੱਦੇ ਬਾਰੇ ਨੋਟਿਸ ਮੁਲਤਵੀ ਕਰ ਦਿੱਤਾ।
ਇਸ ‘ਤੇ ਕਾਂਗਰਸੀ ਸੀਟਾਂ ਤੋਂ ਉੱਠ ਕੇ ਨਾਅਰੇਬਾਜ਼ੀ ਕਰਨ ਲੱਗੇ।
ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਇਸ ਸੌਦੇ ਦੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਬੇਕਸੂਰ ਨੂੰ ਹੱਥ ਨਹੀਂ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਨੇ ‘ਉਹੀ ਕਿਹਾ ਜੋ ਦੁਨੀਆ ਗੱਲਾਂ ਕਰ ਰਹੀ ਹੈ ਤੇ ਜੋ ਇਤਾਲਵੀ ਅਦਾਲਤ ਨੇ ਕਿਹਾ ਹੈ’।
ਪੰਜਾਬ ‘ਚ ਨਸ਼ੇ ਦੀ ਸਮੱਸਿਆ ਸਬੰਧੀ ਕੁਮਾਰ ਵਿਸ਼ਵਾਸ ਦੀ ਐਲਬਮ ਰਿਲੀਜ਼
ਕੇਜਰੀਵਾਲ ਨੇ ਕਿਹਾ ਕਿ, ਗੀਤ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਖੂਬ ਵਰਤਿਆ ਜਾਵੇਗਾ
ਨਵੀਂ ਦਿੱਲੀ : ਪੰਜਾਬ ਵਿਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ‘ਆਪ’ ਲੀਡਰ ਕੁਮਾਰ ਵਿਸ਼ਵਾਸ ਦੀ ਐਲਬਮ ਰਿਲੀਜ਼ ਹੋ ਗਈ ਹੈ। ਦਿੱਲੀ ਦੇ ਸੀਰੀ ਫੋਰਟ ਆਡੀਟੋਰੀਅਮ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਸ਼ਵਾਸ ਦੀ ਐਲਬਮ ਨੂੰ ਰਿਲੀਜ਼ ਕੀਤਾ। ਆਮ ਆਦਮੀ ਪਾਰਟੀ ਇਸ ਗਾਣੇ ਰਾਹੀਂ ਪੰਜਾਬ ‘ਤੇ ਨਿਸ਼ਾਨਾ ਲਗਾਉਣਾ ਚਾਹੁੰਦੀ ਹੈ, ਜਿੱਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ઠਕੇਜਰੀਵਾਲ ਨੇ ਸਮਾਰੋਹ ਦੌਰਾਨ ਸਾਫ ਕਿਹਾ ਕਿ ਪਾਰਟੀ ਇਸ ਗਾਣੇ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਖੂਬ ਵਧਾ ਚੜ੍ਹਾ ਕੇ ਵਰਤੇਗੀ। ਪੰਜਾਬ ਵਿਚ ਨਸ਼ੇ ਦੀ ਵਧ ਰਹੀ ਤਾਦਾਤ ਇੱਕ ਵੱਡੀ ਸਮੱਸਿਆ ਬਣ ਗਈ ਹੈ। ਪੰਜਾਬ ਦੀ ਅਕਾਲੀ ਸਰਕਾਰ ‘ਤੇ ਨਸ਼ੇ ਨੂੰ ਸ਼ਹਿ ਦੇਣ ਦੇ ਸਿੱਧੇ ਇਲਜ਼ਾਮ ਲੱਗਦੇ ਆ ਰਹੇ ਹਨ। ਨਸ਼ੇ ਖ਼ਿਲਾਫ ਅਜਿਹੇ ਤਿੰਨ ਗਾਣੇ ਤਿਆਰ ਹੋਏ ਹਨ ਜਿਨ੍ਹਾਂ ਵਿਚ ‘ਬਾਦਲ’ ਤੇ ‘ਸਰਕਾਰ’ ਸ਼ਬਦ ਦਾ ਜ਼ਿਕਰ ਹੈ। ਗਾਣਿਆਂ ਵਿਚ ਇਹ ਸ਼ਬਦ ਕਿਸੇ ਆਮ ਗਾਇਕ ਨੇ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਕੁਮਾਰ ਵਿਸਵਾਸ਼ ਨੇ ਕਹੇ ਹਨ। ਇਹ ਸਾਰੇ ਗੀਤ ਪੰਜਾਬੀ ‘ਚ ਹਨ। ਕੁਮਾਰ ਵਿਸਵਾਸ਼ ਨੇ ਕਿਹਾ ਹੈ ਕਿ ਨਸ਼ੇ ਦੇ ਸ਼ਿਕੰਜੇ ਵਿਚ ਫਸੇ ਰਾਜਾਂ ‘ਚ ਸਭ ਤੋਂ ਉੱਪਰ ਪੰਜਾਬ ਹੈ ਤੇ ਇੱਥੇ ਵੱਡੇ ਪੱਧਰ ‘ਤੇ ਨੌਜਵਾਨ ਨਸ਼ੇ ਤੋਂ ਪੀੜਤ ਹਨ। ਪੰਜਾਬ ਦੇ ਪਿੰਡਾਂ ਦੇ ਨੌਜਵਾਨ ਨਸ਼ੇ ਵਿਚ ਸਭ ਤੋਂ ਵੱਧ ਗ੍ਰਸਤ ਹਨ ਤੇ ਇਸੇ ਕਰਕੇ ਗੀਤ ਪੰਜਾਬੀ ਵਿਚ ਲਿਖਿਆ ਗਿਆ ਹੈ।
ਬਰਤਾਨੀਆ ਦੀ ਮਹਾਰਾਣੀ ਤੇ ਨਵਾਜ਼ ਸ਼ਰੀਫ ਤੋਂ ਵੀ ਅਮੀਰ ਹੈ ਸੋਨੀਆ ਗਾਂਧੀ
ਨਵੀਂ ਦਿੱਲੀ : ਸੈਲੀਬ੍ਰਿਟੀ ਨੈਟਵਰਥ ਡਾਟ ਕਾਮ ਵੱਲੋਂ ਦੁਨੀਆ ਦੇ 50 ਸਭ ਤੋਂ ਵੱਧ ਅਮੀਰ ਰਾਜਨੇਤਾਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਜਿਸ ਅਨੁਸਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਕੁੱਲ ਜਾਇਦਾਦ 200 ਕਰੋੜ ਡਾਲਰ (1.34 ਖ਼ਰਬ ਰੁਪਏ) ਹੋਣ ਦਾ ਦਾਅਵਾ ਕੀਤਾ ਗਿਆ ਹੈ ਤੇ ਇਸ ਸੂਚੀ ਵਿਚ ਉਹ 26ਵੇਂ ਸਥਾਨ ‘ਤੇ ਹਨ। ਜਦਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਸ ਸੂਚੀ ਵਿਚ 140 ਕਰੋੜ ਡਾਲਰ ਦੀ ਜਾਇਦਾਦ ਨਾਲ 27ਵੇਂ ਸਥਾਨ ‘ਤੇ, ਬਰਤਾਨੀਆ ਦੀ ਮਹਾਰਾਣੀ ਐਲੀਜ਼ਾਬੈੱਥ 55 ਕਰੋੜ ਡਾਲਰ ਦੀ ਜਾਇਦਾਦ ਨਾਲ 46ਵੇਂ ਸਥਾਨ ‘ਤੇ, ਮਾਸਕੋ ਦੇ ਕਿੰਗ ਹਸਨ 100 ਕਰੋੜ ਡਾਲਰ ਦੀ ਜਾਇਦਾਦ ਨਾਲ 30ਵੇਂ ਸਥਾਨ ‘ਤੇ ਓਮਾਨ ਦੇ ਸੁਲਤਾਨ 90 ਕਰੋੜ ਡਾਲਰ ਦੀ ਜਾਇਦਾਦ ਨਾਲ 35ਵੇਂ ਸਥਾਨ ‘ਤੇ, ਜਾਰਡਨ ਦੇ ਕਿੰਗ ਅਬਦੁੱਲਾ 75 ਕਰੋੜ ਡਾਲਰ ਦੀ ਜਾਇਦਾਦ ਨਾਲ 41ਵੇਂ ਸਥਾਨ ‘ਤੇ ਹਨ।
ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਦੀ ਧਮਕੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਭਰਿਆ ਇਹ ਖਤ ਪੁੱਡੂਚੇਰੀ ਕਾਂਗਰਸ ਨੂੰ ਮਿਲਿਆ ਹੈ। ਇਸ ਧਮਕੀ ਤੋਂ ਬਾਅਦ ਕਾਂਗਰਸ ਨੇ ਗ੍ਰਹਿ ਮੰਤਰੀ ਕੋਲੋਂ ਰਾਹੁਲ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਰਾਹੁਲ ਦੀ ਸੁਰੱਖਿਆ ਦਾ ਜਿੰਮਾ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਕੋਲ ਹੈ। ਜਾਣਕਾਰੀ ਮੁਤਾਬਕ ਇਸ ਧਮਕੀ ਭਰੇ ਖਤ ਵਿਚ ਰਾਹੁਲ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਲੈਟਰ ਤਾਮਿਲ ਵਿਚ ਲਿਖਿਆ ਹੋਇਆ ਹੈ ਜੋ 4 ਮਈ ਨੂੰ ਪਾਰਟੀ ਦਫਤਰ ਪਹੁੰਚਿਆ ਸੀ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਰਾਹੁਲ ਨੂੰ ਰੈਲੀ ਦੌਰਾਨ ਉਡਾ ਦਿੱਤਾ ਜਾਵੇਗਾ। ਦਰਅਸਲ ਰਾਹੁਲ ਮੰਗਲਵਾਰ ਨੂੰ ਕਰਾਈਕਾਲ ਦਾ ਦੌਰਾ ਕਰਨ ਜਾ ਰਹੇ ਹਨ। ਉਹ ਇੱਥੇ ਇੱਕ ਪਬਲਿਕ ਮੀਟਿੰਗ ਕਰਨਗੇ। ਇਸ ਧਮਕੀ ਤੋਂ ਬਾਅਦ ਕਾਂਗਰਸ ਨੇ ਰਾਹੁਲ ਲਈ ਹੋਰ ਸੁਰੱਖਿਆ ਦੀ ਮੰਗ ਕੀਤੀ ਹੈ। ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਇਸ ਲਈ ਵੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਗਾਂਧੀ ਪਰਿਵਾਰ ਦੇ ਦੋ ਪ੍ਰਧਾਨ ਮੰਤਰੀ ਕਤਲ ਕੀਤੇ ਜਾ ਚੁੱਕੇ ਹਨ। ਰਾਹੁਲ ਦੇ ਪਿਤਾ ਤੇ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੇ ਦਾਦੀ ਇੰਦਰਾ ਗਾਂਧੀ ਦੀ ਵੀ ਭਾਰੀ ਸੁਰੱਖਿਆ ਦੇ ਬਾਵਜੂਦ ਹੱਤਿਆ ਕਰ ਦਿੱਤੀ ਗਈ ਸੀ।
308 ਜ਼ਿਲ੍ਹੇ ਪਾਣੀ ਨੂੰ ਤਰਸੇ
50 ਤੇ 46 ਜ਼ਿਲ੍ਹਿਆਂ ਨਾਲ ਯੂਪੀ ਤੇ ਮੱਧ ਪ੍ਰਦੇਸ਼ ਨੂੰ ਪਈ ਵੱਧ ਮਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਮੁਲਕ ਦੇ 13 ਰਾਜ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ, ਗੁਜਰਾਤ, ਹਰਿਆਣਾ, ਬਿਹਾਰ, ਰਾਜਸਥਾਨ ਆਦਿ ਸ਼ਾਮਲ ਹਨ, ਵਿਚਲੇ 308 ਜ਼ਿਲ੍ਹੇ ਇਸ ਵੇਲੇ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਇਹ ਜਾਣਕਾਰੀ ਪੀਣ ਵਾਲੇ ਪਾਣੀ ਤੇ ਸੈਨੀਟੇਸ਼ਨ ਬਾਰੇ ਮੰਤਰੀ ਰਾਮ ਕ੍ਰਿਪਾਲ ਯਾਦਵ ਨੇ ਰਾਜ ਸਭਾ ਵਿੱਚ ਜਲ ਸੰਕਟ ਅਤੇ ਸਰਕਾਰ ਵੱਲੋਂ ਇਸ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਦਿੱਤੀ। ਯਾਦਵ ਨੇ ਕਿਹਾ ਕਿ ਜਲ ਸੰਕਟ ਦੀ ਸਭ ਤੋਂ ਵੱਧ ਮਾਰ ਯੂਪੀ ਤੇ ਮੱਧ ਪ੍ਰਦੇਸ਼ ਨੂੰ ਪਈ ਹੈ। ਦੋਵਾਂ ਰਾਜਾਂ ਦੇ ਕ੍ਰਮਵਾਰ 50 ਤੇ 46 ਜ਼ਿਲ੍ਹੇ ਪੀਣ ਵਾਲੇ ਪਾਣੀ ਨੂੰ ਤਰਸ ਗਏ ਹਨ। ਮਹਾਰਾਸ਼ਟਰ ਤੇ ਕਰਨਾਟਕ ਵਿੱਚ ਇਹ ਅੰਕੜਾ ਕ੍ਰਮਵਾਰ 33 ਤੇ 27 ਜ਼ਿਲ੍ਹੇ ਹੈ। ਯਾਦਵ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਭਾਵਿਤ ਸੂਬਾ ਸਰਕਾਰਾਂ ਦੀ ਤਕਨੀਕੀ ਤੇ ਵਿੱਤੀ ਦੋਵਾਂ ਪੱਖਾਂ ਤੋਂ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੌਮੀ ਪੇਂਡੂ ਪੀਣਯੋਗ ਪਾਣੀ ਪ੍ਰੋਗਰਾਮ ਸਕੀਮ ਤਹਿਤ ਦਿੱਤੀ ਜਾਣ ਵਾਲੀ ਰਾਸ਼ੀ ਵਿਚੋਂ 10 ਫੀਸਦ ਰਕਮ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਹੀ ਰੱਖੀ ਗਈ ਹੈ। ਉਨ੍ਹਾਂ ਮੈਂਬਰਾਂ ਨੂੰ ਦੱਸਿਆ ਕਿ ਇਸ 10 ਫੀਸਦੀ ਰਕਮ ਵਿੱਚੋਂ ਰਾਜ ਸਰਕਾਰਾਂ ਪਿਛਲੇ ਵਿੱਤੀ ਸਾਲ ਵਿੱਚ 824 ਟੋਇਆਂ, 682 ਚੈੱਕ ਡੈਮਾਂ ਤੇ 107 ਪਿੰਡਾਂ ਵਿੱਚ ਤਲਾਬਾਂ ਤੇ ਮੀਂਹ ਦਾ ਪਾਣੀ ਇਕੱਠਾ ਕਰਨ ਲਈ 628 ਰੂਫ ਟੌਪ ਦੀ ਉਸਾਰੀ ‘ਤੇ ਲਾ ਚੁੱਕੀਆਂ ਹਨ।
Check Also
ਮਹਾਰਾਸ਼ਟਰ ’ਚ ਭਾਜਪਾ-ਸ਼ਿਵਸੈਨਾ ਵਿਚਾਲੇ ਗ੍ਰਹਿ ਮੰਤਰਾਲੇ ਨੂੰ ਲੈ ਕੇ ਫਸਿਆ ਪੇਚ
ਭਾਜਪਾ ਨੇ ਮੁੱਖ ਮੰਤਰੀ ਵਜੋਂ ਦੇਵੇਂਦਰ ਫੜਨਵੀਸ ਦਾ ਨਾਮ ਕੀਤਾ ਤੈਅ ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ …