ਭਾਜਪਾ ਤੇ ‘ਆਪ’ ਆਗੂਆਂ ਵਲੋਂ ਇਕ ਦੂਜੇ ‘ਤੇ ਵਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦਿਅਕ ਯੋਗਤਾ ਦਰਸਾਉਂਦੀਆਂ ਡਿਗਰੀਆਂ ਨੂੰ ਲੈ ਕੇ ਸਿਆਸਤ ਮੁੜ ਗਰਮਾ ਗਈ ਹੈ। ਭਾਜਪਾ ਨੇ ਪ੍ਰੈਸ ਕਾਨਫਰੰਸ ਕਰਕੇ ਮੋਦੀ ਦੀਆਂ ਬੀਏ ਤੇ ਐਮਏ ਦੀਆਂ ਡਿਗਰੀਆਂ ਵਿਖਾ ਕੇ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਾਫ਼ੀ ਮੰਗਣ ਲਈ ਕਿਹਾ, ਉਥੇ ‘ਆਪ’ ਨੇ ਭਾਜਪਾ ‘ਤੇ ਮੁੜ ਹਮਲਾ ਕਰਦਿਆਂ ਪੇਸ਼ ਕੀਤੇ ਦਸਤਾਵੇਜ਼ਾਂ ਨੂੰ ਵੀ ‘ਜਾਅਲੀ’ ਤੇ ‘ਤਰੁਟੀਆਂ ਨਾਲ ઠ ਭਰਿਆ’ ਦੱਸਿਆ। ਉਧਰ ਭਾਜਪਾ ਦੇ ਕੌਮੀ ਸਕੱਤਰ ਸ੍ਰੀਕਾਂਤ ਸ਼ਰਮਾ ਨੇ ਮੋਦੀ ਦੇ ਸਰਟੀਫਿਕੇਟ ਤੇ ਮਾਰਕਸ਼ੀਟ ਵਿਚਲੀਆਂ ਊਣਤਾਈਆਂ ਨੂੰ ‘ਕਲੈਰੀਕਲ ਗ਼ਲਤੀ’ ਦੱਸਿਆ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਥੇ ਪ੍ਰੈਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੀਏ ਤੇ ਐਮਏ ਦੀ ਡਿਗਰੀ ਵਿਖਾਈ। ਉਨ੍ਹਾਂ ਕਿਹਾ ਕਿ ਡਿਗਰੀਆਂ ਇਸ ਗੱਲ ਦਾ ਸਬੂਤ ਹਨ ਕਿ ‘ਆਪ’ ਆਗੂ ਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਝੂਠ’ ਨੂੰ ਸੱਚ ਸਾਬਤ ਕਰਨ ਦੇ ਯਤਨ ਵਿੱਚ ਦੇਸ਼ ਦੇ ਲੋਕਾਂ ਨੂੰ ਕੁਰਾਹੇ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਵਿਦਿਅਕ ਯੋਗਤਾ ਸਾਬਤ ਕਰਨ ਲਈ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਇਸ ਗ਼ਲਤੀ ਲਈ ਪੂਰੇ ਦੇਸ਼ ਤੋਂ ਮਾਫੀ ਮੰਗਣੀ ਚਾਹੀਦੀ ਹੈ। ਉਧਰ ‘ਆਪ’ ਆਗੂ ਆਸ਼ੂਤੋਸ਼ ਨੇ ਇਕ ਵੱਖਰੀ ਕਾਨਫਰੰਸ ਕਰਕੇ ਭਾਜਪਾ ਆਗੂਆਂ ਵੱਲੋਂ ਜਾਰੀ ਕੀਤੇ ਦਸਤਾਵੇਜ਼ਾਂ (ਡਿਗਰੀਆਂ) ਨੂੰ ਜਾਅਲੀ ਦੱਸਿਆ। ਆਸ਼ੂਤੋਸ਼ ਨੇ ਕਿਹਾ ਕਿ ਇਨ੍ਹਾਂ ਡਿਗਰੀਆਂ ਵਿੱਚ ਮੋਦੀ ਦੇ ਨਾਂ ਅਤੇ ਪਾਸ ਕਰਨ ਦੇ ਸਾਲ ਨੂੰ ਲੈ ਕੇ ਕਈ ਊਣਤਾਈਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਦੀ ਬੀਏ ਦੀ ਡਿਗਰੀ ‘ਤੇ ਸਾਲ 1978 ਜਦਕਿ ਐਮਏ ਦੀ ਡਿਗਰੀ ‘ਤੇ ਜਾਰੀ ਕਰਨ ਦੀ ਤਰੀਕ ਸਾਲ 1979 ਦੀ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ‘ਨਕਲ ਲਈ ਵੀ ਅਕਲ ਦੀ ਲੋੜ ਹੁੰਦੀ ਹੈ।’
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …