ਸੰਗਤਰੇ ਰੰਗ ਦੀਆਂ ਟੀ-ਸ਼ਰਟਾਂ ਨਾਲ ਇਹ ਦੂਰੋਂ ਹੀ ਪਛਾਣੇ ਜਾ ਰਹੇ ਸਨ
ਟੋਰਾਂਟੋ/ਡਾ. ਝੰਡ : ਲੰਘੇ ਐਤਵਾਰ 28 ਸਤੰਬਰ ਨੂੰ ਟੋਰਾਂਟੋ ਨੇੜੇ ਲੇਕਸ਼ੋਰ ਦੇ ਕਿਨਾਰੇ ਬੋਰਡ-ਵਾਕ ਉੱਪਰ ਆਰੰਭ ਹੋਈ ‘ਬਿੰਗੋ ਗਲੋਬਲ ਰੇਸ’ ਵਿੱਚ ਟੀ.ਪੀ.ਏ.ਆਰ. ਕਲੱਬ ਬਰੈਂਪਟਨ ਦੇ 32 ਮੈਂਬਰਾਂ ਵੱਲੋਂ ਬੜੇ ਉਤਸ਼ਾਹ ਅਤੇ ਸ਼ੌਕ ਨਾਲ ਹਿੱਸਾ ਲਿਆ ਗਿਆ। ਇਸ ਰੇਸ ਵਿੱਚ 10 ਕਿਲੋਮੀਟਰ, 5 ਕਿਲੋਮੀਟਰ ਮੁਕਾਬਲੇ ਦੀਆਂ ਦੌੜਾਂ ਤੇ ਬੱਚਿਆਂ ਲਈ ਸ਼ੌਕੀਆ 3 ਕਿਲੋਮੀਟਰ ਦੌੜ ਦੇ ਈਵੈਂਟ ਸ਼ਾਮਲ ਸਨ ਅਤੇ ਇਹ ਵੱਖ-ਵੱਖ ਸਮੇਂ ‘ਤੇ ਆਰੰਭ ਹੋਏ।
ਦੌੜ ਦੇ ਇਸ ਈਵੈਂਟ ਵਿੱਸ ਸ਼ਾਮਲ ਹੋਣ ਲਈ ਕਲੱਬ ਦੇ ਮੈਂਬਰ ਸਵੇਰੇ 6.00 ਵਜੇ ਇੱਕ ਸਕੂਲ ਬੱਸ ਵਿੱਚ ਸਵਾਰ ਹੋ ਕੇ ਸੱਤ ਵਜੇ ਦੌੜ ਆਰੰਭ ਹੋਣ ਵਾਲੀ ਜਗ੍ਹਾ 1561 ਲੇਕ ਸ਼ੋਰ ਬੁਲੇਵਾਰਡ ‘ਤੇ ਪਹੁੰਚ ਗਏ। ਕਲੱਬ ਦੇ ਕਈ ਮੈਂਬਰ ਆਪਣੀਆਂ ਕਾਰਾਂ ਰਾਹੀਂ ਵੀ ਇੱਥੇ ਪਹੁੰਚੇ। ਇਨ੍ਹਾਂ ਵਿੱਚੋਂ ਬਹੁਤੇ ਮੈਂਬਰਾਂ ਨੇ ਸਵੇਰੇ ਅੱਠ ਵਜੇ ਸ਼ੁਰੂ ਹੋਣ ਵਾਲੀ 10 ਕਿਲੋਮੀਟਰ ਦੌੜ ਵਿੱਚ ਭਾਗ ਲੈਣਾ ਸੀ ਅਤੇ ਇਸ ਤੋਂ ਪਹਿਲਾਂ ਉੱਥੇ ਜਾ ਕੇ ‘ਵਾਰਮ-ਅੱਪ’ ਵੀ ਹੋਣਾ ਸੀ ਜਿਸ ਦੇ ਲਈ 7.30 ਵਜੇ ਸਟੇਜ ਉੱਪਰ ਤਿੰਨ ਦੌੜਾਕਾਂ ਵੱਲੋਂ ਮਿਊਜ਼ਿਕ ਦੀ ਤਾਲ ‘ਤੇ ਕੁਝ ਹਲਕੀਆਂ ਵਰਜਿਸ਼ਾਂ ਕਰਵਾਈਆਂ ਗਈਆਂ। ਅੱਠ ਵਜੇ ਤੋਂ ਪਹਿਲਾਂ 10 ਕਿਲੋਮੀਟਰ ਦੌੜਨ ਵਾਲੇ ਸਾਰੇ ਦੌੜਾਕ ‘ਸਟਾਰਟਿੰਗ-ਲਾਈਨ’ ਦੇ ਪਿੱਛੇ ਖੜੇ ਹੋ ਗਏ ਅਤੇ ਪ੍ਰਬੰਧਕਾਂ ਵੱਲੋਂ ਪੂਰੇ ਅੱਠ ਵਜੇ ਵਿਸਲ ਦੇ ਕੇ ਇਹ ਦੌੜ ਆਰੰਭ ਕੀਤੀ ਗਈ।
5 ਕਿਲੋਮੀਟਰ ਦੌੜਨ ਵਾਲੇ ਮੈਂਬਰ ‘ਵਾਰਮ-ਅੱਪ’ ਹੋਣ ਲਈ 9.15 ਵਜੇ ਸਟੇਜ ਦੇ ਸਾਹਮਣੇ ਇਕੱਠੇ ਹੋਏ ਅਤੇ ਉਨ੍ਹਾਂ ਨੂੰ ਵੀ ਉੱਥੇ ਓਸੇ ਤਰ੍ਹਾਂ ਮਿਊਜ਼ਿਕ ਦੀ ਤਾਲ ‘ਤੇ ਹਲਕੀਆਂ ਵਰਜ਼ਿਸਾਂ ਕਰਵਾਈਆਂ ਗਈਆਂ। ਇਸ ਦੌੜ ਦੇ ਸ਼ੁਰੂ ਹੋਣ ਦਾ ਸਮਾਂ 9.45 ਸੀ ਅਤੇ ਇਸ ਤੋਂ ਪਹਿਲਾਂ ਸਾਰੇ ਦੌੜਾਕ ‘ਸਟਾਰਟਿੰਗ-ਲਾਈਨ’ ‘ਤੇ ਹਾਜ਼ਰ ਹੋ ਗਏ। ਪ੍ਰਬੰਧਕਾਂ ਦੀ ਲੰਮੀ ਵਿਸਲ ਨਾਲ ਇਹ ਦੌੜ 9.50 ‘ਤੇ ਸ਼ੁਰੂ ਹੋ ਗਈ। ਇਸ ਦੌੜ ਵਿੱਚ ਸ਼ਾਮਲ ਹੋਣ ਵਾਲ਼ਿਆਂ ਦੀ ਗਿਣਤੀ ਸੱਭ ਤੋਂ ਵਧੇਰੇ ਸੀ। ਨੌਜੁਆਨਾਂ ਤੋਂ ਇਲਾਵਾ ਇਸ ਵਿੱਚ ਬਹੁਤ ਸਾਰੇ ਸੀਨੀਅਰਜ਼ ਅਤੇ 10-12 ਸਾਲ ਦੇ ਬੱਚੇ ਵੀ ਕਾਫ਼ੀ ਗਿਣਤੀ ਵਿੱਚ ਸਨ। ਸੀਨੀਅਰਜ਼ ਤਾਂ ਹੌਲੀ-ਹੌਲੀ ਆਪਣੀ ਚਾਲੇ ਦੌੜ ਰਹੇ ਸਨ ਜਾਂ ਥੋੜ੍ਹਾ ਜਿਹਾ ਤੇਜ਼ ਪੈਦਲ ਚੱਲ ਰਹੇ ਸਨ ਪਰ ਬੱਚੇ ਆਪਣੀ ‘ਦੁੜਕੀ’ ਚਾਲੇ ਜਾ ਰਹੇ ਸਨ। ਛੋਟੇ ਬੱਚਿਆਂ ਲਈ 3 ਕਿਲੋਮੀਟਰ ਦੌੜ 10.30 ਵਜੇ ਸ਼ੁਰੂ ਕੀਤੀ ਗਈ। ਇਸ ਵਿੱਚ ਬੱਚੇ ਅਤੇ ਉਨ੍ਹਾਂ ਦੇ ਮਾਪੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਲੇਕ ਸ਼ੋਰ ਦੇ ਕੰਢੇ-ਕੰਢੇ ‘ਬੋਰਡ-ਵਾੱਕ’ ਉੱਪਰ ਦੌੜਦਿਆਂ ਤੇ ਪੈਦਲ ਚੱਲਦਿਆਂ ਸਾਰੇ ਦੌੜਾਕ ਤੇ ਵਾੱਕਰ ਬੜਾ ਵਧੀਆ ਮਹਿਸੂਸ ਕਰ ਰਹੇ ਸਨ। ਸਮੁੰਦਰ-ਰੂਪੀ ਲੇਕ ਓਨਟਾਰੀਓ ਦਾ ਦੂਰ ਤੱਕ ਫ਼ੈਲਿਆ ਪਾਣੀ ਮਨਮੋਹਕ ਦ੍ਰਿਸ਼ ਪੇਸ਼ ਕਰ ਰਿਹਾ ਸੀ। ‘ਬੋਰਡ-ਵਾਕ’ ਉੱਪਰ 2.5 ਕਿਲੋਮੀਟਰ ਦੀ ਦੂਰੀ ਤੇ ‘ਵਾਪਸੀ ਕਰਨ’ (ਯੂ-ਟਰਨ) ਦੇ ਨਿਸ਼ਾਨ ਦਾ ਬੋਰਡ ਲੱਗਾ ਹੋਇਆ। ਦੌੜਾਕਾਂ ਨੇ ਇਸ ਤੋਂ ਖੱਬੇ ਪਾਸੇ ਮੁੜ ਕੇ ਬੋਰਡ-ਵਾੱਕ ਦੇ ਸਮਾਨਅੰਤਰ ਬਣੀ ਸੜਕ ‘ਤੇ ਵਾਪਸ ਜਾਣਾ ਸੀ। ਵੱਡੇ-ਵੱਡੇ ਰੁੱਖਾਂ ਦੀ ਸੰਘਣੀ ਛਾਂ ਵਿੱਚੋਂ ਲੰਘਦੀ ਇਸ ਸੜਕ ਦੇ ਦੋਹੀਂ ਪਾਸੀਂ ਕਈ ਥਾਵਾਂ ‘ਤੇ ਲਾਲ ਤੇ ਪੀਲ਼ੇ ਰੰਗ ਦੀਆਂ ਛੋਟੀਆਂ-ਛੋਟੀਆਂ ਝੰਡੀਆਂ ਗੱਡੀਆਂ ਹੋਈਆਂ ਸਨ ਜੋ ਦੌੜਾਕਾਂ ਤੇ ਵਾੱਕਰਾਂ ਨੂੰ ਵਾਪਸੀ ਦਾ ਰਾਹ ਬਾਖ਼ੂਬੀ ਵਿਖਾ ਰਹੀਆਂ ਸਨ। ‘ਫਿਨਿਸ਼ ਲਾਈਨ’ ਉੱਪਰ ਪਹੁੰਚ ਰਹੇ ਦੌੜਾਕਾਂ ਦਾ ਪ੍ਰਬੰਧਕਾਂ ਤੇ ਦਰਸ਼ਕਾਂ ਵੱਲੋਂ ਤਾੜੀਆਂ ਮਾਰ ਕੇ ਸੁਆਗ਼ਤ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ਦੇ ਗਲ਼ਾਂ ਵਿੱਚ ਮੈਡਲ ਪਾਏ ਜਾ ਰਹੇ ਸਨ।
ਇਸ ਮੌਕੇ ‘ਬਿੰਗੋ ਗਲੋਬਲ ਰੇਸ’ ਦੇ ਪ੍ਰਬੰਧਕਾਂ ਵੱਲੋਂ ਖਾਣ-ਪੀਣ ਦੇ ਸਮਾਨ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ। ਦੌੜਾਂ ਆਰੰਭ ਹੋਣ ਤੋਂ ਪਹਿਲਾਂ ਹਲਕੇ ਬਰੇਕ-ਫ਼ਾਸਟ ਲਈ ਕਈ ਸਟਾਲਾਂ ਉੱਪਰ ਵੱਖ-ਵੱਖ ਖਾਧ-ਪਦਾਰਥ, ਜੂਸ ਅਤੇ ਕੋਲਡ-ਡਰਿੰਕਸ ਸਜਾਏ ਹੋਏ ਸਨ ਅਤੇ ਹਰ ਕੋਈ ਇੱਥੋਂ ਲੋੜ ਅਨੁਸਾਰ ਇਹ ਫ਼ਰੀ ਲੈ ਸਕਦਾ ਸੀ।
ਦੌੜਾਂ ਦੀ ਵਾਪਸੀ ‘ਤੇ ਦੁਪਹਿਰ ਦੇ ਖਾਣੇ ਦੇ ਕਈ ਸਟਾਲ ਲੱਗੇ ਹੋਏ ਸਨ ਜਿੱਥੋਂ ਦੌੜਾਕ ਆਪਣੀ ਪਸੰਦ ਦਾ ਖਾਣਾ ਲੈ ਸਕਦੇ ਸਨ ਜਿਸ ਵਿੱਚ ਕਈ ਤਰ੍ਹਾਂ ਦੇ ਬਰਗਰ, ਪੀਜ਼ੇ, ਸਲਾਦ ਤੇ ਕੋਲਡ-ਡਰਿੰਕਸ ਆਦਿ ਸ਼ਾਮਲ ਸਨ। ਦੌੜਾਕਾਂ ਤੇ ਵਾੱਕਰਾਂ ਨੇ ਮਨਪਸੰਦ ਲੰਚ ਦੀ ਚੋਣ ਕੀਤੀ ਅਤੇ ਛਕ-ਛਕਾ ਕੇ ਘਰਾਂ ਨੂੰ ਵਾਪਸੀ ਕੀਤੀ। ਲੰਚ ਕਰਨ ਤੋਂ ਬਾਅਦ ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਵੀ ਦੋ ਕੁ ਵਜੇ ਆਪਣੀ ਸਕੂਲ ਬੱਸ ਵੱਲ ਰਵਾਨਾ ਹੋਏ ਅਤੇ ਲੱਗਭੱਗ ਤਿੰਨ ਵਜੇ ਬਰੈਂਪਟਨ ਵਾਪਸ ਪਹੁੰਚੇ।






