ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 11 ਅਗਸਤ ਨੂੰ ਡੌਨ ਮਿਨੇਕਰ ਕਲੱਬ ਵੱਲੋਂ ਕੈਨੇਡਾ ਦਾ 152ਵਾਂ ਜਨਮ-ਦਿਵਸ ਅਤੇ ਛੇਵਾਂ ਮਲਟੀਕਲਚਰਲ ਦਿਵਸ ਸਾਂਝੇ ਤੌਰ ‘ਤੇ ਮਨਾਏ ਗਏ। ਇਸ ਮੌਕੇ ਕਲੱਬ ਵੱਲੋਂ ਆਯੋਜਿਤ ਸਮਾਗ਼ਮ ਵਿਚ ਵੰਨ-ਸਵੰਨੇ ਕੱਪੜੇ ਪਾ ਕੇ ਹਰੇਕ ਉਮਰ ਦੇ ਬੱਚੇ, ਔਰਤਾਂ ਅਤੇ ਬਜ਼ੁਰਗ ਸ਼ਾਮਲ ਹੋਏ। ਇਸ ਮੌਕੇ ਦੂਸਰੀਆਂ ਸੀਨੀਅਰਜ਼ ਕਲੱਬਾਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ਵਿਚ ਪਹੁੰਚੇ। ਕਲੱਬ ਦਾ ਇਹ ਸਮਾਗ਼ਮ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮੱਰਪਿਤ ਕੀਤਾ ਗਿਆ।
ਸਮਾਗ਼ਮ ਦਾ ਆਰੰਭ ਬਾਅਦ ਦੁਪਹਿਰ 2.30 ਵਜੇ ਬੱਚਿਆਂ ਵੱਲੋਂ ਗਾਏ ਗਏ ਕੈਨੇਡਾ ਦੇ ਕੌਮੀ ਗੀਤ ‘ਓ ਕੈਨੇਡਾ’ ਨਾਲ ਕੀਤਾ ਗਿਆ। ਮੰਚ- ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਸੰਭਾਲਦਿਆਂ ਹੋਇਆਂ ਸੁਖਦੇਵ ਸਿੰਘ ਗਿੱਲ ਨੇ ‘ਕੈਨੇਡਾ ਡੇਅ’ ਬਾਰੇ ਭਰਪੂਰ ਰੌਸ਼ਨੀ ਪਾਈ। ਸਮਾਗ਼ਮ ਵਿਚ ਵੱਖ-ਵੱਖ ਸਰਕਾਰੀ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਓਨਟਾਰੀਓ ਸਰਕਾਰ ਦੇ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਐੱਮ.ਪੀ.ਪੀ. ਅਮਰਜੋਤ ਸਿੰਘ ਸੰਧੂ ਤੇ ਗੁਰਰਤਨ ਸਿੰਘ, ਰੀਜਨਲ ਕਾਊਂਸਲਰ ਪੈਟ ਫ਼ੋਰਟੀਨੀ, ਸਿਟੀ ਕਾਂਉਂਸਲਰ ਹਰਕੀਰਤ ਸਿੰਘ ਤੇ ਚਾਰਮਿਨ ਵਿਲੀਅਮ, ਸਕੂਲ ਟਰੱਸਟੀ ਬਲਬੀਰ ਸੋਹੀ, ਉੱਘੇ ਪੰਜਾਬੀ ਪੱਤਰਕਾਰ ਸੱਤਪਾਲ ਜੌਹਲ ਅਤੇ ਗਿੱਡਜ਼ ਦੇ ਸੀ.ਈ.ਓ. ਰਮਿੰਦਰ ਸਿੰਘ ਆਦਿ ਸ਼ਾਮਲ ਸਨ। ਡੌਨ ਮਿਨੇਕਰ ਕਲੱਬ ਵੱਲੋਂ ਇਨ੍ਹਾਂ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।
ਆਏ ਮਹਿਮਾਨਾਂ ਤੇ ਕਲੱਬ ਦੇ ਮੈਂਬਰਾਂ ਦੇ ਮਨੋਰੰਜਨ ਲਈ ਬਰੈਂਪਟਨ ਵਿਮੈੱਨ ਕਲੱਬ ਦੀ ਪ੍ਰਧਾਨ ਕੁਲਦੀਪ ਗਰੇਵਾਲ ਅਤੇ ਉਨ੍ਹਾਂ ਦੀਆਂ ਸਾਥਣਾਂ ਵੱਲੋਂ ‘ਗੁਆਂਢਣ’ ਨਾਟਕ ਖੇਡਿਆ ਗਿਆ। ਰੁਪਿੰਦਰ ਰਿੰਪੀ ਨੇ ਪੰਜਾਬੀ ਗੀਤ ਗਾਏ। ਰਾਮ ਪ੍ਰਕਾਸ਼, ਗੁਰਬਖ਼ਸ਼ ਤੂਰ, ਗੁਰਦੇਵ ਸਿੰਘ ਰੱਖੜਾ ਅਤੇ ਬੱਗੂ ਬਾਈ ਵੱਲੋਂ ਕਵਿਤਾਵਾਂ ਸੁਣਾਈਆਂ ਗਈਆਂ, ਜਦ ਕਿ ਸੁਖਦੇਵ ਗਿੱਲ ਨੇਂ ਦਿਲਚਸਪ ਚੁਟਕਲੇ ਸੁਣਾ ਕੇ ਹਾਜ਼ਰੀਨ ਦਾ ਮਨ ਮੋਹਿਆ। ‘ਨੱਚਦੀ ਜਵਾਨੀ’ ਭੰਗੜਾ ਗਰੁੱਪ ਦੇ ਬੱਚਿਆਂ ਨੇ ਖ਼ੂਬ ਭੰਗੜਾ ਪਾਇਆ ਅਤੇ ਕਈ ਛੋਟੀਆਂ-ਛੋਟੀਆਂ ਬੱਚੀਆਂ ਨੇ ਗੀਤਾਂ ‘ਤੇ ਡਾਂਸ ਕੀਤਾ। ਇਸ ਦੌਰਾਨ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੀਆਂ ਖੇਡਾਂ ਵੀ ਕਰਵਾਈਆਂ ਗਈਆਂ ਅਤੇ ਜੇਤੂਆਂ ਨੂੰ ਇਨਾਮ ਵਜੋਂ ਟਰਾਫ਼ੀਆਂ ਦਿੱਤੀਆਂ ਗਈਆਂ। ਖਾਣ-ਪੀਣ ਦਾ ਖੁੱਲ੍ਹਾ-ਡੁੱਲ੍ਹਾ ਲੰਗਰ ਸਮਾਗ਼ਮ ਦੇ ਅਖ਼ੀਰ ਤੱਕ ਚੱਲਦਾ ਰਿਹਾ। ਸਮੁੱਚੇ ਸਮਾਗ਼ਮ ਦੇ ਸੁਚੱਜੇ ਪ੍ਰਬੰਧ ਲਈ ਅਮਰੀਕ ਸਿੰਘ ਕੁਮਰੀਆ, ਰਾਮ ਪ੍ਰਕਾਸ਼ ਪਾਲ, ਜਗਦੇਵ ਸਿੰਘ ਗਰੇਵਾਲ, ਗੁਰਬਖ਼ਸ਼ ਤੂਰ, ਗਿਆਨ ਸਿੰਘ ਸੰਘਾ, ਗੁਰਬਖ਼ਸ਼ ਭੁੱਲਰ, ਹਰਨੇਕ ਕੰਗ, ਗੁਰਦਾਵਰ ਸਿੰਘ, ਹਰਦਿਆਲ ਸਿੰਘ ਪਾਬਲਾ, ਮਾਸਟਰ ਹਰਨਾਮ ਸਿੰਘ, ਮਾਸਟਰ ਸਵਰਨ ਰਾਮ, ਵਿਨੋਦ ਪਾਲ ਆਦਿ ਵਧਾਈ ਦੇ ਹੱਕਦਾਰ ਹਨ। ਅਖ਼ੀਰ ‘ਚ ਅਮਰੀਕ ਸਿੰਘ ਕੁਮਰੀਆ ਵੱਲੋਂ ਆਏ ਮਹਿਮਾਨਾਂ ਤੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …