ਬਰੈਂਪਟਨ (ਕਾਹਲੋਂ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੱਤਰਕਾਰੀ, ਭਾਸ਼ਾਵਾਂ ਅਤੇ ਸੱਭਿਆਚਾਰ ਵਿਭਾਗ ਦੇ ਸਾਬਕਾ ਮੁਖੀ ਅਤੇ ਪੰਜਾਬ ਦੀ ਜਾਣੀ ਪਹਿਚਾਣੀ ਸ਼ਖ਼ਸੀਅਤ, ਡਾ. ਸ.ਸ. ਦੋਸਾਂਝ ਦੇ ਅਕਾਲ ਚਲਾਣੇ ‘ਤੇ ਮਰੋਕ ਲਾਅ ਆਫਿਸ, ਬਰੈਂਪਟਨ ਵਿਚ ਇਕ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿਚ ਦੋਸਾਂਝ ਹੁਰਾਂ ਨਾਲ ਵਾਬਸਤਾ ਰਹੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ। ਦੋਸਾਂਝ ਹੁਰਾਂ ਦੇ ਵਿਦਿਆਰਥੀ ਅਤੇ ਸਹਿਕਰਮੀ ਰਹੇ ਜੀ.ਟੀ.ਏ. ਦੇ ਜਾਣੇ ਪਛਾਣੇ ਮੀਡੀਆਕਾਰ ਤੇ ਰੇਡੀਓ ‘ਸਰਗਮ’ ਦੇ ਸੰਚਾਲਕ ਡਾ. ਬਲਵਿੰਦਰ ਹੁਰਾਂ ਦੱਸਿਆ ਕਿ ਦੋਸਾਂਝ ਹੁਰੀਂ ਜਿਥੇ ਉਘੇ ਵਿਦਵਾਨ ਸਨ, ਉਥੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਬਾਰੇ ਵੀ ਬੜੇ ਚਿੰਤਿਤ ਰਹਿੰਦੇ ਸਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਭਾਸ਼ਾਵਾਂ ਅਤੇ ਸੰਚਾਰ ਵਿਭਾਗ ਉਨ੍ਹਾਂ ਦੇ ਵਿਸ਼ੇਸ਼ ਯਤਨਾਂ ਸਦਕਾ ਹੀ ਸਥਾਪਿਤ ਹੋਇਆ ਸੀ।
‘ਪੰਜਾਬੀ ਟ੍ਰੀਬਿਊਨ, ਚੰਡੀਗੜ੍ਹ’ ਦੇ ਸਾਬਕਾ ਸੰਪਾਦਕ ਅਤੇ ਪੰਜਾਬੀ ਲੇਖਕ ਸਿੱਧੂ ਦਮਦਮੀ ਨੇ ਦੱਸਿਆ ਕਿ ਚੰਡੀਗੜ੍ਹ ਸੰਪਾਦਨਾ ਦੇ ਦੌਰ ਵਿਚ ਦੋਸਾਂਝ ਹੁਰੀਂ ਜਦ ਦਫਤਰ ਵਿਚ ਆਏ ਤੇ ਰਿਵਿਊ ਲਈ ਆਉਂਦੀਆਂ ਪੁਸਤਕਾਂ ਦਾ ਢੇਰ ਵੇਖ ਕੇ ਸੁਝਾਓ ਦਿੱਤਾ ਕਿ ਇਨ੍ਹਾਂ ਦੇ ਸਾਂਭਣ ਜੋਗੀ ਦਫਤਰ ਵਿਚ ਥਾਂ ਨਹੀਂ ਹੈ, ਇਸ ਲਈ ਪੁਸਤਕਾਂ ਦਾ ਲੰਗਰ ਹੀ ਲਾ ਦਿੰਦੇ ਹਾਂ। ਪੁਸਤਕਾਂ ਦਾ ਲੰਗਰ ਦੋਸਾਂਝ ਹੁਰਾਂ ਦਾ ਹੀ ਸੰਕਲਪ ਸੀ। ‘ਰੋਜ਼ਾਨਾ ਦੇਸ਼ ਸੇਵਕ’ ਦੇ ਸਾਬਕਾ ਸੰਪਾਦਕ ਅਤੇ ਪੰਜਾਬੀ ਲੇਖਕ ਜਸਵੀਰ ਸ਼ਮੀਲ ਹੁਰਾਂ ਕਿਹਾ ਕਿ ਡਾ. ਦੋਸਾਂਝ ਹੁਰਾਂ ਆਪਣੇ ਜੀਵਨ ਕਾਲ ਵਿਚ ਇਕ ਬਹੁਪੱਖੀ ਸ਼ਖ਼ਸੀਅਤ ਵਾਲੀ ਭੂਮਿਕਾ ਨਿਭਾਈ। ‘ਪੰਜਾਬੀ ਟ੍ਰੀਬਿਊਨ’ ਦੇ ਲੁਧਿਆਣੇ ਤੋਂ ਲੰਮਾ ਸਮਾਂ ਪੱਤਰਕਾਰ ਰਹੇ ਸਤਿਬੀਰ ਸਿੰਘ (ਅੱਜ ਕੱਲ੍ਹ ਓਹ ਕਨੇਡਾ ਤੋਂ ਕੰਮ ਕਰੇ ਰਹੇ ਹਨ) ਨੇ ਕਿਹਾ ਕਿ ਡਾ. ਦੋਸਾਂਝ ਹੁਰਾਂ ਨੇ ਸੰਤ ਸਿੰਘ ਸੇਖੋਂ ਨਾਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਤਰਜਮਾ ਕੀਤਾ ਅਤੇ ਗੁਰਮਤ ਫਲਸਫੇ ਅਤੇ ਮਾਰਕਸਵਾਦ ਵਿਚ ਸਾਂਝ ਦਾ ਸੂਤਰ ਵੀ ਦੱਸਿਆ।
ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਸੱਤਰਵਿਆਂ ਵਿਚ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਵਿਚਲੀਆਂ ਪ੍ਰਸਿੱਧ ਸ਼ਖ਼ਸੀਅਤਾਂ ਦੀ ਗਿਣਤੀ ਵਿਚ ਡਾ. ਦੋਸਾਂਝ ਹੁਰਾਂ ਦੀ ਸ਼ਖ਼ਸੀਅਤ ਨੂੰ ਸ਼ਾਮਲ ਕਰਦੇ ਹੋਏ ਉਨ੍ਹਾਂ ਵਲੋਂ ਪੰਜਾਬ ਦੀ ਖੱਬੇ ਪੱਖੀ ਵਿਦਿਆਰਥੀ ਲਹਿਰ ਵਿਚ ਪਾਏ ਯੋਗਦਾਨ ਅਤੇ ਯੂਨੀਵਰਸਿਟੀ ਦੀ ਅਧਿਆਤਮਕ ਲਹਿਰ ਵਿਚ ਪਾਏ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ।
ਪ੍ਰਸਿੱਧ ਗਾਇਕ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਡਾ. ਸੁਖਨੈਨ ਨੇ ਕਿਹਾ ਕਿ ਡਾ. ਦੋਸਾਂਝ ਉਸਦੀ ਆਵਾਜ਼ ਦੀ ਪ੍ਰਸੰਸਾ ਕਰਦੇ ਹੋਏ ਸਦਾ ਸਿੱਖਦੇ ਰਹਿਣ ਦੀ ਵੀ ਪ੍ਰੇਰਨਾ ਦਿੰਦੇ ਸਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਟੀਚਰਜ਼ ਐਸੋਸੀਏਸ਼ਨ (PAUTA) ਦੇ ਸਾਬਕਾ ਸਕੱਤਰ ਡਾ. ਰਣਜੀਤ ਸਿੰਘ ਬਰਾੜ ਨੇ ਡਾ. ਦੋਸਾਂਝ ਹੁਰਾਂ ਨੂੰ ਇਕ ਨਿਧੜਕ ਟੀਚਰ ਆਗੂ ਦੇ ਤੌਰ ‘ਤੇ ਯਾਦ ਕੀਤਾ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿਚ ਪਰਮਜੀਤ ਸਿੰਘ ਬਿਰਦੀ, ਨਾਹਰ ਔਜਲਾ, ਰਣਦੀਪ ਸੰਧੂ, ਸੁਖਦੇਵ ਸਿੰਘ ਰਕਬਾ ਅਤੇ ਵਿਪਨਦੀਪ ਸਿੰਘ ਮਰੋਕ ਐਡਵੋਕੇਟ ਵੀ ਸ਼ਾਮਲ ਸਨ।
ਇਸ ਸ਼ਰਧਾਂਜਲੀ ਸਮਾਗਮ ਵਿਚ ਡਾ. ਰਣਜੀਤ ਸਿੰਘ, ਡਾ. ਜਗਜੀਤ ਕੌਰ, ਡਾ. ਬੇਅੰਤਬੀਰ ਸਿੰਘ, ਬੌਬੀ ਮਝੈਲ, ਜੈਸਮੀਨ ਮਝੈਲ, ਸੰਦੀਪ ਕੌਰ (ਰੇਡੀਓ ਸਰਗਮ), ਡੇਜ਼ੀ (ਮਿਸਜ਼ ਡਾ. ਬਲਵਿੰਦਰ) ਅਤੇ ਵੀਰ ਪ੍ਰਤਾਪ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਮੰਚ ਸੰਚਾਲਨ ਕਰ ਰਹੇ ਡਾ. ਬਲਵਿੰਦਰ ਨੇ ਸਭਨਾਂ ਆਇਆਂ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ਼ ਤੌਰ ‘ਤੇ ਸਮਾਗਮ ਵਾਸਤੇ ਪੰਜਾਬੀ ਭਵਨ ਟੋਰਾਂਟੋ ਦੀ ਲਾਇਬਰੇਰੀ ਪ੍ਰਦਾਨ ਕਰਨ ਵਾਸਤੇ ਭਵਨ ਦੇ ਸੰਚਾਲਕ ਵਿਪਨਦੀਪ ਸਿੰਘ ਮਰੋਕ ਦਾ ਵਿਸ਼ੇਸ਼ ਧੰਨਵਾਦ ਕੀਤਾ।