Breaking News
Home / ਪੰਜਾਬ / ਪੰਜਾਬੀ ਦੇ ਹਰਮਨ ਪਿਆਰੇ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦਾ ਦੇਹਾਂਤ

ਪੰਜਾਬੀ ਦੇ ਹਰਮਨ ਪਿਆਰੇ ਲੇਖਕ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦਾ ਦੇਹਾਂਤ

ਸਮਰਾਲਾ/ਬਿਊਰੋ ਨਿਊਜ਼ : ਪੰਜਾਬ ਸਾਹਿਤ ਦੇ ਉੱਘੇ ਸਾਹਿਤਕਾਰ ਤੇ ਸਮਰਾਲਾ ਦਾ ਮਾਣ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਉਰਫ਼ ਬੂਟਾ ਸਿੰਘ ਪੰਨੂ ਦਾ ਮੰਗਲਵਾਰ ਤੜਕੇ 3 ਵਜੇ ਹਾਰਟ ਅਟੈਕ ਕਾਰਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੂੰ ਕੱਲ੍ਹ ਦਿਨ ‘ਚ ਸਾਹ ਦੀ ਤਕਲੀਫ਼ ਹੋਈ ਸੀ ਅਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਸੀ ਪਰ ਅੱਧੀ ਰਾਤ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਫਿਰ ਖ਼ਰਾਬ ਹੋ ਗਈ।
25 ਤੋਂ ਵੱਧ ਕਿਤਾਬਾਂ ਦੇ ਲੇਖਕ ਤੇ ਅਖ਼ਬਾਰਾਂ, ਰਸਾਲਿਆਂ ‘ਚ ਲਿਖਣ ਵਾਲੇ ਹਮਦਰਦਵੀਰ ਨੌਸ਼ਹਿਰਵੀ ਨੇ 84 ਸਾਲ ਦੇ ਉਮਰ ‘ਚ ਸਥਾਨਕ ਮਾਛੀਵਾੜਾ ਰੋਡ ਦੇ ਕਵਿਤਾ ਭਵਨ ਆਖਰੀ ਸਾਹ ਲਏ। ਪ੍ਰੋ. ਨੌਸ਼ਹਿਰਵੀ ਨੂੰ ਸਾਹਿਤਕ ਖੇਤਰ ‘ਚ ਸ਼ਾਂਤ ਵਗਦਾ ਦਰਿਆ ਆਖਿਆ ਜਾਂਦਾ ਰਿਹਾ ਹੈ, ਜੋ ਹੁਣ ਸਦਾ ਲਈ ਸਾਂਤ ਹੋ ਗਏ ਅਤੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ।
ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ ਜੋ ਕਿ ਸਾਰੇ ਸ਼ਾਦੀ ਸ਼ੁਦਾ ਹਨ। ਪ੍ਰੋ. ਨੌਸ਼ਹਿਰਵੀ ਵੱਲੋਂ ਆਪਣੀ ਘਰੇਲੂ ਜ਼ਿੰਦਗੀ ਦੀ ਸ਼ੁਰੂਆਤ ਏਅਰ ਫੋਰਸ ਵਿੱਚ ਨੌਕਰੀ ਕਰਨ ਤੋਂ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਦੀ ਮਾਲਵਾ ਕਾਲਜ ਸਮਰਾਲਾ ਵਿਖੇ ਰਾਜਨੀਤੀ ਦੇ ਪ੍ਰੋਫੈਸਰ ਵਜੋਂ ਨਿਯੁਕਤੀ ਹੋਈ। 32 ਸਾਲ ਤੋਂ ਵੱਧ ਸਮਾਂ ਸਰਵਿਸ ਕਰਕੇ ਸੇਵਾ ਮੁਕਤ ਹੋਏ। ਭਾਵੇਂ ਉਨ੍ਹਾਂ ਦਾ ਜੱਦੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਨੌਸ਼ਹਿਰਾ ਪਨੂੰਆ ਹੈ, ਪਰ ਉਹ ਸਮਰਾਲਾ ਦੇ ਪੱਕੇ ਵਸਨੀਕ ਸਨ।
ਉਨ੍ਹਾਂ ਦੀ ਰਿਹਾਇਸ਼ ਵਾਲੀ ਕੋਠੀ ਦਾ ਨਾਂਅ ਕਵਿਤਾ ਭਵਨ ਹੈ। ਭਾਵੇਂ ਉਨ੍ਹਾਂ ਵੱਲੋਂ ਆਪਣੀ ਦੇਹ ਦਾਨ ਕੀਤੀ ਗਈ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਡਾਕਟਰਾਂ ਵੱਲੋਂ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਮੌਤ ਨਾਲ ਜਿੱਥੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ, ਉਥੇ ਬਹੁਤ ਸਾਰੇ ਸਿਆਸੀ ਤੇ ਸਮਾਜੀ ਆਗੂਆਂ ਵੱਲੋਂ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦਾ ਅੰਤਮ ਸੰਸਕਾਰ ਸਮਸ਼ਾਨਘਾਟ ਖੰਨਾ ਰੋਡ ਸਮਰਾਲਾ (ਲੁਧਿਆਣਾ) ਵਿਖੇ ਕੀਤਾ ਜਾਵੇਗਾ ਅਤੇ ਅੰਤਿਮ ਅਰਦਾਸ 13 ਜੂਨ ਨੂੰ ਦੁਪਹਿਰ 12 ਵਜੇ ਹੋਵੇਗੀ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …