ਕਿਸਾਨ ਆਗੂਆਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ
ਪਟਿਆਲਾ/ਬਿਊਰੋ ਨਿਊਜ਼
ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਭਲਕੇ 21 ਜਨਵਰੀ ਨੂੰ ਹੋਣ ਵਾਲਾ ਦਿੱਲੀ ਮਾਰਚ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲਾ ਫੈਸਲਾ 26 ਜਨਵਰੀ ਤੋਂ ਬਾਅਦ ਲਿਆ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਮੀਟਿੰਗ ਚੰਡੀਗੜ੍ਹ ਦੀ ਬਜਾਏ ਦਿੱਲੀ ’ਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ 26 ਜਨਵਰੀ ਤੱਕ ਦਾ ਸਮਾਂ ਦੇ ਰਹੇ ਹਾਂ, ਉਸ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਦੇਖਦੇ ਹੋਏ ਜਲਦ ਹੀ ਮੀਟਿੰਗ ਕੀਤੀ ਜਾਵੇ। ਇਸੇ ਦੌਰਾਨ ਸ਼ੰਭੂ ਮੋਰਚੇ ਦੇ ਕਿਸਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਖਤਮ ਕਰਨ ਦੀ ਅਪੀਲ ਵੀ ਕੀਤੀ। ਸਰਵਣ ਸਿੰਘ ਪੰਧੇਰ ਨੇ ਇਹ ਵੀ ਦੱਸਿਆ ਕਿ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ’ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ, ਆਗੂਆਂ ਤੇ ਉਨ੍ਹਾਂ ਦੇ ਦਫ਼ਤਰਾਂ ਦੇ ਨਾਲ-ਨਾਲ ਪ੍ਰਮੁੱਖ ਸਨਅਤਕਾਰਾਂ ਦੇ ਸ਼ੋਅਰੂਮਾਂ ਦੇ ਬਾਹਰ ਡੇਢ ਘੰਟੇ ਤੱਕ ਧਰਨਾ ਦਿੱਤਾ ਜਾਵੇਗਾ।