
ਸਿਮਰਜੀਤ ਬੈਂਸ ਨੇ ਘੁਟਾਲੇ ਨਾਲ ਜੁੜੇ ਅਧਿਕਾਰੀਆਂ ਖਿਲਾਫ ਮੰਗੀ ਕਾਰਵਾਈ
ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਵਿਚ ਬੁਢਾਪਾ ਪੈਨਸ਼ਨ ਘੁਟਾਲਾ ਉਜਾਗਰ ਹੋਣ ਤੋਂ ਬਾਅਦ ਚਰਚਾਵਾਂ ਜ਼ੋਰ ਫੜਦੀਆਂ ਜਾ ਰਹੀਆਂ ਹਨ। ਧਿਆਨ ਰਹੇ ਕਿ ਪਿਛਲੇ ਦਿਨੀਂ ਮਾਮਲਾ ਸਾਹਮਣੇ ਆਇਆ ਸੀ ਕਿ ਪੰਜਾਬ ਵਿਚ 30 ਤੋਂ 40 ਸਾਲ ਤੱਕ ਦੇ ਪੁਰਸ਼ਾਂ ਅਤੇ ਮਹਿਲਾਵਾਂ ਨੇ ਝੂਠੇ ਦਸਤਾਵੇਜ਼ ਦੇ ਕੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਪੈਨਸ਼ਨਾਂ ਲਗਵਾਈਆਂ ਹੋਈਆਂ ਹਨ। ਇਸ ਸਬੰਧੀ ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੈਨਸ਼ਨ ਘੁਟਾਲੇ ਨਾਲ ਸਬੰਧਤ ਅਧਿਕਾਰੀਆਂ ਖਿਲਾਫ ਕਾਰਵਾਈ ਮੰਗੀ ਹੈ। ਬੈਂਸ ਨੇ ਕਿਹਾ ਕਿ ਘੱਟ ਉਮਰ ਵਾਲੇ ਲੋਕਾਂ ਦੀ ਪੈਨਸ਼ਨ ਲਗਾਉਣ ਲਈ ਕਾਗਜ਼ੀ ਕਾਰਵਾਈ ਪੂਰੀ ਕਰਨ ਵਾਲੇ ਅਧਿਕਾਰੀ ਜੇਕਰ ਚੌਕਸ ਹੁੰਦੇ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ ਕਿ ਅਜਿਹਾ ਹੋ ਜਾਂਦਾ। ਉਨ੍ਹਾਂ ਕਿਹਾ ਕਿ ਕਸੂਰਵਾਰ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਧਿਆਨ ਰਹੇ ਕਿ ਅਜਿਹੀਆਂ ਪੈਨਸ਼ਨਾਂ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਲਗਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ 70 ਹਜ਼ਾਰ ਤੋਂ ਵੱਧ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਹਨ, ਜਿਨ੍ਹਾਂ ਦੇ ਨਾਂ ‘ਤੇ 162 ਕਰੋੜ ਰੁਪਏ ਦਾ ਪੈਨਸ਼ਨ ਘੁਟਾਲਾ ਹੋਇਆ ਹੈ।