ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਤਾਨਾਸ਼ਾਹੀ ਭਾਰੂ : ਸੁਖਦੇਵ ਸਿੰਘ ਢੀਂਡਸਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਦਲ ਪਰਿਵਾਰ ਦਾ ਕਬਜ਼ਾ ਹਟਾਉਣ ਸਮੇਤ ਟਕਸਾਲੀ ਅਕਾਲੀਆਂ ਨੂੰ ਇਕੱਠੇ ਕਰਕੇ ਬਾਦਲ ਪਰਿਵਾਰ ਦਾ ਸਿੱਖ ਸਿਆਸਤ ਤੋਂ ਗਲਬਾ ਖਤਮ ਕਰਨ ਖ਼ਾਤਰ ‘ਸਫ਼ਰ-ਏ-ਅਕਾਲੀ’ ਲਹਿਰ ਦਾ ਅਗਾਜ਼ ਦਿੱਲੀ ਵਿਖੇ ਕੀਤਾ ਗਿਆ।
ਸਿਆਸੀ ਵਿਰੋਧੀਆਂ ਵਜੋਂ ਵਿਚਰਦੇ ਰਹੇ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ.ਕੇ ਇੱਕੋ ਮੰਚ ਉਪਰ ਆ ਨਜ਼ਰ ਆਏ ਤੇ ਸਾਂਝੇ ‘ਸ਼ਰੀਕ’ ਬਣੇ ਬਾਦਲਾਂ ਨੂੰ ਨਿਸ਼ਾਨੇ ਉੱਤੇ ਲਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਸਨਮਾਨ ਕੀਤਾ ਗਿਆ। ਢੀਂਡਸਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਤਾਨਾਸ਼ਾਹੀ ਭਾਰੂ ਹੈ ਤੇ ਸ਼੍ਰੋਮਣੀ ਕਮੇਟੀ ਦੀਆਂ ਸਾਲਾਨਾ ਬੈਠਕਾਂ ਵਿੱਚ ਕਦੇ ਕੋਈ ਚਰਚਾ ਨਹੀਂ ਹੋਈ। ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨਾਲ ਉਹ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਪਰਿਵਾਰਵਾਦ ਤੋਂ ਮੁਕਤ ਕਰਨ ਲਈ ਇਸ ਧਾਰਮਿਕ ਕਾਰਜ ਵਿਚ ਡੱਟ ਕੇ ਖੜ੍ਹੇ ਹਨ। ਰਾਮੂਵਾਲੀਆ ਨੇ ਜ਼ੋਰ ਨਾਲ ਕਿਹਾ ਕਿ ਸਿੱਖ ਸੰਸਥਾਵਾਂ ‘ਚ ਦਲਿਤ ਸਿੱਖਾਂ ਤੇ ਪਰਵਾਸੀ ਸਿੱਖਾਂ ਨੂੰ ਅਹਿਮ ਥਾਂ ਦਿੱਤੀ ਜਾਵੇ। ਇਸ ਮੌਕੇ ਪਾਸ ਕੀਤੇ ਮਤਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੀ ਜਾਣਕਾਰੀ ਨਵੀਂ ਪੀੜ੍ਹੀ ਨੂੰ ਉਪਲੱਬਧ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੇ ਜਾਣ, ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ਰਾਜਨੀਤਕ ਪ੍ਰਭਾਵ ਤੋਂ ਅਜ਼ਾਦ ਕਰਵਾਉਣ, 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ, ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਡਾਂਗਮਾਰ ਸਾਹਿਬ ਤੇ ਮੰਗੂ ਮੱਠ ਨੂੰ ਸਰਕਾਰੀ ਕਬਜ਼ੇ ਤੋਂ ਆਜ਼ਾਦ ਕਰਵਾਉਣ, ਸਿੱਖ ਇਤਹਾਸ ਦੀ ਪੜਤਾਲ ਲਈ ਅਕਾਲ ਤਖ਼ਤ ਸਾਹਿਬ ਦੀ ਨਿਗਰਾਨੀ ‘ਚ ਸਿੱਖ ਰਿਸਰਚ ਬੋਰਡ ਬਣਾਉਣ, ਰਾਜਸੀ ਆਗੂਆਂ ਦੇ ਧਾਰਮਿਕ ਸੰਸਥਾਨਾਂ ਦੇ ਚੋਣ ਲੜਨ ਉੱਤੇ ਰੋਕ, ਸ਼੍ਰੋਮਣੀ ਤੇ ਦਿੱਲੀ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਕਰਵਾਉਣ, ਦੇ ਨਾਲ-ਨਾਲ ਦਿੱਲੀ ਸਰਕਾਰ ਵੱਲੋਂ ਦਿੱਲੀ ਕਮੇਟੀ ਦੀ ਵੋਟਰ ਸੂਚੀ ਫੋਟੋ ਵਾਲੀ ਬਣਾਉਣ ਦੀ ਮੰਗ ਨੂੰ ਸ਼ਾਮਲ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ, ਰਵੀਇੰਦਰ ਸਿੰਘ, ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ, ਸੇਵਾ ਸਿੰਘ ਸੇਖਵਾਂ, ਨਿਰਪ੍ਰੀਤ ਕੌਰ, ਤਰਸੇਮ ਸਿੰਘ, ਬਲਜੀਤ ਸਿੰਘ ਦਾਦੂਵਾਲ, ਕਰਨੈਲ ਸਿੰਘ ਪੀਰਮੁਹੰਮਦ, ਮਹੰਤ ਜਸਬੀਰ ਸਿੰਘ, ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵੀ ਹਾਜ਼ਰੀ ਭਰੀ।
ਸ਼੍ਰੋਮਣੀ ਅਕਾਲੀ ਦਲ ਨੇ ਟਕਸਾਲੀਆਂ ਦੇ ਮਿਸ਼ਨ ਨੂੰ ਦੱਸਿਆ ‘ਸਫ਼ਰ-ਏ-ਕਾਂਗਰਸ’
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਕਿ ਨਕਲੀ ਟਕਸਾਲੀਆਂ ਨੇ ਕਾਂਗਰਸ ਪਾਰਟੀ ਅਤੇ ਇਸ ਦੇ ਗਰਮਖ਼ਿਆਲੀ ਭਾਈਵਾਲਾਂ ਨਾਲ ਹੱਥ ਮਿਲਾ ਕੇ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਪੰਥ ਦੀ ਸੱਜੀ ਬਾਂਹ ਅਕਾਲੀ ਦਲ ਅਤੇ ਸਿੱਖ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਤਹਿਤ ਸਫ਼ਰ-ਏ-ਕਾਂਗਰਸ ਮਿਸ਼ਨ ਸ਼ੁਰੂ ਕੀਤਾ ਹੈ। ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਨਰੇਸ਼ ਗੁਜਰਾਲ ਅਤੇ ਸੀਨੀਅਰ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਤੋਤਾ ਸਿੰਘ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀ ਸਿਧਾਂਤਾਂ ਨਾਲ ਵਿਸ਼ਵਾਸਘਾਤ ਕਰਕੇ ਕਾਂਗਰਸ ਦੇ ਇਸ਼ਾਰਿਆਂ ‘ਤੇ ਨੱਚਣ ਵਾਲੇ ਕੁੱਝ ਮੌਕਾਪ੍ਰਸਤਾਂ ਦਾ ਗਰੁੱਪ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਕੋਈ ਚੁਣੌਤੀ ਨਹੀਂ ਦੇ ਸਕੇਗਾ, ਜਿਨ੍ਹਾਂ ਨੂੰ ਅਕਾਲੀ ਦਲ ਦੇ 47 ਲੱਖ ਮਜ਼ਬੂਤ ਮੈਂਬਰਾਂ ਦੁਆਰਾ ਲੋਕਤੰਤਰੀ ਢੰਗ ਨਾਲ ਚੁਣਿਆ ਗਿਆ ਹੈ। ਰਾਸ਼ਟਰੀ ਰਾਜਧਾਨੀ ‘ਚ 400 ਸੀਟਾਂ ਵਾਲੇ ਆਡੋਟੋਰੀਅਮ ‘ਚ ਇਕੱਠੇ ਹੋਏ ਮੁੱਠੀ ਭਰ ਵਿਅਕਤੀਆਂ ਵੱਲੋਂ ਲੋਕਾਂ ਦੇ ਹੱਕਾਂ ਲਈ ਕੋਈ ਸਫ਼ਰ ਸ਼ੁਰੂ ਨਹੀਂ ਕੀਤਾ ਜਾ ਸਕਦਾ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …