-6.1 C
Toronto
Friday, February 27, 2026
spot_img
Homeਪੰਜਾਬਹੈਰੀਟੇਜ ਸਟਰੀਟ ਵਿੱਚੋਂ ਬੁੱਤ ਹਟਵਾਉਣ ਲਈ ਰੋਸ ਵਿਖਾਵਾ

ਹੈਰੀਟੇਜ ਸਟਰੀਟ ਵਿੱਚੋਂ ਬੁੱਤ ਹਟਵਾਉਣ ਲਈ ਰੋਸ ਵਿਖਾਵਾ

ਡੀਸੀ ਅੰਮ੍ਰਿਤਸਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ ਵਿਚ ਭੰਗੜਾ ਤੇ ਗਿੱਧਾ ਪਾਉਂਦੇ ਨੌਜਵਾਨਾਂ ਤੇ ਮੁਟਿਆਰਾਂ ਦੇ ਬੁੱਤਾਂ ਨੂੰ ਹਟਾਉਣ ਲਈ ਚੱਲ ਰਹੀ ਮੁਹਿੰਮ ਤਹਿਤ ਮੰਗਲਵਾਰ ਨੂੰ ਢਾਡੀਆਂ ਅਤੇ ਕਵੀਸ਼ਰਾਂ ਵਲੋਂ ਹੈਰੀਟੇਜ ਸਟਰੀਟ ਵਿਚ ਰੋਸ ਵਿਖਾਵਾ ਕੀਤਾ ਗਿਆ ਅਤੇ ਇਨ੍ਹਾਂ ਬੁੱਤਾਂ ਨੂੰ ਹਟਾਉਣ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਵਿਖਾਵਾਕਾਰੀਆਂ ਨੇ ਬੁੱਤ ਢਾਹੁਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਅੰਮ੍ਰਿਤਧਾਰੀ ਨੌਜਵਾਨਾਂ ਦੀ ਰਿਹਾਈ ਦੀ ਮੰਗ ਵੀ ਕੀਤੀ ਹੈ। ਢਾਡੀਆਂ ਅਤੇ ਕਵੀਸ਼ਰਾਂ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਜਥਿਆਂ ਦੀ ਜਥੇਬੰਦੀ ਸ਼੍ਰੋਮਣੀ ਰਾਗੀ ਸਭਾ ਵਲੋਂ ਵੀ ਬੁੱਤ ਹਟਾਉਣ ਅਤੇ ਗ੍ਰਿਫ਼ਤਾਰ ਨੌਜਵਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਰੋਸ ਵਿਖਾਵਾ ਕੀਤਾ ਜਾ ਚੁੱਕਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਦਮਦਮੀ ਟਕਸਾਲ ਵਲੋਂ ਵੀ ਬੁੱਤ ਹਟਾਉਣ ਅਤੇ ਨੌਜਵਾਨਾਂ ਦੀ ਰਿਹਾਈ ਲਈ ਕਿਹਾ ਜਾ ਚੁੱਕਾ ਹੈ। ਦਿਨੋ ਦਿਨ ਭਖ ਰਹੇ ਇਸ ਮਸਲੇ ਨੂੰ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਅਤੇ ਅੰਤਰਰਾਸ਼ਟਰੀ ਸ੍ਰੀ ਗੁਰੂ ਗੋਬਿੰਦ ਸਿੰਘ ਕਵੀਸ਼ਰ ਸਭਾ ਦੇ ਕਾਰਕੁਨਾਂ ਵਲੋਂ ਸਾਂਝੇ ਤੌਰ ‘ਤੇ ਹੈਰੀਟੇਜ ਸਟਰੀਟ ਵਿਚ ਰੋਸ ਮਾਰਚ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਬੈਨਰ ਤੇ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ਵਿਚ ਬੁੱਤਾਂ ਨੂੰ ਹਟਾਉਣ ਅਤੇ ਨੌਜਵਾਨਾਂ ਦੀ ਰਿਹਾਈ ਦੀ ਮੰਗ ਸਬੰਧੀ ਨਾਅਰੇ ਲਿਖੇ ਹੋਏ ਸਨ। ਢਾਡੀ ਸਭਾ ਦੇ ਕਾਰਜਕਾਰੀ ਪ੍ਰਧਾਨ ਪੂਰਨ ਸਿੰਘ ਨੇ ਆਖਿਆ ਕਿ ਸਿੱਖ ਸੰਗਤਾਂ ਦੇ ਮਨਾਂ ਵਿਚ ਇਨ੍ਹਾਂ ਬੁੱਤਾਂ ਖਿਲਾਫ ਰੋਸ ਦੀ ਭਾਵਨਾ ਹੈ। ਇਸ ਲਈ ਇਹ ਬੁੱਤ ਹਟਾ ਦਿੱਤੇ ਜਾਣੇ ਚਾਹੀਦੇ ਹਨ। ਸਿੱਖ ਜਗਤ ਦੀਆਂ ਭਾਵਨਾਵਾਂ ਮੁਤਾਬਕ ਵਿਵਾਦਤ ਬੁੱਤ ਹਟਾ ਕੇ ਇਥੇ ਸਿੱਖ ਇਤਿਹਾਸ ਨੂੰ ਦਰਸਾਉਂਦੇ ਬੁੱਤ ਲਾਏ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਵਿਵਾਦਤ ਬੁੱਤ ਕਿਸੇ ਹੋਰ ਜਨਤਕ ਥਾਂ ‘ਤੇ ਲਾਏ ਜਾਣ। ਕਵੀਸ਼ਰ ਸਭਾ ਦੇ ਸੁਲੱਖਣ ਸਿੰਘ ਰਿਆੜ ਨੇ ਵੀ ਆਖਿਆ ਕਿ ਸਿੱਖ ਭਾਵਨਾਵਾਂ ਦੀ ਕਦਰ ਕਰਦਿਆਂ ਪ੍ਰਸ਼ਾਸਨ ਇਨ੍ਹਾਂ ਵਿਵਾਦਤ ਬੁੱਤਾਂ ਨੂੰ ਤੁਰੰਤ ਹਟਾਵੇ। ਪ੍ਰਦਰਸ਼ਨਕਾਰੀਆਂ ਨੇ ਡਿਪਟੀ ਕਮਿਸ਼ਨਰ ਸ਼ਿਵ ਦੁਲਾਰ ਸਿੰਘ ਢਿੱਲੋਂ ਨੂੰ ਉਨ੍ਹਾਂ ਦੇ ਦਫਤਰ ਵਿਚ ਜਾ ਕੇ ਮੰਗ ਪੱਤਰ ਵੀ ਦਿੱਤਾ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਇਹ ਮਾਮਲਾ ਸਰਕਾਰ ਨਾਲ ਸਬੰਧਤ ਹੈ ਅਤੇ ਇਸ ਸਬੰਧੀ ਮੰਗ ਪੱਤਰ ਸਰਕਾਰ ਨੂੰ ਅਗਲੀ ਕਾਰਵਾਈ ਲਈ ਭੇਜ ਦਿੱਤਾ ਜਾਵੇਗਾ।

RELATED ARTICLES
POPULAR POSTS