11.9 C
Toronto
Saturday, October 18, 2025
spot_img
Homeਪੰਜਾਬਪਰਲ ਮਾਮਲਾ: ਈਡੀ ਵੱਲੋਂ ਪੰਜਾਬ ਤੇ ਰਾਜਸਥਾਨ 'ਚ ਛਾਪੇ

ਪਰਲ ਮਾਮਲਾ: ਈਡੀ ਵੱਲੋਂ ਪੰਜਾਬ ਤੇ ਰਾਜਸਥਾਨ ‘ਚ ਛਾਪੇ

ਵਿਧਾਇਕ ਕੁਲਵੰਤ ਸਿੰਘ ਦੀ ਗੈਰ-ਹਾਜ਼ਰੀ ‘ਚ ਟੀਮ ਨੇ ਪਰਿਵਾਰਕ ਮੈਂਬਰਾਂ ਕੋਲੋਂ ਕੀਤੀ ਪੁੱਛ-ਪੜਤਾਲ
ਮੁਹਾਲੀ/ਬਿਊਰੋ ਨਿਊਜ਼ : ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪਰਲ ਐਗਰੋ ਕਾਰਪੋਰੇਸ਼ਨ ਲਿਮਿਟਡ (ਪੀਏਸੀਐੱਲ) ਦੇ ਮਾਮਲੇ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਕੁਲਵੰਤ ਸਿੰਘ ਅਤੇ ਰਾਜਸਥਾਨ ਵਿੱਚ ਕਾਂਗਰਸੀ ਆਗੂ ਪ੍ਰਤਾਪ ਸਿੰਘ ਖਾਚਰੀਆਵਾਸ ਦੇ ਟਿਕਾਣਿਆਂ ਸਣੇ 15 ਤੋਂ ਵੱਧ ਥਾਵਾਂ ‘ਤੇ ਛਾਪੇ ਮਾਰੇ ਅਤੇ ਤਲਾਸ਼ੀ ਮੁਹਿੰਮ ਚਲਾਈ। ਇਹ ਮੁਹਿੰਮ ਨਿਵੇਸ਼ਕਾਂ ਨਾਲ ਕੀਤੀ ਗਈ 48000 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਤ ਹੈ। ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ ਮੰਗਲਵਾਰ ਤੜਕੇ ਤੋਂ ਇਹ ਛਾਪੇ ਸ਼ੁਰੂ ਹੋਏ।
ਛਾਪਿਆਂ ਦੌਰਾਨ ਮੁਹਾਲੀ ਵਿੱਚ ਵਿਧਾਇਕ ਕੁਲਵੰਤ ਸਿੰਘ ਦੇ ਘਰ ਵਿੱਚ ਨਾ ਹੋਣ ਕਰਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਪੁੱਛ-ਪੜਤਾਲ ਕੀਤੀ ਗਈ। ਜੈਪੁਰ ਵਿੱਚ ਸਾਬਕਾ ਮੰਤਰੀ ਪ੍ਰਤਾਪ ਸਿੰਘ ਖਾਚਰੀਆਵਾਸ ਦੇ ਘਰ ਛਾਪੇ ਦੌਰਾਨ ਉਨ੍ਹਾਂ ਦੇ ਸਮਰਥਕਾਂ ਵੱਲੋਂ ਈਡੀ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਛਾਪਿਆਂ ਵਾਲੀਆਂ ਥਾਵਾਂ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਤੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਰਾਜਸਥਾਨ ਦੇ ਸਾਬਕਾ ਕੈਬਨਿਟ ਟਰਾਂਸਪੋਰਟ ਮੰਤਰੀ ਖਾਚਰੀਆਵਾਸ ਦੀਆਂ ਰਿਹਾਇਸ਼ਾਂ ਵੀ ਸ਼ਾਮਲ ਹਨ।
ਸੰਘੀ ਏਜੰਸੀ ਨੇ ਕਿਹਾ ਕਿ ਪੀਏਸੀਐੱਲ ਅਤੇ ਸਹਿਯੋਗੀ ਸੰਸਥਾਵਾਂ ਦੀਆਂ ਜਾਇਦਾਦਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵੇਚਣ ਵਾਸਤੇ ਮਰਹੂਮ ਨਿਰਮਲ ਸਿੰਘ ਭੰਗੂ ਦੇ ਸਹਿਯੋਗੀਆਂ ਖਿਲਾਫ ਵੀ ਐੱਫਆਈਆਰ ਦਰਜ ਕੀਤੀ ਗਈ ਹੈ।
ਐਨਫੋਰਸਮੈਂਟ ਡਾਇਰੈਕਟੋਰੇਟ ਨੇ ‘ਆਪ’ ਆਗੂ ਅਤੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਸਣੇ ਪੰਜਾਬ ਭਰ ਵਿੱਚ ਉਨ੍ਹਾਂ ਨਾਲ ਸਬੰਧਤ ਵੱਖ-ਵੱਖ ਟਿਕਾਣਿਆਂ ‘ਤੇ ਛਾਪੇ ਮਾਰੇ ਅਤੇ ਤਲਾਸ਼ੀ ਲੈਣ ਤੋਂ ਇਲਾਵਾ ਵੱਖ-ਵੱਖ ਦਸਤਾਵੇਜ਼ਾਂ ਦੀ ਜਾਂਚ ਕੀਤੀ। ਕੁਲਵੰਤ ਸਿੰਘ ਰੀਅਲ ਐਸਟੇਟ ਦੇ ਵੱਡੇ ਕਾਰੋਬਾਰੀ ਅਤੇ ਜਨਤਾ ਲੈਂਡ ਪ੍ਰਮੋਟਰਜ਼ ਦੇ ਮਾਲਕ ਹਨ।
ਜਾਣਕਾਰੀ ਅਨੁਸਾਰ ਈਡੀ ਦੀ ਦਿੱਲੀ ਯੂਨਿਟ ਦੀ ਟੀਮ ਮੁਹਾਲੀ ਪੁਲਿਸ ਦੇ ਸਹਿਯੋਗ ਨਾਲ ਸੈਕਟਰ-94 ਸਥਿਤ ਕੁਲਵੰਤ ਸਿੰਘ ਦੇ ਨਵੇਂ ਘਰ ਪੁੱਜੀ। ਕੁਲਵੰਤ ਸਿੰਘ ਦੇ ਘਰ ਵਿੱਚ ਨਾ ਹੋਣ ਕਰ ਕੇ ਈਡੀ ਦੀ ਟੀਮ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਪੁੱਛ-ਪੜਤਾਲ ਕੀਤੀ। ਈਡੀ ਵੱਲੋਂ ਪਿਛਲੇ ਸਾਲ ਵੀ ਕੁਲਵੰਤ ਸਿੰਘ ਦੇ ਘਰ ਦਸਤਕ ਦਿੱਤੀ ਗਈ ਸੀ। ਉਸ ਵੇਲੇ ਵੀ ਉਹ ਘਰ ਵਿੱਚ ਮੌਜੂਦ ਨਹੀਂ ਸਨ।
ਪਿਛਲੇ ਸਾਲ ਅਕਤੂਬਰ ਵਿੱਚ, ਕੇਂਦਰੀ ਏਜੰਸੀ ਨੇ ਪੀਏਸੀਐੱਲ ਖਿਲਾਫ ਮਾਮਲੇ ਵਿੱਚ ਪੰਜਾਬ, ਹਰਿਆਣਾ, ਦਿੱਲੀ, ਮਹਾਰਾਸ਼ਟਰ, ਤਿਲੰਗਾਨਾ, ਕਰਨਾਟਕ, ਪੱਛਮੀ ਬੰਗਾਲ, ਰਾਜਸਥਾਨ ਅਤੇ ਉੱਤਰਾਖੰਡ ਵਿਚਲੀਆਂ 44 ਥਾਵਾਂ ‘ਤੇ ਛਾਪੇ ਮਾਰੇ ਸਨ।
ਆਰੋਪ ਹੈ ਕਿ ਪੀਏਸੀਐੱਲ ਕੰਪਨੀ ਨੇ 18 ਸਾਲਾਂ ਵਿੱਚ 5.80 ਕਰੋੜ ਨਿਵੇਸ਼ਕਾਂ ਕੋਲੋਂ ਗੈਰ-ਕਾਨੂੰਨੀ ਢੰਗ ਨਾਲ ਘੱਟੋ-ਘੱਟ 49,100 ਕਰੋੜ ਰੁਪਏ ਇਕੱਤਰ ਕੀਤੇ ਸਨ। ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਈਡੀ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਵੱਲੋਂ ਦਰਜ ਇਕ ਐੱਫਆਈਆਰ ‘ਤੇ ਆਧਾਰਿਤ ਹੈ।
ਈਡੀ ਨੇ ਹੁਣ ਤੱਕ ਪੀਏਸੀਐੱਲ ਅਤੇ ਉਸ ਨਾਲ ਸਬੰਧਤ ਕੰਪਨੀਆਂ ਅਤੇ ਮੁੱਖ ਮੁਲਜ਼ਮ ਮਰਹੂਮ ਨਿਰਮਲ ਸਿੰਘ ਭੰਗੂ ਸਣੇ ਉਸ ਦੇ ਨੇੜਲੇ ਸਹਿਯੋਗੀਆਂ ਅਤੇ ਹੋਰਾਂ ਸਣੇ 11 ਸੰਸਥਾਵਾਂ ਖਿਲਾਫ ਇਸਤਗਾਸਾ ਸ਼ਿਕਾਇਤਾਂ ਦਰਜ ਕੀਤੀਆਂ ਹਨ।
ਈਡੀ ਵੱਲੋਂ ਗਿਆਨ ਸਾਗਰ ਹਸਪਤਾਲ ਵਿੱਚ ਰਿਕਾਰਡ ਦੀ ਘੋਖ
ਈਡੀ ਵੱਲੋਂ ਬਨੂੜ ਨੇੜੇ ਗਿਆਨ ਸਾਗਰ ਹਸਪਤਾਲ ਵਿੱਚ ਵੀ ਰਿਕਾਰਡ ਦੀ ਘੋਖ ਕੀਤੀ ਗਈ। ਇਹ ਟੀਮ ਸਵੇਰੇ 9.30 ਵਜੇ ਦੇ ਕਰੀਬ ਹਸਪਤਾਲ ਵਿੱਚ ਹਰਿਆਣਾ ਨੰਬਰ ਦੀਆਂ ਦੋ ਗੱਡੀਆਂ ਰਾਹੀਂ ਪੁੱਜੀ। ਟੀਮ ਨੇ ਲੋੜੀਂਦਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ। ਮੌਕੇ ‘ਤੇ ਮੌਜੂਦ ਕਈ ਪ੍ਰਬੰਧਕ ਈਡੀ ਦੀ ਟੀਮ ਦੀ ਭਿਣਕ ਪੈਂਦਿਆਂ ਹੀ ਉੱਥੋਂ ਨਿਕਲ ਗਏ। ਟੀਮ ਵਿੱਚ ਅੱਠ ਤੋਂ 10 ਮੈਂਬਰ ਸ਼ਾਮਲ ਸਨ ਜੋ ਕਿ ਖ਼ਬਰ ਲਿਖੇ ਜਾਣ ਤੱਕ ਰਿਕਾਰਡ ਦੀ ਜਾਂਚ ਕਰ ਰਹੇ ਹਨ। ਮੀਡੀਆ ਨੂੰ ਹਸਪਤਾਲ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਦੱਸਣਯੋਗ ਹੈ ਕਿ ਗਿਆਨ ਸਾਗਰ ਹਸਪਤਾਲ ਪਰਲਜ਼ ਗਰੁੱਪ ਵੱਲੋਂ ਸਥਾਪਤ ਕੀਤਾ ਗਿਆ ਸੀ।

 

 

RELATED ARTICLES
POPULAR POSTS