Breaking News
Home / ਪੰਜਾਬ / ‘ਸਰਕਾਰ ਖਾਲਸਾ’ ਝੰਡੇ ਦੀ ਹੋਂਦ ਬਚਾਉਣ ਲਈ ਡਟੇ ਬਜ਼ੁਰਗ ਦੇ ਹੱਕ ‘ਚ ਨਿੱਤਰੇ ਲੋਕ

‘ਸਰਕਾਰ ਖਾਲਸਾ’ ਝੰਡੇ ਦੀ ਹੋਂਦ ਬਚਾਉਣ ਲਈ ਡਟੇ ਬਜ਼ੁਰਗ ਦੇ ਹੱਕ ‘ਚ ਨਿੱਤਰੇ ਲੋਕ

ਪ੍ਰਾਈਵੇਟ ਫੈਕਟਰੀ ਪ੍ਰਬੰਧਕਾਂ ‘ਤੇ ਇਤਿਹਾਸਕ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਦਾ ਆਰੋਪ
ਰੂਪਨਗਰ/ਬਿਊਰੋ ਨਿਊਜ਼ : ਸਤਲੁਜ ਦਰਿਆ ਦੇ ਕੰਢੇ ‘ਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਅੰਗਰੇਜ਼ੀ ਹਕੂਮਤ ਦੌਰਾਨ ਹਿੰਦੁਸਤਾਨ ਦੇ ਤਤਕਾਲੀ ਗਵਰਨਰ-ਜਨਰਲ ਲਾਰਡ ਵਿਲੀਅਮ ਬੈਂਟਿੰਕ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਉਣ ਲਈ ਸੰਨ 1831 ਵਿੱਚ ਲਹਿਰਾਏ ‘ਸਰਕਾਰ ਖਾਲਸਾ’ ਦੇ ਝੰਡੇ ਦੀ ਹੋਂਦ ਬਚਾਉਣ ਲਈ ਪਿਛਲੇ ਕਈ ਦਿਨਾਂ ਤੋਂ ਧਰਨੇ ‘ਤੇ ਡਟੇ ਬਜ਼ੁਰਗ ਰਾਜਿੰਦਰਪਾਲ ਸਿੰਘ ਦੀ ਹਮਾਇਤ ਵਿੱਚ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਲੋਕ ਆ ਗਏ ਹਨ।
ਬਜ਼ੁਰਗ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਦਰਿਆ ਕਿਨਾਰੇ ਸਥਿਤ ਇਸ ਪਹਾੜੀ ‘ਤੇ ‘ਸਰਕਾਰ ਖਾਲਸਾ’ ਦਾ ਝੰਡਾ ਲਹਿਰਾ ਕੇ ਇੱਥੇ ਤੋਪਾਂ ਬੀੜ ਕੇ ਫੌਜੀ ਚੌਕੀ ਕਾਇਮ ਕੀਤੀ ਸੀ। 1849 ਵਿੱਚ ਪੰਜਾਬ ‘ਤੇ ਅੰਗਰੇਜ਼ੀ ਕਬਜ਼ੇ ਤੋਂ ਬਾਅਦ ਚੌਕੀ ਢਾਹ ਦਿੱਤੀ ਗਈ, ਪਰ ਝੰਡੇ ਦਾ ਖੰਭਾ ਅਸ਼ਟਧਾਤੂ ਦਾ ਹੋਣ ਕਰਕੇ ਬਚ ਗਿਆ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 19 ਅਕਤੂਬਰ 2001 ਨੂੰ ਇਸ ਪਹਾੜੀ ਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ ਦਿੱਤਾ ਗਿਆ ਸੀ ਜਿਸ ਉਪਰੰਤ ਪੰਜਾਬ ਹੈਰੀਟੇਜ ਐਂਡ ਐਜੂਕੇਸ਼ਨ ਫਾਊਡੇਸ਼ਨ ਨੇ 15 ਜੂਨ 2003 ਨੂੰ ਇੱਥੇ ਪਾਰਕ ਬਣਾਉਣ ਲਈ ਨੀਂਹ ਪੱਥਰ ਵੀ ਰੱਖ ਦਿੱਤਾ ਸੀ। ਇਹ ਸਾਰਾ ਕੁਝ ਸਿਰਫ ਨੀਂਹ ਪੱਥਰ ਤੱਕ ਹੀ ਸੀਮਤ ਰਹਿ ਗਿਆ ਹੈ ਤੇ ਫੈਕਟਰੀ ਪ੍ਰਬੰਧਕਾਂ ਨੇ ਇਸ ਇਤਿਹਾਸਕ ਥਾਂ ਨੇੜੇ ਕਬਜ਼ਾ ਕਰ ਲਿਆ ਹੈ। ਇਸ ਕਰਕੇ ਆਮ ਲੋਕਾਂ ਨੂੰ ‘ਸਰਕਾਰ ਖਾਲਸਾ’ ਦੇ ਇਤਿਹਾਸਕ ਝੰਡੇ ਦੇ ਦਰਸ਼ਨ ਕਰਨੇ ਔਖੇ ਹੋ ਗਏ ਹਨ।
ਇਸੇ ਦੌਰਾਨ ਡੀਐੱਸਪੀ ਬਲਾਚੌਰ ਸ਼ਾਮ ਸੁੰਦਰ ਤੇ ਐੱਸਐੱਚਓ ਕਾਠਗੜ੍ਹ ਪੰਕਜ ਸ਼ਰਮਾ ਨੇ ਮੌਕੇ ‘ਤੇ ਪੁੱਜ ਕੇ ਧਰਨਾਕਾਰੀਆਂ ਨੂੰ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ।

ਫੈਕਟਰੀ ਦੇ ਐੱਚਆਰ ਹੈੱਡ ਨੇ ਨਾਜਾਇਜ਼ ਕਬਜ਼ੇ ਬਾਰੇ ਦੋਸ਼ ਨਕਾਰੇ
ਸਵਰਾਜ ਮਾਜ਼ਦਾ ਫੈਕਟਰੀ ਦੇ ਐੱਚਆਰ ਹੈੱਡ ਗੁਰਬੀਰ ਸਿੰਘ ਬੱਗਾ ਨੇ ਨਾਜਾਇਜ਼ ਕਬਜ਼ੇ ਬਾਰੇ ਆਰੋਪਾਂ ਨੂੰ ਨਕਾਰਦਿਆਂ ਕਿਹਾ ਕਿ ਮਾਲ ਵਿਭਾਗ ਦੇ ਰਿਕਾਰਡ ਮੁਤਾਬਕ ਸਾਰੀ ਵਿਵਾਦਿਤ ਜਗ੍ਹਾ ਫੈਕਟਰੀ ਦੀ ਨਿੱਜੀ ਮਲਕੀਅਤ ਹੈ ਅਤੇ ਕੁੱਝ ਸਮਾਂ ਪਹਿਲਾਂ ਝਗੜੇ ਵਾਲੀ ਥਾਂ ਸਣੇ ਕੁੱਝ ਹੋਰ ਜਗ੍ਹਾ ਪੰਜਾਬ ਸਰਕਾਰ ਵੱਲੋਂ ਐਕੁਆਇਰ ਕੀਤੇ ਜਾਣ ਦੀ ਗੱਲ ਚੱਲੀ ਸੀ ਪਰ ਹਾਲੇ ਤੱਕ ਸਰਕਾਰ ਨੇ ਜ਼ਮੀਨ ਐਕੁਆਇਰ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਫੈਕਟਰੀ ਅੰਦਰ ਦਾਖ਼ਲ ਹੋਣ ਵਾਲੇ ਹਰ ਵਿਅਕਤੀ ਦੀ ਚੈਕਿੰਗ ਤੇ ਪ੍ਰਾਈਵੇਟ ਵਾਹਨਾਂ ‘ਤੇ ਪਾਬੰਦੀ ਅਤਿ ਜ਼ਰੂਰੀ ਹੈ।

 

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …