ਪੂਰੇ ਦੇਸ਼ ਦੇ ਲਈ ਭਾਈਚਾਰੇ ਦੀ ਮਿਸਾਲ ਹੈ ਹਰਿਆਣਾ ਦੇ ਜ਼ਿਲ੍ਹਾ ਯਮੁਨਾਨਗਰ ਦਾ ਛਛਰੌਲੀ ਪਿੰਡ
ਯਮੁਨਾਨਗਰ/ਬਿਊਰੋ ਨਿਊਜ਼ : 20 ਹਜ਼ਾਰ ਦੀ ਆਬਾਦੀ ਵਾਲਾ ਪਿੰਡ ਛਛਰੌਲੀ ਪੂਰੇ ਦੇਸ਼ ‘ਚ ਭਾਈਚਾਰੇ ਦੀ ਇਕ ਅਲੱਗ ਪਹਿਚਾਣ ਹੈ। ਇਥੇ ਮੰਦਿਰ, ਮਸਜਿਦ ਅਤੇ ਗੁਰਦੁਆਰਾ ਸਾਹਿਬ ਦੀਆਂ ਦੀਵਾਰਾਂ ਇੰਨੀਆਂ ਨਾਲ ਲਗਦੀਆਂ ਹਨ ਕਿ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਵੰਡਦੀਆਂ ਨਹੀਂ ਬਲਕਿ ਜੋੜਦੀਆਂ ਹਨ। ਹਿੰਦੂ, ਸਿੱਖ, ਮੁਸਲਿਮ ਅਤੇ ਈਸਾਈ ਇਥੇ ਮਿਲਜੁਲ ਕੇ ਬੈਠਦੇ ਹਨ। ਨਾ ਹੀ ਆਜ਼ਾਦੀ ਤੋਂ ਪਹਿਲਾਂ ਅਤੇ ਨਾ ਹੀ ਆਜ਼ਾਦੀ ਤੋਂ ਬਾਅਦ ‘ਚ ਇਸ ਪਿੰਡ ‘ਚ ਕਦੇ ਵੀ ਕਿਸੇ ਵੀ ਧਰਮ ਨੂੰ ਲੈ ਕੇ ਕੋਈ ਝਗੜਾ ਨਹੀਂ ਹੋਇਆ।
ਯਮੁਨਾ ਨਗਰ ਤੋਂ ਪੌਂਟਾ ਸਾਹਿਬ ਨੈਸ਼ਨਲ ਹਾਈਵੇ (ਐਨਐਚ-907) ‘ਤੇ ਇਹ ਪਿੰਡ 18 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਦੀ ਖਾਸੀਅਤ ਇਹ ਹੈ ਕਿ ਬਿਲਕੁਲ ਨੇੜੇ-ਨੇੜੇ ਬਣੇ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ, ਜਾਮਾ ਮਸਜਿਦ ਅਤੇ ਸ੍ਰੀ ਗੁਰਦੁਆਰਾ ਸਿੰਘ ਸਭਾ ਹੈ। ਪਿੰਡ ‘ਚ ਲਗਭਗ 9000 ਹਿੰਦੂ, 6000 ਹਿੰਦੂ, ਮੁਸਲਮਾਨ 4000 ਹਜ਼ਾਰ ਅਤੇ ਇਕ ਹਜ਼ਾਰ ਇਸਾਈ ਰਹਿੰਦੇ ਹਨ। ਆਜ਼ਾਦੀ ਤੋਂ ਬਾਅਦ 1947 ‘ਚ ਜਦੋਂ ਪੂਰਾ ਦੇਸ਼ ਦੰਗਿਆਂ ਦੀ ਅੱਗ ‘ਚ ਝੁਲਸ ਰਿਹਾ ਸੀ ਤਾਂ ਇਸ ਪਿੰਡ ‘ਚ ਅਮਨ ਚੈਨ ਕਾਇਮ ਰਿਹਾ। ਛਛਰੌਲੀ ਪਹਿਲਾਂ ਕਲਸੀਆ ਰਿਆਸਤ ਹੋਇਆ ਕਰਦਾ ਸੀ। ਉਦੋਂ ਰਾਜਾ ਰਵਿਸ਼ੇਰ ਸਿੰਘ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਮੋਤੀਆਂ ਦੀ ਤਰ੍ਹਾਂ ਮਾਲਾ ‘ਚ ਖੂਬਸੂਰਤੀ ਨਾਲ ਪਰੋਈ ਰੱਖਿਆ।
ਪੰਚਾਇਤ ‘ਚ ਹੀ ਸੁਲਝਦੇ ਹਨ ਪਿੰਡ ਦੇ ਮਸਲੇ :ਸਰਪੰਚ ਸੁਸ਼ਮਾ ਗੋਇਲ ਨੇ ਦੱਸਿਆ ਕਿ ਛਛਰੌਲੀ ‘ਚ ਆਪਸੀ ਝਗੜੇ ਬਹੁਤ ਘੱਟ ਹਨ। ਜੇਕਰ ਕਿਸੇ ਗੱਲ ਨੂੰ ਲੈ ਕੇ ਕੋਈ ਮਨ-ਮੁਟਾਵ ਹੋ ਵੀ ਜਾਂਦਾ ਹੈ ਤਾਂ ਪੰਚਾਇਤ ‘ਚ ਇਸ ਮਸਲੇ ਦਾ ਹੱਲ ਕੱਢ ਲਿਆ ਜਾਂਦਾ ਹੈ। ਥਾਣਾ ਛਛਰੌਲੀ ‘ਚ ਪਿਛਲੇ ਛੇ 6 ਮਹੀਨਿਆਂ ਤੋਂ ਪਿੰਡ ਦੇ ਕਿਸੇ ਝਗੜੇ ਦੀ ਕੋਈ ਰਿਪੋਰਟ ਨਹੀਂ ਹੈ।
ਪੁਜਾਰੀ, ਇਮਾਮ ਅਤੇ ਗ੍ਰੰਥੀ ਬੈਠਦੇ ਹਨ ਮਿਲ ਕੇ
ਸਵੇਰੇ ਮਸਜਿਦ ‘ਚ ਅਜਾਨ ਹੁੰਦੀ ਹੈ ਤਾਂ ਗੁਰਦੁਆਰਾ ਸਾਹਿਬ ‘ਚ ਗੁਰਬਾਣੀ ਦਾ ਪਾਠ, ਨਾਲ ਲਗਦੇ ਰਾਧਾਕ੍ਰਿਸ਼ਨ ਮੰਦਿਰ ‘ਚ ਭਜਨਾਂ ਦੇ ਸੁਰ, ਇਸ ਕ੍ਰਮ ‘ਚ ਹੁੰਦੇ ਹਨ ਕਿ ਤਿੰਨੋਂ ਮਿਲ ਕੇ ਆਪਸ ‘ਚ ਭਾਈਚਾਰੇ ਦਾ ਇਕ ਨਵਾਂ ਰੰਗ ਬਣਾਉਂਦੇ ਹਨ। ਪੂਜਾ-ਪਾਠ ਖਤਮ ਹੋਣ ਤੋਂ ਬਾਅਦ ਪੁਜਾਰੀ, ਇਮਾਮ ਅਤੇ ਗ੍ਰੰਥੀ ਸੇਵਾਦਾਰ ਦਿਨ ਦਾ ਜ਼ਿਆਦਾ ਸਮਾਂ ਇਕੱਠੇ ਬੈਠ ਕੇ ਬਿਤਾਉਂਦੇ ਹਨ।
ਇਥੇ ਸਾਰੇ ਆਪਣੇ, ਕੋਈ ਪਰਾਇਆ ਨਹੀਂ
1981 ਤੋਂ ਜਾਮਾ ਮਸਜਿਦ ਛਛਰੌਲੀ ਦਾ ਜਿੰਮਾ ਸੰਭਾਲ ਰਹੇ ਹਕੀਮ ਹਾਫਿਜ ਮੁਹੰਮਦ ਯਾਸੀਨ (73) ਦੱਸਦੇ ਹਨ ਕਿ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਦੇਸ਼ ‘ਚ ਮਾਹੌਲ ਖਰਾਬ ਸੀ ਪ੍ਰੰਤੂ ਪਿੰਡ ਦਾ ਭਾਈਚਾਰਾ ਕਾਇਮ ਰਿਹਾ। ਤਿੰਨੇ ਧਾਰਮਿਕ ਅਸਥਾਨ ਆਜ਼ਾਦੀ ਤੋਂ ਪਹਿਲਾਂ ਬਣੇ, ਪ੍ਰੰਤੂ ਇਹ ਛੋਟੇ ਹੁੰਦੇ ਸਨ। ਆਬਾਦੀ ਵਧੀ ਤਾਂ ਇਨ੍ਹਾਂ ਦੇ ਭਵਨ ਵੀ ਵੱਡੇ ਹੁੰਦੇ ਗਏ। ਹਰ ਸ਼ੁੱਕਰਵਾਰ ਨੂੰ ਬਾਜ਼ਾਰ ਲਗਦਾ ਹੈ। ਮੁਸਲਮਾਨ ਭਰਾ ਦੁਕਾਨਾਂ ਲਗਾਉਂਦੇ ਹਨ ਅਤੇ ਹਰ ਧਰਮ ਦੇ ਲੋਕ ਖਰੀਦਦਾਰੀ ਕਰਦੇ ਹਨ। ਸ੍ਰੀ ਗੁਰਦੁਆਰਾ ਸਿੰਘ ਸਭਾ ‘ਚ 13 ਸਾਲਾਂ ਤੋਂ ਗ੍ਰੰਥੀ ਸੇਵਾਦਾਰ ਕੰਵਲਪ੍ਰੀਤ ਸਿੰਘ ਦੇ ਮੁਤਾਬਕ ਪਿੰਡ ਸਾਰੇ ਲੋਕ ਮੁਸੀਬਤ ‘ਚ ਇਕੱਠੇ ਹੁੰਦੇ ਹਨ। ਮਿਲ ਕੇ ਇਕ ਦੂਜੇ ਨਾਲ ਤਿਉਹਾਰ ਮਨਾਉਂਦੇ ਹਨ। ਪਿੰਡ ਦੇ ਲਾਲਾ ਖੇਤਰਪਾਲ ਨੇ ਮੰਦਿਰ ਦੀ ਜਗ੍ਹਾ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਵਾਟਰ ਕੂਲਰ ਇਸ ਲਈ ਲਗਵਾਇਆ ਕਿਉਂਕਿ ਗੁਰਦੁਆਰਾ ਸਾਹਿਬ ਵਿਚਕਾਰ ਹੈ। ਹੁਣ ਮੰਦਿਰ ਅਤੇ ਮਸਜਿਦ ਦੇ ਸ਼ਰਧਾਲੂ ਵੀ ਇਥੇ ਆ ਕੇ ਪਾਣੀ ਪੀਂਦੇ ਹਨ। ਪੁਜਾਰੀ ਲਲਿਤ ਸ਼ਰਮਾ ਦੱਸਦੇ ਹਨ ਕਿ ਮੰਦਿਰ ਦਾ ਕਮਿਊਨਿਟੀ ਹਾਲ ਸਾਰੇ ਧਰਮਾਂ ਦੇ ਲੋਕਾਂ ਦੇ ਲਈ ਖੁੱਲ੍ਹਾ ਹੈ। ਵਿਆਹਾਂ ਆਦਿ ਦੇ ਸਾਰੇ ਪ੍ਰੋਗਰਾਮ ਇਥੇ ਹੀ ਹੁੰਦੇ ਹਨ।
Check Also
ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ
ਨਾਗਪੁਰ (ਮਹਾਰਾਸ਼ਟਰ)/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ …