ਪਿੰਡ ਦੇ ਹਰ ਘਰ ਮੂਹਰੇ ਔਰਤ ਦੇ ਨਾਮ ਦੀ ਨੇਮ ਪਲੇਟ ਲੱਗੀ
ਬਠਿੰਡਾ : ਬਠਿੰਡਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਨੇ ਪੰਜਾਬ ਦੇ ਮੱਥੇ ‘ਤੇ ਲੱਗੇ ‘ਕੁੜੀਮਾਰ’ ਦੇ ਦਾਗ ਨੂੰ ਹਟਾਉਣ ਦਾ ਉਦਮ ਕੀਤਾ ਹੈ। ਪੰਜਾਬ ਦਾ ਇਹ ਪਹਿਲਾ ਪਿੰਡ ਹੋਵੇਗਾ, ਜਿਥੇ ਹਰ ਘਰ ਦੇ ਬੂਹੇ ਅੱਗੇ ਔਰਤ ਦੇ ਨਾਮ ਦੀ ‘ਨੇਮਪਲੇਟ’ ਲੱਗੀ ਹੈ। ਪਿੰਡ ਹਿੰਮਤਪੁਰਾ ਦੀ ਮਹਿਲਾ ਸਰਪੰਚ ਮਲਕੀਤ ਕੌਰ ਕੋਲ ਜਦੋਂ ਪੇਂਡੂ ਵਿਕਾਸ ਅਧਿਕਾਰੀ ਪਰਮਜੀਤ ਸਿੰਘ ਨੇ ਉਕਤ ਯੋਜਨਾ ਰੱਖੀ ਤਾਂ ਉਨ੍ਹਾਂ ਹਾਮੀ ਭਰ ਦਿੱਤੀ। ਪਿੰਡ ਦੇ ਹਰ ਵਾਰਡ ਦਾ ਪੂਰਾ ਨਕਸ਼ਾ ਗਲੀ ‘ਤੇ ਮਕਾਨ ਨੰਬਰ ਸਮੇਤ ਲਾਇਆ ਗਿਆ ਹੈ ਅਤੇ ਘਰ ਦੇ ਗੇਟ ਅੱਗੇ ਪਰਿਵਾਰ ਦੀ ਸਭ ਤੋਂ ਵੱਧ ਉਮਰ ਦੀ ਔਰਤ ਦੇ ਨਾਂ ਦੀ ਤਖ਼ਤੀ ਲਾਈ ਗਈ ਹੈ। ਪਿੰਡ ਵਿੱਚ ਕਰੀਬ 55 ਫੀਸਦੀ ਮਹਿਲਾ ਵੋਟਰ ਹਨ ਤੇ ਪੰਜ ਮੈਂਬਰੀ ਪੰਚਾਇਤ ਵਿਚ ਤਿੰਨ ਔਰਤਾਂ ਸ਼ਾਮਲ ਹਨ। ਪਿੰਡ ਵਿੱਚ ਗ੍ਰਾਮ ਸਭਾ ਦਾ ਸਮੇਂ ਸਿਰ ਆਮ ਇਜਲਾਸ ਹੁੰਦਾ ਹੈ, ਜਿਥੇ ਇਸ ਵਾਰ ਦੋ ਜਾਂ ਦੋ ਤੋਂ ਵੱਧ ਧੀਆਂ ਵਾਲੀਆਂ ਅੱਠ ਔਰਤਾਂ ਦਾ ਸਨਮਾਨ ਕੀਤਾ ਗਿਆ। ਪੰਚਾਇਤ ਵੱਲੋਂ ਮਹਿਲਾ ਦਿਵਸ ਲਈ ਵੱਖਰਾ 50 ਹਜ਼ਾਰ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿਸ ਨਾਲ ਵਡੇਰੀ ਉਮਰ ਦੀਆਂ ਔਰਤਾਂ ਦਾ ਸਨਮਾਨ ਕਰਨ ਦੇ ਨਾਲ-ਨਾਲ ਮੈਡੀਕਲ ਕੈਂਪ ਵੀ ਲਾਏ ਜਾਣਗੇ। ਪੰਚ ਇੰਦਰਜੀਤ ਕੌਰ ਨੇ ਦੱਸਿਆ ਕਿ ਹਰ ਵਰ੍ਹੇ ਪੰਚਾਇਤ ਧੀਆਂ ਦੀ ਲੋਹੜੀ ਮਨਾਇਆ ਕਰੇਗੀ, ਜਿਸ ਦੀ ਸ਼ੁਰੂਆਤ ਇਸ ਲੋਹੜੀ ਤੋਂ ਹੀ ਕੀਤੀ ਜਾਵੇਗੀ। ਪੰਜਾਬ ਦਾ ਇਹ ਦੂਸਰਾ ਪਿੰਡ ਹੈ, ਜਿਥੇ ਸੋਕਪਿਟ ਬਣ ਰਹੇ ਹਨ ਤਾਂ ਜੋ ਨਿਕਾਸੀ ਪਾਣੀ ਨੂੰ ਮੁੜ ਧਰਤੀ ਵਿੱਚ ਪਾ ਕੇ ਵਰਤੋਂ ਵਿੱਚ ਲਿਆਂਦਾ ਜਾ ਸਕੇ। ਪੂਰੇ ਪਿੰਡ ਵਿੱਚ ਥਾਂ-ਥਾਂ ਸਮਾਜਿਕ ਅਲਾਮਤਾਂ ਤੋਂ ਸੁਚੇਤ ਕਰਨ ਵਾਲੇ ਨਾਅਰੇ ਲਿਖੇ ਗਏ ਹਨ।
Check Also
ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ
ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …