ਸਰਕਾਰ ਤੋਂ ਅਜਿਹੀ ਹੀ ਉਮੀਦ ਕਰ ਰਿਹਾ ਸੀ: ਬਿਕਰਮ ਮਜੀਠੀਆ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਹੋਏ ਡਰੱਗ ਮਾਮਲੇ ਦੀ ਜਾਂਚ ਲਈ ਏਡੀਜੀਪੀ ਐੱਮਐੱਸ ਚੀਮਾ ਦੀ ਅਗਵਾਈ ਹੇਠ ਗਠਿਤ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਉਨ੍ਹਾਂ ਨੂੰ 18 ਦਸੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਹੈ।
ਸਿੱਟ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਨੂੰ ਹਦਾਇਤ ਕੀਤੀ ਹੈ ਕਿ ਉਹ ਮਜੀਠੀਆ ਨੂੰ 18 ਦਸੰਬਰ ਨੂੰ ਪਟਿਆਲਾ ਸਥਿਤ ਸਿੱਟ ਦੇ ਚੇਅਰਮੈਨ ਦੇ ਦਫ਼ਤਰ ਵਿੱਚ ਪੇਸ਼ ਹੋਣ ਲਈ ਨੋਟਿਸ ਦੇਣ। ਇਸ ‘ਤੇ ਪ੍ਰਤੀਕਰਮ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਉਹ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਤੋਂ ਇਸੇ ਦੀ ਉਮੀਦ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਉਸ ਨੂੰ ਸਰਕਾਰ ਦੀਆਂ ਮਾੜੀਆਂ ਨੀਤੀਆਂ ਦਾ ਪਰਦਾਫਾਸ਼ ਕਰਨ ਤੋਂ ਰੋਕ ਨਹੀਂ ਸਕਣਗੀਆਂ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਦੋ ਸਾਲ ਪਹਿਲਾਂ 20 ਦਸੰਬਰ 2021 ‘ਚ ਬਿਕਰਮ ਸਿੰਘ ਮਜੀਠੀਆ ਖਿਲਾਫ ਨਸ਼ਿਆਂ ਸਬੰਧੀ ਕੇਸ ਦਰਜ ਕੀਤਾ ਸੀ ਪਰ ਅਦਾਲਤ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੋ ਮਹੀਨੇ ਅੱਗੇ ਪਾ ਦਿੱਤੀ ਸੀ। ਇਸ ਮਾਮਲੇ ‘ਚ ਪੰਜ ਮਹੀਨੇ ਜੇਲ੍ਹ ‘ਚ ਕੱਟਣ ਮਗਰੋਂ ਮਜੀਠੀਆ ਨੂੰ 10 ਅਗਸਤ 2022 ਵਿੱਚ ਜ਼ਮਾਨਤ ਮਿਲੀ ਸੀ। ਮਜੀਠੀਆ ਖਿਲਾਫ ਕੇਸ ‘ਚ ਅਜੇ ਤੱਕ ਚਾਰਜਸ਼ੀਟ ਦਾਇਰ ਨਹੀਂ ਕੀਤੀ ਗਈ।
ਜਾਰੀ ਹੋਏ ਸੰਮਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਮਜੀਠੀਆ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੀ ਧੀ ਇੱਕ ਵੀਡੀਓ ਸਾਹਮਣੇ ਆਉਣ ਮਗਰੋਂ ਬਿਕਰਮ ਸਿੰਘ ਮਜੀਠੀਆ ਲਗਾਤਾਰ ਮੁੱਖ ਮੰਤਰੀ ਨੂੰ ਸਿਆਸੀ ਨਿਸ਼ਾਨੇ ‘ਤੇ ਲੈ ਰਹੇ ਹਨ। ਉਨ੍ਹਾਂ ਬੀਤੇ ਦਿਨ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਕਿ ਜੋ ਵਿਅਕਤੀ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਨਹੀਂ ਸੰਭਾਲ ਸਕਿਆ ਉਹ ਸੂਬੇ ਦੀ ਜ਼ਿੰਮੇਵਾਰੀ ਕਿਵੇਂ ਸੰਭਾਲੇਗਾ?
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਪਰਵਾਸੀਆਂ ਨੂੰ ਜਾਣਬੁੱਝ ਕੇ ਅੰਮਿ੍ਰਤਸਰ ਲਿਆਉਣ ਦਾ ਲਗਾਇਆ ਆਰੋਪ
ਕਿਹਾ : ਕੇਂਦਰ ਸਰਕਾਰ ਪੰਜਾਬ ਨੂੰ ਕਰਨਾ ਚਾਹੁੰਦੀ ਹੈ ਬਦਨਾਮ ਚੰਡੀਗੜ੍ਹ/ਬਿਊਰੋ ਨਿਊਜ਼ : ਅਮਰੀਕਾ ਗੈਰਕਾਨੂੰਨੀ …