Breaking News
Home / ਪੰਜਾਬ / ਪੰਜ ਮੈਂਬਰੀ ਕਮੇਟੀ ਪ੍ਰਧਾਨ ਮੰਤਰੀ ਮੋਦੀ ਨਾਲ ਕਰੇਗੀ ਮੁਲਾਕਾਤ : ਧਾਮੀ

ਪੰਜ ਮੈਂਬਰੀ ਕਮੇਟੀ ਪ੍ਰਧਾਨ ਮੰਤਰੀ ਮੋਦੀ ਨਾਲ ਕਰੇਗੀ ਮੁਲਾਕਾਤ : ਧਾਮੀ

ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਗਠਿਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਨੇ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਾ ਫੈਸਲਾ ਲਿਆ ਹੈ। ਇਸ ਸਬੰਧ ਵਿੱਚ ਤਕਰਾਰ ਦੀ ਥਾਂ ਪਿਆਰ ਤੇ ਸਦਭਾਵ ਨਾਲ ਗੱਲ ਕਰਨ ਦਾ ਰਾਹ ਅਖਤਿਆਰ ਕੀਤਾ ਜਾਵੇਗਾ। ਇਸ ਸਬੰਧੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਲਈ ਚਾਰਾਜੋਈ ਸ਼ੁਰੂ ਕੀਤੀ ਜਾ ਰਹੀ ਹੈ। ਇਸ ਕਮੇਟੀ ਨੇ ਪਲੇਠੀ ਮੀਟਿੰਗ ਕੀਤੀ।
ਅੰਮ੍ਰਿਤਸਰ ਸਥਿਤ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਹੋਈ ਮੀਟਿੰਗ ‘ਚ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਡਾ. ਬਰਜਿੰਦਰ ਸਿੰਘ ਹਮਦਰਦ, ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਮੁਲਾਕਾਤ ਲਈ ਸਮਾਂ ਲੈਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਜਾ ਰਿਹਾ ਹੈ। ਉਹ ਚਾਹੁੰਦੇ ਹਨ ਕਿ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਵਧੀਆ ਮਾਹੌਲ ‘ਚ ਸਰਕਾਰ ਨਾਲ ਗੱਲਬਾਤ ਅੱਗੇ ਤੁਰੇ। ਉਨ੍ਹਾਂ ਆਖਿਆ ਕਿ ਬੰਦੀ ਸਿੰਘਾਂ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਨੂੰ ਯਕੀਨੀ ਬਣਾਉਣ ਲਈ ਲੋਕਤੰਤਰੀ ਤਰੀਕੇ ਨਾਲ ਯਤਨ ਜਾਰੀ ਰੱਖੇ ਜਾਣਗੇ। ਦੱਸਣਯੋਗ ਹੈ ਕਿ ਪਹਿਲਾਂ ਇਸ ਸਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਕਾਰਨ ਸਿੱਖ ਸੰਸਥਾ ਧਰਨੇ ਤੇ ਮੁਜ਼ਾਹਰੇ ਦੇ ਰਾਹ ਤੁਰ ਪਈ ਸੀ, ਜਿਸ ਦਾ ਹੁਣ ਤੱਕ ਕੋਈ ਸਿੱਟਾ ਨਹੀਂ ਨਿਕਲਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ ਆਪਣੀ ਇਸ ਮੰਗ ਲਈ 26 ਲੱਖ ਵਿਅਕਤੀਆਂ ਕੋਲੋਂ ਪ੍ਰੋਫਾਰਮੇ ਵੀ ਭਰਵਾਏ ਗਏ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਬੰਦੀ ਸਿੰਘਾਂ ਦੇ ਮਾਮਲਿਆਂ ਨੂੰ ਹੱਲ ਕਰਨ ਲਈ ਪਹਿਲਕਦਮੀ ਕਰਨ।
ਚੀਫ਼ ਖ਼ਾਲਸਾ ਦੀਵਾਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਪਾਸ
ਚੀਫ ਖਾਲਸਾ ਦੀਵਾਨ ਦੇ ਜਨਰਲ ਹਾਊਸ ਵੱਲੋਂ ਇਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਕੋਲੋਂ ਬਲਵੰਤ ਸਿੰਘ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਚੀਫ਼ ਖ਼ਾਲਸਾ ਦੀਵਾਨ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਪਹਿਲਾਂ ਕਾਰਜਸਾਧਕ ਕਮੇਟੀ ਅਤੇ ਮਗਰੋਂ ਜਨਰਲ ਕਮੇਟੀ ਦੀ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਕੀਤੀ। ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਏਜੰਡੇ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਦੀਵਾਨ ਦੇ ਮੈਂਬਰ ਭਗਵੰਤਪਾਲ ਸਿੰਘ ਸੱਚਰ ਵੱਲੋਂ ਮਤਾ ਲਿਆਂਦਾ ਗਿਆ ਕਿ ਚੀਫ਼ ਖ਼ਾਲਸਾ ਦੀਵਾਨ ਦੀ ਇਹ ਮੀਟਿੰਗ ਕੇਂਦਰ ਸਰਕਾਰ ਤੋਂ ਸਰਬਸੰਮਤੀ ਨਾਲ ਮੰਗ ਕਰਦੀ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੀਤੇ ਗਏ ਆਪਣੇ ਫੈਸਲੇ ‘ਤੇ ਤੁਰੰਤ ਅਮਲ ਕਰਦਿਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ ਅਤੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰੇ। ਇਸ ਸਬੰਧ ਵਿੱਚ ਸਮੂਹ ਹਾਊਸ ਵੱਲੋਂ ਅਤੇ ਕਾਰਜਸਾਧਕ ਕਮੇਟੀ ਵੱਲੋਂ ਵੀ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਮੀਟਿੰਗ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਫਰੈਂਡਜ਼ ਐਵੇਨਿਊ, ਅੰਮ੍ਰਿਤਸਰ ਲਈ ਸਕੂਲ ਨਾਲ ਲੱਗਦੀ 376 ਵਰਗ ਗਜ਼ ਜ਼ਮੀਨ ਖਰੀਦਣ ਅਤੇ ਹੁਸ਼ਿਆਰਪੁਰ ਵਿੱਚ ਦੀਵਾਨ ਦੇ ਸਕੂਲ ਲਈ ਖਰੀਦੀ ਗਈ ਜ਼ਮੀਨ ‘ਤੇ ਇਮਾਰਤ ਦੀ ਉਸਾਰੀ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਇਸ ਦੌਰਾਨ ਪ੍ਰਧਾਨ ਡਾ. ਨਿੱਜਰ ਨੇ ਨਵੇਂ ਬਣਾਏ ਗਏ ਭਾਈ ਵੀਰ ਸਿੰਘ ਸਾਹਿਤ ਅਧਿਐਨ ਕੇਂਦਰ ਅਤੇ ਦੀਵਾਨ ਦੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ ਅਪਗਰੇਡ ਕਰਨ ਹਿੱਤ ਗਠਿਤ ਕਮੇਟੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੀਵਾਨ ਦੇ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਹਿੱਤ ਬਣਾਈਆਂ ਗਈਆਂ ਕਮੇਟੀਆਂ ਅਤੇ ਸਬ-ਕਮੇਟੀਆਂ ਦੀ ਕਾਰਜ ਪ੍ਰਣਾਲੀ ਦੀ ਸ਼ਲਾਘਾ ਕੀਤੀ। ਇਸ ਦੌਰਾਨ ਡਾਇਰੈਕਟਰ (ਐਜੂਕੇਸ਼ਨ) ਨੇ ਦੱਸਿਆ ਕਿ ਦੀਵਾਨ ਦੇ ਸਕੂਲਾਂ ਵਿੱਚ ਅਗਲੇ ਸਾਲ ਤੋਂ ਛੇਵੀਂ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹੁਨਰ ਵਿਕਾਸ ਕੋਰਸ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਮੀਤ ਪ੍ਰਧਾਨ ਅਮਰਜੀਤ ਸਿੰਘ ਬਾਂਗਾ, ਜਗਜੀਤ ਸਿੰਘ, ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ, ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ, ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਐੱਸ.ਐੱਸ. ਛੀਨਾ, ਜਸਪਾਲ ਸਿੰਘ ਢਿੱਲੋਂ, ਹਰਜੀਤ ਸਿੰਘ ਤਰਨ ਤਾਰਨ, ਪ੍ਰੋ. ਵਰਿਆਮ ਸਿੰਘ ਤੇ ਸੁਖਦੇਵ ਸਿੰਘ ਮੱਤੇਵਾਲ ਮੌਜੂਦ ਸਨ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼

ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …