ਹਾਈਕੋਰਟ ਵਿੱਚ ਜੱਜਾਂ ਦੀ ਘਾਟ ਕਾਰਨ ਬਕਾਇਆ ਕੇਸਾਂ ਦੀ ਗਿਣਤੀ ਵਧੀ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਵਿਚ ਅੱਜ ਮੰਗਲਵਾਰ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਜਸਟਿਸ ਸ਼ੀਲ ਨਾਗੂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਸਹੁੰ ਚੁਕਾਈ। ਜਸਟਿਸ ਨਾਗੂ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਹਾਈਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਵਜੋਂ ਸੇਵਾ ਨਿਭਾਅ ਰਹੇ ਸਨ। ਇਹ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਹਾਈਕੋਰਟ 31 ਜੱਜਾਂ ਦੀ ਘਾਟ ਅਤੇ 4,36,351 ਤੋਂ ਵੱਧ ਬਕਾਇਆ ਕੇਸਾਂ ਨਾਲ ਜੂਝ ਰਹੀ ਹੈ। ਹਾਈਕੋਰਟ ਵਿੱਚ ਇਸ ਵੇਲੇ 85 ਜੱਜਾਂ ਦੀ ਮਨਜ਼ੂਰੀ ਹੈ ਪਰ ਇਸ ਵੇਲੇ 54 ਜੱਜ ਹਨ। ਇਸ ਸਾਲ ਤਿੰਨ ਜੱਜਾਂ ਦੀ ਸੇਵਾਮੁਕਤੀ ਅਤੇ ਅਗਲੇ ਸਾਲ ਤਿੰਨ ਹੋਰ ਜੱਜਾਂ ਦੀ ਸੇਵਾਮੁਕਤੀ ਤੋਂ ਬਾਅਦ ਇਹ ਸਥਿਤੀ ਹੋਰ ਉਲਝ ਸਕਦੀ ਹੈ।