ਹੜਤਾਲ ਕਰਨ ਵਾਲਿਆਂ ਨੂੰ ਤੁਰੰਤ ਡਿਊਟੀ ਤੋਂ ਜਾ ਸਕਦਾ ਹੈ ਹਟਾਇਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਦੇ ਕੱਚੇ ਕਾਮੇ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਹੜਤਾਲ ਨਹੀਂ ਕਰ ਸਕਣਗੇ। ਹੜਤਾਲ ਕਰਨ ਵਾਲੇ ਕੱਚੇ ਕਾਮਿਆਂ ਨੂੰ ਹੁਣ ਤੁਰੰਤ ਡਿਪੂਆਂ ਦੇ ਡਿਊਟੀ ਸੈਕਸ਼ਨ ਤੋਂ ਹਟਾ ਕੇ ਉਨ੍ਹਾਂ ਦੀ ਥਾਂ ਰੈਗੂਲਰ ਕਾਮਿਆਂ ਨੂੰ ਤਾਇਨਾਤ ਕਰ ਦਿੱਤਾ ਜਾਵੇਗਾ। ਇਹ ਹੁਕਮ ਪੰਜਾਬ ਟਰਾਂਸਪੋਰਟ ਵਿਭਾਗ ਵੱਲੋਂ ਸੂਬੇ ਦੇ ਸਾਰੇ ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਦੇ ਡਿਪੂ ਮੈਨੇਜਰਾਂ ਅਤੇ ਜਨਰਲ ਮੈਨੇਜਰ ਭੇਜੀ ਗਈ ਚਿੱਠੀ ਰਾਹੀਂ ਦਿੱਤੇ ਗਏ ਹਨ। ਚਿੱਠੀ ਵਿਚ ਲਿਖਿਆ ਗਿਆ ਹੈ ਕਿ ਸਾਰੇ ਡਿਪੂਆਂ ’ਚ ਆਊਟਸੋਰਸ ਅਤੇ ਠੇਕੇ ’ਤੇ ਕੰਮ ਕਰ ਰਹੇ ਮੁਲਾਜ਼ਮਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਹਰ ਮਹੀਨੇ ਡਿਪੂ ਬੰਦ ਕਰਨ, ਮੁਕੰਮਲ ਹੜਤਾਲ ਕਰਨ ਸਬੰਧੀ ਨੋਟਿਸ ਦਿੱਤੇ ਜਾਂਦੇ ਰਹੇ ਹਨ। ਇਸ ਨੂੰ ਧਿਆਨ ਵਿਚ ਰੱਖੇ ਹੋਏ ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਹੈ ਕਿ ਜੇਕਰ ਕੋਈ ਆਊਟਸੋਰਸ ਜਾਂ ਠੇਕਾ ਮੁਲਾਜ਼ਮ ਹੜਤਾਲ ’ਤੇ ਜਾਣ ਦਾ ਨੋਟਿਸ ਦਿੰਦਾ ਹੈ ਤਾਂ ਉਸੇ ਦਿਨ ਡਿਊਟੀ ਸੈਕਸ਼ਨ ’ਚ ਤਾਇਨਾਤ ਆਊਟਸੋਰਸ ਅਤੇ ਠੇਕਾ ਮੁਲ਼ਾਜਮਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਰੈਗੂਲਰ ਕਾਮਿਆਂ ਨੂੰ ਤਾਇਨਾਤ ਕਰ ਦਿੱਤਾ ਜਾਵੇਗਾ। ਧਿਆਨ ਰਹੇ ਕਿ ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਦੇ ਕੱਚੇ ਕਾਮੇ ਪਿਛਲੇ ਲੰਬੇ ਸਮੇਂ ਤੋਂ ਨੌਕਰੀ ’ਚ ਪੱਕਾ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਹੜਤਾਲਾਂ ਕਰਦੇ ਆ ਰਹੇ ਸਨ।