ਰਾਹੁਲ ਗਾਂਧੀ ਦਾ ਥਾਂ-ਥਾਂ ’ਤੇ ਕੀਤਾ ਗਿਆ ਭਰਵਾਂ ਸਵਾਗਤ
ਪਾਣੀਪਤ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਗਈ ਭਾਰਤ ਜੋੜੋ ਯਾਤਰਾ ਦਾ ਅੱਜ ਹਰਿਆਣਾ ਵਿਚ ਦੂਜਾ ਪੜਾਅ ਸ਼ੁਰੂ ਹੋ ਗਿਆ। ਅੱਜ ਦੀ ਯਾਤਰਾ ਹਰਿਆਣਾ ਦੇ ਪਿੰਡ ਕੁਰਾੜ ਤੋਂ ਸ਼ੁਰੂ ਹੋਈ, ਯਾਤਰਾ ਦੀ ਸ਼ੁਰੂਆਤ ਅੱਜ ਲਗਭਗ ਢਾਈ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਈ ਕਿਉਂਕਿ ਰਾਹੁਲ ਗਾਂਧੀ ਆਪਣੀ ਬਿਮਾਰ ਮਾਂ ਸੋਨੀਆ ਗਾਂਧੀ ਨੂੰ ਮਿਲਣ ਲਈ ਦਿੱਲੀ ਚਲੇ ਗਏ ਸਨ। ਪ੍ਰੰਤੂ ਰਾਹੁਲ ਗਾਂਧੀ ਸਮੇਂ ਸਿਰ ਦਿੱਲੀ ਤੋਂ ਵਾਪਸ ਨਹੀਂ ਆ ਸਕੇ ਅਤੇ ਸਵੇਰੇ 6 ਵਜੇ ਆਰੰਭ ਹੋਣ ਵਾਲੀ ਯਾਤਰਾ ਸਾਢੇ 8 ਵਜੇ ਰਾਹੁਲ ਗਾਂਧੀ ਦੇ ਪਾਣੀਪਤ ਪਹੁੰਚਦਿਆਂ ਹੀ ਸ਼ੁਰੂ ਹੋਈ। ਰਾਹੁਲ ਗਾਂਧੀ ਦੀ ਪੈਦਲ ਯਾਤਰਾ ਨਿੰਬਰੀ, ੳਗਰਾਖੇੜੀ, ਮਾਰਬਲ ਮਾਰਕੀਟ, ਬਬੈਲ ਨਾਕਾ ਆਦਿ ਤੋਂ ਹੁੰਦੀ ਹੋਈ ਸੰਜੇ ਚੌਕ ਪਹੁੰਚੇਗੀ। ਇਹ ਸਾਰੀਆਂ ਥਾਵਾਂ ਸਨੌਲੀ ਰੋਡ ’ਤੇ ਹੀ ਸਥਿਤ ਹਨ। ਇਸੇ ਦੋਰਾਨ ਰਸਤੇ ’ਚ 6 ਥਾਵਾਂ ’ਤੇ ਸਵਾਗਤੀ ਗੇਟ ਬਣਾਏ ਗਏ, ਜਿੱਥੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ ਗਿਆ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 13 ਕਿਲੋਮੀਟਰ ਦਾ ਰਸਤਾ 5 ਘੰਟਿਆਂ ਵਿਚ ਤਹਿ ਕੀਤਾ । ਸੰਜੇ ਚੌਕ ਪਹੁੰਚਣ ਤੋਂ ਬਾਅਦ ਇਥੇ 2 ਘੰਟਿਆਂ ਲਈ ਬਰੇਕ ਲਈ ਗਈ ਅਤੇ ਇਸ ਤੋਂ ਬਾਅਦ ਯਾਤਰਾ ਅਗਲੇ ਪੜਾਅ ਵੱਲ ਵਧੀ।