ਪੱਛਮੀ ਬੰਗਾਲ ‘ਚ ਇਸ ਪੜਾਅ ਦੌਰਾਨ ਵੀ ਹਿੰਸਾ, ਪੁਲਵਾਮਾ ‘ਚ ਬੂਥ ‘ਤੇ ਗਰਨੇਡ ਨਾਲ ਹਮਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਦੌਰਾਨ ਅੱਜ 7 ਸੂਬਿਆਂ ਦੀਆਂ ਕੁੱਲ 51 ਸੀਟਾਂ ‘ਤੇ ਵੋਟਾਂ ਪਈਆਂ। ਇਸ ਪੜਾਅ ਦੌਰਾਨ 61 ਫੀਸਦੀ ਵੋਟਿੰਗ ਹੋਈ। ਅੱਜ ਜਿਨ੍ਹਾਂ ਸੀਟਾਂ ‘ਤੇ ਵੋਟਾਂ ਪਈਆਂ, ਉਥੋਂ 674 ਉਮੀਦਵਾਰ ਚੋਣ ਮੈਦਾਨ ਵਿਚ ਹਨ। ਧਿਆਨ ਰਹੇ ਕਿ ਇਨ੍ਹਾਂ 51 ਸੀਟਾਂ ‘ਤੇ 2014 ਵਿਚ ਭਾਜਪਾ ਨੇ 39 ਅਤੇ ਕਾਂਗਰਸ ਨੇ ਸਿਰਫ 2 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ। ਪੱਛਮੀ ਬੰਗਾਲ ਵਿਚ ਲਗਾਤਾਰ ਪੰਜਵੇਂ ਪੜਾਅ ਵਿਚ ਵੀ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪੱਛਮੀ ਬੰਗਾਲ ਦੇ ਬੈਰਕਪੁਰ ਵਿਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਕਾਰਕੁੰਨਾਂ ਵਿਚ ਤਿੱਖੀਆਂ ਝੜਪਾਂ ਹੋਈਆਂ। ਇਸੇ ਤਰ੍ਹਾਂ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਰੋਹਮੂ ਪੋਲਿੰਗ ਬੂਥ ‘ਤੇ ਵੋਟਿੰਗ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਗਰਨੇਡ ਨਾਲ ਹਮਲਾ ਕੀਤਾ, ਪਰ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਪੁਲਵਾਮਾ ਤੋਂ ਮਹਿਬੂਬਾ ਮੁਫਤੀ ਸਮੇਤ 18 ਉਮੀਦਵਾਰ ਚੋਣ ਮੈਦਾਨ ਵਿਚ ਹਨ। ਅਮੇਠੀ ਵਿਚ ਭਾਜਪਾ ਉਮੀਦਵਾਰ ਸਮਿਰਤੀ ਇਰਾਨੀ ਨੇ ਇਲਜ਼ਾਮ ਲਗਾਇਆ ਕਿ ਕਾਂਗਰਸੀਆਂ ਨੇ ਬੂਥਾਂ ‘ਤੇ ਕਬਜ਼ੇ ਵੀ ਕੀਤੇ।