ਮੁੱਖ ਮੰਤਰੀ ਵਲੋਂ ਕਿਸਾਨਾਂ ਨੂੰ ਜ਼ਮੀਨ ਮੁਫਤ ਮੋੜਨ ਦਾ ਐਲਾਨ, ਮਹਿਜ਼ 20 ਮਿੰਟਾਂ ਵਿਚ ਸਰਬਸੰਮਤੀ ਨਾਲ ਮਿਲੀ ਬਿਲ ਨੂੰ ਪ੍ਰਵਾਨਗੀ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਨੇ ‘ਪੰਜਾਬ ਸਤਲੁਜ-ਯਮੁਨਾ ਲਿੰਕ ਨਹਿਰ ਜ਼ਮੀਨ (ਮਾਲਕੀ ਹੱਕਾਂ ਦਾ ਤਬਾਦਲਾ) ਬਿੱਲ, 2016’ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਸੂਬਾ ਸਰਕਾਰ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ (ਐਸਵਾਈਐਲ) ਲਈ ਐਕੁਆਇਰ ਕੀਤੀ ઠਗਈ 3928 ਏਕੜ ਜ਼ਮੀਨ ਕਿਸਾਨਾਂ ਨੂੰ ਵਾਪਸ ਦੇਣ ਦਾ ਰਾਹ ਸਾਫ ਹੋ ਗਿਆ ਹੈ। ਇਹ ਜ਼ਮੀਨ ਮੁਫ਼ਤ ਮੋੜੀ ਜਾਵੇਗੀ। ਪਾਣੀ ਦੇ ਮੁੱਦੇ ਉੱਤੇ ਸਿਆਸੀ ਸਿਹਰਾ ਲੈਣ ਦੀ ਕੋਸ਼ਿਸ਼ ਦੇ ਬਾਵਜੂਦ ਇਹ ਬਿਲ ਮਹਿਜ਼ ਵੀਹ ਮਿੰਟਾਂ ਵਿੱਚ ਪਾਸ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਸਰਕਾਰ ਨੇ ਜ਼ਮੀਨ ਮਾਲਕਾਂ ਜਾਂ ਉਨ੍ਹਾਂ ਦੇ ਵਾਰਸਾਂ ਨੂੰ ਉਨ੍ਹਾਂ ਵੱਲੋਂ ਜ਼ਮੀਨ ਲਈ ਹਾਸਲ ਕੀਤੇ ਸਾਰੇ ਬਣਦੇ ਲਾਭਾਂ ਦੇ ਨਾਲ ਮੁਆਵਜ਼ੇ ਦੀ ਸਮੁੱਚੀ ਰਕਮ 60 ਇਕਸਾਰ ਕਿਸ਼ਤਾਂ ਵਿਚ ਵਿਆਜ ਸਮੇਤ ਵਾਪਸ ਮੋੜੇ ਜਾਣ ਦੀ ਤਜ਼ਵੀਜ ਦਿੱਤੀ ਸੀ। ਕਿਸ਼ਤਾਂ ਨੋਟੀਫਿਕੇਸ਼ਨ ਜਾਰੀ ਕਰਨ ਦੀ ਮਿਤੀ ਦੇ ਛੇ ਮਹੀਨਿਆਂ ਦੀ ਅੰਤਮ ਮਿਤੀ ਤੋਂ ਸ਼ੁਰੂ ਹੋਣੀਆਂ ਸਨ। ਪਰ ਬਿਲ ਪੇਸ਼ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਜ਼ਮੀਨ ਮੁਫ਼ਤ ਮੋੜੀ ਜਾਵੇਗੀ ਤੇ ਜੋ ਪੈਸਾ ਸਰਕਾਰ ਨੂੰ ਦਿੱਤਾ ਜਾਣਾ ਸੀ ਉਹ ਕਿਸਾਨ ਆਪਣੀ ਜ਼ਮੀਨ ਠੀਕ ਕਰਨ ਉੱਤੇ ਖਰਚ ਲੈਣਗੇ।
ਇਸੇ ਦੌਰਾਨ ਬਿਲ ਮਨਜ਼ੂਰ ਕਰਵਾਉਣ ਲਈ ਪੰਜਾਬ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਦੇ ਵਿਧਾਇਕਾਂ ਵੱਲੋਂ ਸ਼ਾਮ ਸੱਤ ਵਜੇ ਮਿਲਣ ਦੀ ਅਪੀਲ ਠੁਕਰਾ ਦਿੱਤੀ। ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਐਸ.ਕੇ. ਸੰਧੂ ਨੇ ਰਾਜਪਾਲ ਤੋਂ ਸਮਾਂ ਮੰਗਿਆ ਸੀ। ਸੋਮਵਾਰ ਨੂੰ ਸਿਫਰ ਕਾਲ ਤੋਂ ਪਹਿਲਾਂ ਵਿਧਾਨ ਸਭਾ ਵਿੱਚ ਪਾਣੀ ਦੇ ਮੁੱਦੇ ਉੱਤੇ ਸਿਹਰਾ ਲੈਣ ਲਈ ਜ਼ੋਰ ਅਜ਼ਮਾਈ ਹੋਈ ਪਰ ਬਿਲ 20 ਮਿੰਟਾਂ ਅੰਦਰ ਪਾਸ ਹੋ ઠਗਿਆ। ਇਸ ਮੌਕੇ ਪੰਜਾਬ ਵਿਧਾਨ ਸਭਾ ਨੇੜੇ ਹੀ ਹਰਿਆਣਾ ਵਿਧਾਨ ਸਭਾ ਅੰਦਰ ਪੰਜਾਬ ਤੋਂ ਪਾਣੀ ਦਾ ਹਿੱਸਾ ਲੈਣ ਲਈ ਨਾਅਰੇਬਾਜ਼ੀ ਹੋ ਰਹੀ ਸੀ। ਬਾਦਲ ਨੇ ਬਿਲ ਪੇਸ਼ ਕਰਦਿਆਂ ਕਿਹਾ ਕਿ ਸੂਬੇ ਕੋਲ ਇਕ ਬੂੰਦ ਵੀ ਫਾਲਤੂ ਪਾਣੀ ਨਹੀਂ ਹੈ। ਜ਼ਿਕਰਯੋਗ ਹੈ ਕਿ ਪਹਿਲੇ ਦਿਨ ਐਕੁਆਇਰ ਕੀਤੀ ਗਈ ਜ਼ਮੀਨ 5376 ਏਕੜ ਦੱਸੀ ਗਈ ਸੀ ਪਰ ਨਵੇਂ ਵੇਰਵਿਆਂ ਅਨੁਸਾਰ ਇਹ ਜ਼ਮੀਨ 3928 ਏਕੜ ਹੈ। ਸਰਕਾਰ ਨੇ ਰੋਪੜ, ਮੁਹਾਲੀ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਆਉਂਦੀਆਂ ਐਸਵਾਈਐਲ ਨਾਲ ਸਬੰਧਤ ਜ਼ਮੀਨ ਦੇ ਕਲੇਮ ਨਿਬੇੜਨ ਲਈ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਿੱਚ ਕਮੇਟੀਆਂ ਬਣਾਉਣ ਦਾ ਫੈਸਲਾ ਕੀਤਾ ਹੈ।
ਬਾਦਲ ਵੱਲੋਂ ਪੰਜਾਬੀਆਂ ਨੂੰ ਲੰਮੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ‘ਚ ਹਾਕਮ ਅਤੇ ਵਿਰੋਧੀ ਧਿਰ ਦਰਮਿਆਨ ਰਾਜਪਾਲ ਦੇ ਭਾਸ਼ਣ ‘ਤੇ ਹੋਈ ਬਹਿਸ ਦੌਰਾਨ ਤਿੱਖੀਆਂ ਝੜੱਪਾਂ ਹੋਈਆਂ। ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੀਤੀਆਂ ਟਿੱਪਣੀਆਂ ਤੋਂ ਅਕਾਲੀ ਦੇ ਵਿਧਾਇਕ ਰੋਹ ਵਿਚ ਆ ਗਏ ਤੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਸਦਨ ਦੀ ਕਾਰਵਾਈ ਦੋ ਵਾਰੀ ਉਠਾਉਣੀ ਪਈ। ਵੜਿੰਗ ਵੱਲੋਂ ਸਦਨ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਹੀ ਕਾਰਵਾਈ ਚੱਲ ਸਕੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਹਿਸ ਨੂੰ ਸਮੇਟਦਿਆਂ ਜਿੱਥੇ ਦਰਿਆਈ ਪਾਣੀਆਂ ਨੂੰ ਬਚਾਉਣ ਲਈ ਪੰਜਾਬੀਆਂ ਨੂੰ ਲੰਮੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ, ਉਥੇ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਨੇ ਸੂਬੇ ‘ਚ ਸਿਆਸੀ, ਆਰਥਿਕ ਤੇ ਕਾਨੂੰਨ ਵਿਵਸਥਾ ਦੇ ਨਿਘਾਰ ਲਈ ਅਕਾਲੀ-ਭਾਜਪਾ ਸਰਕਾਰ ਨੂੰ ਦੋਸ਼ੀ ਠਹਿਰਾਇਆ।
Check Also
ਜ਼ਿਮਨੀ ਚੋਣਾਂ ਜਿੱਤਣ ਮਗਰੋਂ ‘ਆਪ’ ਨੇ ਪਟਿਆਲਾ ਤੋਂ ਸ਼ੁਰੂ ਕੀਤੀ ਧੰਨਵਾਦ ਯਾਤਰਾ
ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਅਗਵਾਈ ’ਚ ਅੰਮਿ੍ਰਤਸਰ ਪਹੁੰਚ ਕੇ ਸੰਪੰਨ ਹੋਵੇਗੀ ਧੰਨਵਾਦ ਯਾਤਰਾ ਪਟਿਆਲਾ/ਬਿਊਰੋ …