Breaking News
Home / ਪੰਜਾਬ / ਹੜ੍ਹਾਂ ਨੇ ਝੰਭਿਆ ਪੰਜਾਬ-ਹਰਿਆਣਾ ਹੱਦ ‘ਤੇ ਵਸਦਾ ਪਿੰਡ ਅਰਨੇਟੂ

ਹੜ੍ਹਾਂ ਨੇ ਝੰਭਿਆ ਪੰਜਾਬ-ਹਰਿਆਣਾ ਹੱਦ ‘ਤੇ ਵਸਦਾ ਪਿੰਡ ਅਰਨੇਟੂ

ਜ਼ਮੀਨ ਵਿੱਚ ਪਏ ਡੂੰਘੇ ਖੱਡੇ; ਮਕਾਨ ਡਿੱਗੇ, ਕੰਧਾਂ ਵਿੱਚ ਤਰੇੜਾਂ ਆਈਆਂ
ਪਾਤੜਾਂ/ਬਿਊਰੋ ਨਿਊਜ਼ : ਘੱਗਰ ਦੇ ਕੰਢੇ ਅਤੇ ਹਰਿਆਣਾ ਦੀ ਹੱਦ ਉੱਤੇ ਵੱਸਦੇ ਪੰਜਾਬ ਦੇ ਆਖ਼ਰੀ ਪਿੰਡ ਅਰਨੇਟੂ ਵਿੱਚ ਹੜ੍ਹਾਂ ਨੇ ਬਹੁਤ ਤਬਾਹੀ ਮਚਾਈ ਹੈ। ਹੜ੍ਹਾਂ ਕਾਰਨ ਪਿੰਡ ਵਾਸੀਆਂ ਦੇ ਘਰ-ਬਾਰ ਤੇ ਰੁਜ਼ਗਾਰ ਖੁੱਸ ਗਏ ਹਨ ਤੇ ਇਥੇ ਹੋਈ ਬਰਬਾਦੀ ਨੂੰ ਵੇਖ ਕੇ ਦਿਲ ਦਹਿਲਦਾ ਹੈ। ਇਥੋਂ ਦੀ ਜ਼ਮੀਨ ਵਿਚਲੇ ਡੂੰਘੇ ਖੱਡਿਆਂ, ਡਿੱਗੇ ਮਕਾਨ, ਕੰਧਾਂ ਵਿੱਚ ਤਰੇੜਾਂ, ਪਸ਼ੂਆਂ ਦੇ ਮਰਨ ਨਾਲ ਪਿੰਡ ਵਾਸੀਆਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਕੁਦਰਤੀ ਕਰੋਪੀ ਤੋਂ ਉਭਰਦੇ ਲੋਕ ਸਰਕਾਰ ਦੀ ਆਲੋਚਨਾ ਰਹੇ ਹਨ ਤੇ ਮਦਦ ਲਈ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰ ਰਹੇ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਰਾਮਪੁਰ ਪੜਤਾ ਤੇ ਹਰਿਆਣਾ ਵੱਲੋਂ ਦਸ ਫੁੱਟ ਤਕ ਆਈਆਂ ਪਾਣੀ ਦੀਆਂ ਛੱਲਾਂ ਨੇ ਪਲਾਂ ਵਿਚ ਹੀ ਸਭ ਕੁਝ ਤਹਿਸ-ਨਹਿਸ ਕਰ ਦਿੱਤਾ ਸੀ। ਉਨ੍ਹਾਂ ਬਰਬਾਦੀ ਦੇ ਦ੍ਰਿਸ਼ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜ਼ਮੀਨ ਵਿਚ ਪਏ ਡੂੰਘੇ ਖੱਡੇ ਅਰਮਾਨਾਂ ਨੂੰ ਢਹਿ-ਢੇਰੀ ਕਰਦੇ ਹਨ, ਘਰਾਂ ਦੀਆਂ ਤਰੇੜਾਂ ਸੀਨੇ ਨੂੰ ਚੀਰਦੀਆਂ ਤੇ ਡਿੱਗੇ ਮਕਾਨ ਉਨ੍ਹਾਂ ਨੂੰ ਪੈਰਾਂ ‘ਤੇ ਖੜ੍ਹੇ ਹੋਣੋਂ ਅਸਮਰੱਥ ਕਰਦੇ ਹਨ। ਦੁੱਖ ਦੀ ਘੜੀ ਵਿਚ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ, ਇਸ ਦੌਰਾਨ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਆਇਆ, ਉਹ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਰਿਣੀ ਹਨ। ਘਰਾਂ ‘ਚ ਪਿਆ ਘਰੇਲੂ ਸਾਮਾਨ ਰੁੜ੍ਹ ਜਾਣ ਜਾਂ ਜ਼ਮੀਨ ਧੱਸਣ ਕਾਰਨ ਉਹ ਆਰਥਿਕ ਪੱਖੋਂ ਟੁੱਟ ਗਏ ਹਨ। ਫ਼ਸਲਾਂ ਦੇ ਗਲਣ-ਸੜਨ ਦੀ ਬਦਬੂ ਤੇ ਬਿਮਾਰੀਆਂ ਫੈਲਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ।
ਬੋਰਾਂ ‘ਚ ਗੰਧਲਾ ਪਾਣੀ ਆਉਣ ਕਰ ਕੇ ਉਹ ਮੁੱਲ ਦਾ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਗਿਲਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਹਵਾਈ ਸਰਵੇਖਣ ਵੀ ਨਹੀਂ ਕੀਤਾ। ਸੜਕ ਨੂੰ ਪੰਜਾਬ ਨਾਲ ਜੋੜਨ ਦਾ ਕੰਮ ਸ਼ੁਰੂ : ਪਿੰਡ ਨੂੰ ਮੁੜ ਪੰਜਾਬ ਨਾਲ ਜੋੜਨ ਲਈ ਪੁਲ ਅੱਗੋਂ ਰੁੜੀ ਸੈਂਕੜੇ ਮੀਟਰ ਸੜਕ ਵਿੱਚ ਟਰਾਲੀਆਂ ਨਾਲ ਮਿੱਟੀ ਪਾਉਣ ਦਾ ਕੰਮ ਸ਼ੁਰੂ ਹੋਇਆ ਹੈ। ਇਸੇ ਦੌਰਾਨ ਅਕਾਲੀ ਆਗੂ ਤੇ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਮੈਂਬਰ ਨਿਧਾਨ ਸਿੰਘ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਚੈੱਕਅਪ ਅਤੇ ਮੈਡੀਕਲ ਕੈਂਪ ਲਗਵਾਉਣਗੇ। ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਉਨ੍ਹਾਂ ਅਰਨੇਟੂ ਜਾ ਕੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਉਨ੍ਹਾਂ ਨਾਲ ਖੜ੍ਹੀ ਹੈ ਤੇ ਜਲਦੀ ਹੀ ਫ਼ਸਲਾਂ, ਡਿੱਗੇ ਘਰਾਂ ਤੇ ਮਰੇ ਪਸ਼ੂਆਂ ਦਾ ਮੁਆਵਜ਼ਾ ਦਿੱਤਾ ਜਾਵੇਗਾ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …