Breaking News
Home / ਦੁਨੀਆ / ਕੈਨੇਡਾ ਦੀ ਕੌਂਸਲ ਜਨਰਲ ਮੀਆ ਯੇਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਕੈਨੇਡਾ ਦੀ ਕੌਂਸਲ ਜਨਰਲ ਮੀਆ ਯੇਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਮੀਆ ਯੇਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੀ ਕੀਤਾ ਦੌਰਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਕੈਨੇਡਾ ਦੇ ਚੰਡੀਗੜ੍ਹ ਸਥਿਤ ਦੂਤਾਵਾਸ ਦੀ ਕੌਂਸਲ ਜਨਰਲ ਮੀਆ ਯੇਨ ਬੁੱਧਵਾਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨਾਲ ਮਿਸਟਰ ਜੌਹਨ ਵੀ ਮੌਜੂਦ ਸਨ। ਉਨ੍ਹਾਂ ਦੀ ਫੇਰੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ, ਸਿੱਖ ਰਵਾਇਤਾਂ, ਸਿੱਖ ਸਿਧਾਂਤਾਂ ਬਾਰੇ ਜਾਣਕਾਰੀ ਦਿੱਤੀ।
ਮੀਆ ਯੇਨ ਨੇ ਆਪਣੀ ਇਸ ਯਾਤਰਾ ਨੂੰ ਯਾਦਗਾਰੀ ਦੱਸਿਆ ਤੇ ਯਾਤਰੂ ਕਿਤਾਬ ਵਿਚ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਲਿਖਿਆ ਕਿ ‘ਇਹ ਅਸਥਾਨ ਖ਼ੂਬਸੂਰਤ ਅਤੇ ਬੇਹੱਦ ਵਿਲੱਖਣ ਹੈ। ਇਹ ਸਾਰਿਆਂ ਨੂੰ ਸੇਵਾ, ਸ਼ਰਧਾ ਤੇ ਨਿਮਰਤਾ ਸਿਖਾਉਂਦਾ ਹੈ।’ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਚ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘਾ ਤੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੇ ਮੀਆ ਯੇਨ ਤੇ ਮਿਸਟਰ ਜੌਹਨ ਨੂੰ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਆ।
ਇਸੇ ਦੌਰਾਨ ਮੀਆ ਯੇਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਤੇ ਕੈਨੇਡਾ ਦੇ ਵਿੱਦਿਅਕ ਅਦਾਰਿਆਂ ਵਿਚ ਡਿਊਲ ਡਿਗਰੀ (ਦੋਹਰੀ) ਜਿਹੇ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ ਤਾਂ ਜੋ ਦੋਹਾਂ ਦੇਸ਼ਾਂ ਦੇ ਵਿਦਿਆਰਥੀ ਉਚੇਰੀ ਸਿੱਖਿਆ ਦੇ ਖੇਤਰ ਵਿਚ ਆਪਣੀ ਡਿਗਰੀ ਕਿਸੇ ਵੀ ਦੇਸ਼ ਵਿਚ ਪੂਰੀ ਕਰ ਸਕਣ।
ਉਨ੍ਹਾਂ ਕਿਹਾ ਕਿ ਕਿੱਤੇ ਦੀ ਲੋੜ ਅਨੁਸਾਰ ਨਵੇਂ ਕੋਰਸ ਵੀ ਸ਼ੁਰੂ ਕੀਤੇ ਜਾ ਸਕਦੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਕੈਨੇਡਾ ਦੇ ਦੂਤਾਵਾਸ ਵਿਚਾਲੇ ਉੱਚ ਸਿਖਿਆ ਅਤੇ ਖੋਜ ਦੇ ਖੇਤਰ ਵਿਚ ਸਹਿਯੋਗ ਲਈ ਉਨ੍ਹਾਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫ਼ੈਸਰ (ਡਾ.)ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ ਪ੍ਰੋਫ਼ੈਸਰ ਕਮਲਜੀਤ ਸਿੰਘ, ਪ੍ਰੋਫ਼ੈਸਰ ਸ਼ਵੇਤਾ ਸ਼ਿਨੌਏ, ਪ੍ਰੋਫ਼ੈਸਰ ਪ੍ਰੀਤ ਮੋਹਿੰਦਰ ਸਿੰਘ ਬੇਦੀ, ਪ੍ਰੋ.ਗੀਤਾ ਹੁੰਦਲ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਮਗਰੋਂ ਇਹ ਪ੍ਰਗਟਾਵਾ ਕੀਤਾ। ਪ੍ਰੋ.ਸੰਧੂ ਨੇ ਮੀਆ ਯੇਨ ਨੂੰ ਯੂਨੀਵਰਸਿਟੀ ਤੇ ਅੰਮ੍ਰਿਤਸਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਕੈਨੇਡਾ ਦੇ ਵਿੱਦਿਅਕ ਅਦਾਰਿਆਂ ਨਾਲ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਸਮਝੌਤੇ ਕੀਤੇ ਜਾਣਗੇ। ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਦੁਵੱਲੇ ਸਬੰਧ ਦੋਵਾਂ ਮੁਲਕਾਂ ਦੇ ਨਿਰੰਤਰ ਵਿਕਾਸ ਲਈ ਮਹੱਤਵ ਰੱਖਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਉੱਚ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਕੈਨੇਡਾ ਦੀ ਸਰਕਾਰ ਨਾਲ ਸਮਝੌਤਾ ਕਰੇਗੀ। ਇਹ ਸਮਝੌਤਾ ਸੰਯੁਕਤ ਖੋਜ ਪ੍ਰਾਜੈਕਟਾਂ ਨਾਲ ਸਬੰਧਤ ਫੈਕਲਟੀ ਦੇ ਮੈਂਬਰਾਂ, ਅਜਿਹੇ ਉਦੇਸ਼ਾਂ ਲਈ ਦੌਰੇ ਕਰਨ ਅਤੇ ਲੋੜ ਪੈਣ ‘ਤੇ ਬਾਹਰੀ ਫੰਡਿੰਗ ਏਜੰਸੀਆਂ ਤੋਂ ਖੋਜ ਫੰਡਾਂ ਲਈ ਸਾਂਝੀਆਂ ਅਰਜ਼ੀਆਂ ਲਈ ਅੰਤਰਰਾਸ਼ਟਰੀ ਪ੍ਰੋਗਰਾਮਾਂ ਨੂੰ ਸ਼ਾਮਲ ਕਰੇਗਾ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …