ਰਾਜ ਭਵਨ ਵੱਲ ਜਾਂਦੇ ਉਗਰਾਹਾਂ ਦੇ ਕਾਰਕੁਨਾਂ ਨੂੰ ਪੁਲਿਸ ਨੇ ਰਾਹ ਵਿੱਚ ਰੋਕਿਆ
ਮੁਹਾਲੀ/ਬਿਊਰੋ ਨਿਊਜ਼ : ਮਨੀਪੁਰ ਵਿੱਚ ਦੋ ਔਰਤਾਂ ਦੀ ਨਗਨ ਪਰੇਡ ਅਤੇ ਦੇਸ਼ ਭਰ ਵਿੱਚ ਭਾਜਪਾ ਹਕੂਮਤ ਦੀਆਂ ਨਫ਼ਰਤ ਭਰੀ ਨੀਤੀਆਂ ਵਿਰੁੱਧ ਪੰਜਾਬ ਦੀਆਂ ਮਹਿਲਾਵਾਂ ਨੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਮੁਹਾਲੀ ‘ਚ ਰੋਸ ਪ੍ਰਦਰਸ਼ਨ ਕੀਤਾ ਅਤੇ ਰਾਜ ਭਵਨ ਵੱਲ ਕੂਚ ਕਰਨ ਦਾ ਯਤਨ ਕੀਤਾ।
ਪੰਜਾਬ ਭਰ ‘ਚੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਬੀਬੀਆਂ ਮੁਹਾਲੀ ‘ਚ ਪੁੱਡਾ ਗਰਾਊਂਡ ਵਿੱਚ ਇਕੱਠੇ ਹੋਏ। ਉਨ੍ਹਾਂ ਮਨੀਪੁਰ ਘਟਨਾ ਅਤੇ ਹੋਰ ਭਖਦੇ ਮੁੱਦਿਆਂ ‘ਤੇ ਚਰਚਾ ਕਰਨ ਮਗਰੋਂ ਬਾਅਦ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਰਾਜ ਭਵਨ ਵੱਲ ਕੂਚ ਕੀਤਾ ਪਰ ਪੰਜਾਬ ਸਕੂਲ ਸਿੱਖਿਆ ਬੋਰਡ ਪਿੱਛੇ ਨੇਚਰ ਪਾਰਕ ਨੇੜੇ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਪੁਲਿਸ ਨੇ ਬੈਰੀਕੇਡਿੰਗ ਕਰਕੇ ਪ੍ਰਦਰਸ਼ਨਕਾਰੀਆਂ ਦਾ ਰਾਹ ਰੋਕ ਲਿਆ। ਇਸ ਮਗਰੋਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ 20 ਮੈਂਬਰੀ ਵਫ਼ਦ ਨੂੰ ਰਾਜਪਾਲ ਨਾਲ ਮੁਲਾਕਾਤ ਕਰਵਾਉਣ ਲਈ ਲਿਜਾਇਆ ਗਿਆ ਜਿੱਥੇ ਉਨ੍ਹਾਂ ਮੰਗ ਪੱਤਰ ਦੇ ਕੇ ਆਰੋਪੀਆਂ ਨੂੰ ਮਿਸਾਲੀ ਸਜ਼ਾਵਾਂ ਦੇਣ ਦੀ ਮੰਗ ਕੀਤੀ।
ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਮਨੀਪੁਰ ਸਰਕਾਰ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਨੂੰ ਜਵਾਬਦੇਹ ਬਣਾਇਆ ਜਾਵੇ।
ਉਨ੍ਹਾਂ ਮੰਗ ਕੀਤੀ ਕਿ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਬੇਪੱਤ ਕਰਨ ਵਾਲੀ ਭੀੜ ਜੁਟਾਉਣ ਵਾਲੇ ਆਰੋਪੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਕਤਲੋ ਗਾਰਤ ਸਾੜ ਫੂਕ, ਲੁੱਟਮਾਰ, ਪਿੰਡਾਂ ਦਾ ਉਜਾੜਾ ਅਤੇ ਧਾਰਮਿਕ ਸਥਾਨਾਂ ਦੀ ਬੇਹੁਰਮਤੀ ਬੰਦ ਕੀਤੀ ਜਾਵੇ, ਮਨੀਪੁਰ ਦੇ ਕਬਾਇਲੀ ਭਾਈਚਾਰਿਆਂ ਦੇ ਜਲ, ਜੰਗਲ ਤੇ ਜ਼ਮੀਨਾਂ ਹਥਿਆਉਣ ਅਤੇ ਹਿੰਸਕ ਫੈਸਲੇ ਵਾਪਸ ਲਏ ਜਾਣ, ਫਿਰਕੂ ਤੇ ਭਾਈਚਾਰਕ ਅਮਨ ਦੀ ਬਹਾਲੀ ਯਕੀਨੀ ਬਣਾਈ ਜਾਵੇ, ਜੰਗਲ ਸੰਭਾਲ (ਸੋਧ) ਕਾਨੂੰਨ 2023 ਵਾਪਸ ਲਿਆ ਜਾਵੇ। ਮਹਿਲਾ ਕਿਸਾਨ ਆਗੂਆਂ ਨੇ ਆਰੋਪ ਲਾਇਆ ਕਿ ਭਾਜਪਾ ਹਕੂਮਤ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਹਿੰਦੂ ਬਹੁਗਿਣਤੀ ਦਾ ਵੋਟ ਲਾਹਾ ਲੈਣ ਲਈ ਅਜਿਹੇ ਹਾਲਾਤ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫ਼ਿਰਕਾਪ੍ਰਸਤੀ ਤਹਿਤ ਘੱਟ ਗਿਣਤੀ ਕੁਕੀ ਆਦਿਵਾਸੀ ਕਬੀਲੇ ਨੂੰ ਨਿਸ਼ਾਨਾ ਬਣਾ ਕੇ ਸੈਂਕੜੇ ਪਿੰਡਾਂ ਅਤੇ ਚਰਚ ਘਰਾਂ ਨੂੰ ਸਾੜਨਾ, 150 ਤੋਂ ਵੱਧ ਕਤਲ ਅਤੇ ਪਿੰਡਾਂ ਦਾ ਉਜਾੜਾ ਕਰਨ ਸਮੇਤ ਔਰਤਾਂ ‘ਤੇ ਅੱਤਿਆਚਾਰ ਇਸੇ ਨੀਤੀ ਦਾ ਹਿੱਸਾ ਹੈ।
ਇਸ ਮੌਕੇ ਜੋਗਿੰਦਰ ਸਿੰਘ ਉਗਰਾਹਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਹਿਲਾਵਾਂ ਹਾਜ਼ਰ ਸਨ।
Check Also
ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ
ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …