Breaking News
Home / ਪੰਜਾਬ / ਦਾਦੂਵਾਲ ਤੇ ਰਣਜੀਤ ਸਿੰਘ ਰਿਪੋਰਟ ਨੂੰ ਲੈ ਕੇ ਅਕਾਲੀ ਦਲ ਨੇ ਦੋ ਵਾਰ ਕੀਤਾ ਵਾਕ ਆਊਟ, ਬਾਹਰ ਚਲਾਈ ਵੱਖਰੀ ਵਿਧਾਨ ਸਭਾ

ਦਾਦੂਵਾਲ ਤੇ ਰਣਜੀਤ ਸਿੰਘ ਰਿਪੋਰਟ ਨੂੰ ਲੈ ਕੇ ਅਕਾਲੀ ਦਲ ਨੇ ਦੋ ਵਾਰ ਕੀਤਾ ਵਾਕ ਆਊਟ, ਬਾਹਰ ਚਲਾਈ ਵੱਖਰੀ ਵਿਧਾਨ ਸਭਾ

‘ਆਪ’ ਵਿਧਾਇਕ ਬਹਿਸ ‘ਚ ਰਹੇ ਮੌਜੂਦ, ਅਕਾਲੀ ਦਲ ਖਿਲਾਫ ਨਿੰਦਾ ਮਤਾ ਪਾਸ, ਸ਼੍ਰੋਮਣੀ ਅਕਾਲੀ ਦਲ ਜਾਣ ਬੁੱਝ ਕੇ ਬਹਿਸ ‘ਚੋਂ ਭੱਜਿਆ
ਚੰਡੀਗੜ੍ਹ : ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੇ ਮੰਗਲਵਾਰ ਨੂੰ ਆਖਰੀ ਦਿਨ ਅਕਾਲੀ ਦਲ ਨੇ ਦੋ ਵਾਰ ਵਾਕ ਆਊਟ ਕੀਤਾ। ਪ੍ਰਸ਼ਨ ਕਾਲ ਤੋਂ ਬਾਅਦ ਸਿਫਰ ਕਾਲ ਦੌਰਾਨ ਜਦ ਸੁਖਬੀਰ ਬਾਦਲ ਵਲੋਂ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਕੈਪਟਨ ਨਾਲ ਮੁਲਾਕਾਤ ਦਾ ਆਰੋਪ ਲਗਾਇਆ ਤਾਂ ਮੁੱਖ ਮੰਤਰੀ ਨੇ ਆਰੋਪਾਂ ਦੀ ਜਾਂਚ ਲਈ ਇਕ ਹਾਊਸ ਕਮੇਟੀ ਦਾ ਗਠਨ ਕਰ ਦਿੱਤਾ। ਟਾਵਰ ਲੋਕੇਸ਼ਨ ਤੋਂ ਇਲਾਵਾ ਹੋਟਲਾਂ ਅਤੇ ਫਾਰਮ ਹਾਊਸਾਂ ਵਿਚ ਹੋਈ ਮੀਟਿੰਗ ਦੀ ਜਾਂਚ ਦੀ ਮੰਗ ਕਰਦੇ ਹੋਏ ਅਕਾਲੀਆਂ ਨੇ ਵਾਕ ਆਊਟ ਕਰ ਦਿੱਤਾ। ਕਰੀਬ ਦਸ ਮਿੰਟਾਂ ਤੱਕ ਸਦਨ ਤੋਂ ਬਾਹਰ ਰਹਿਣ ਤੋਂ ਬਾਅਦ ਅਕਾਲੀ ਵਿਧਾਇਕ ਦੁਬਾਰਾ ਸਦਨ ਵਿਚ ਪਹੁੰਚੇ।
ਇਸ ਤੋਂ ਬਾਅਦ ਸਪੀਕਰ ਰਾਣਾ ਕੇਪੀ ਸਿੰਘ ਨੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਬਹਿਸ ਲਈ ਸਮਾਂ ਸੀਮਾ ਦਾ ਐਲਾਨ ਕੀਤਾ, ਉਸ ‘ਤੇ ਅਕਾਲੀ ਦਲ ਅਤੇ ‘ਆਪ’ ਵਿਧਾਇਕਾਂ ਨੇ ਇਤਰਾਜ਼ ਕੀਤਾ। ਅਕਾਲੀ ਦਲ ਦੇ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਨੇੜੇ ਜਾ ਕੇ ਨਾਅਰੇਬਾਜ਼ੀ ਕੀਤੀ। ਅਕਾਲੀ ਦਲ ਹੰਗਾਮੇ ਦੇ ਚੱਲਦਿਆਂ ਸਦਨ ਦੀ ਕਾਰਵਾਈ 15 ਮਿੰਟ ਲਈ ਰੋਕ ਦਿੱਤੀ ਗਈ। ਇਸ ਤੋਂ ਬਾਅਦ ਅਕਾਲੀ ਨੇਤਾ ਸਦਨ ਵਿਚੋਂ ਵਾਕ ਆਊਟ ਕਰ ਗਏ। ਹਾਲਾਂਕਿ ਅਕਾਲੀ ਦਲ ਦੇ ਵਾਕ ਆਊਟ ‘ਤੇ ਕਾਂਗਰਸ ਨੇ ਕਿਹਾ ਕਿ ਅਕਾਲੀ ਦਲ ਬਹਿਸ ਤੋਂ ਭੱਜ ਰਿਹਾ ਹੈ। ਜਦ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਬਹਿਸ ਸ਼ੁਰੂ ਹੋਈ ਤਾਂ ਅਕਾਲੀ ਦਲ ਨੇ ਇਹ ਕਹਿੰਦੇ ਹੋਏ ਸਦਨ ਦਾ ਵਾਕ ਆਊਟ ਕਰ ਦਿੱਤਾ ਕਿ ਉਨ੍ਹਾਂ ਨੂੰ ਇਸ ‘ਤੇ ਬੋਲਣ ਲਈ ਬਹੁਤ ਘੱਟ ਸਮਾਂ ਦਿੱਤਾ ਹੈ, ਜਦਕਿ ਇਸ ਵਿਚ ਉਨ੍ਹਾਂ ਦੀ ਪਾਰਟੀ ਨੂੰ ਦੋਸ਼ੀ ਬਣਾਇਆ ਗਿਆ ਹੈ।
ਬਹਿਸ ਲਈ ਸਭ ਤੋਂ ਜ਼ਿਆਦਾ ਸਮਾਂ ਕਾਂਗਰਸ ਨੂੰ ਮਿਲਿਆ : ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ‘ਤੇ ਸਭ ਤੋਂ ਜ਼ਿਆਦਾ ਸਮਾਂ ਕਾਂਗਰਸ ਨੂੰ ਮਿਲਣ ਕਰਕੇ ਵਿਰੋਧੀ ਖਫਾ ਨਜ਼ਰ ਆਏ। ਸਪੀਕਰ ਨੇ ਬਹਿਸ ਲਈ ਕਾਂਗਰਸ ਨੂੰ ਇਕ ਘੰਟਾ 20 ਮਿੰਟ, ਆਮ ਆਦਮੀ ਪਾਰਟੀ ਨੂੰ 21 ਮਿੰਟ, ਅਕਾਲੀ ਦਲ ਨੂੰ 14 ਮਿੰਟ ਅਤੇ 3 ਮਿੰਟ ਬੀਜੇਪੀ ਅਤੇ 2 ਮਿੰਟ ਲੋਕ ਇਨਸਾਫ ਪਾਰਟੀ ਨੂੰ ਦਿੱਤੇ। ਹਾਲਾਂਕਿ ਸਪੀਕਰ ਨੇ ਕਿਹਾ ਕਿ ਜੇਕਰ ਹੋਰ ਸਮਾਂ ਚਾਹੀਦਾ ਹੋਵੇ ਤਾਂ ਦਿੱਤਾ ਜਾਵੇਗਾ ਤਾਂ ਇਸ ਰਿਪੋਰਟ ‘ਤੇ ਮੈਂਬਰ ਆਪਣੀ ਗੱਲ ਰੱਖ ਸਕਣ। ਪਰ ਇਸ ਤੋਂ ਬਾਅਦ ਅਕਾਲੀ ਦਲ ਨੇ ਵਿਰੋਧ ਜਾਰੀ ਰੱਖਿਆ ਅਤੇ ਹੰਗਾਮਾ ਕਰਦੇ ਹੋਏ ਸਦਨ ਵਿਚੋਂ ਵਾਕ ਆਊਟ ਕਰ ਗਏ।
ਲੋਧੀ ਨੰਗਲ ਬਣੇ ਸਪੀਕਰ, ਅਕਾਲੀਆਂ ਨੇ ਰਿਪੋਰਟ ਨੂੰ ਕੀਤਾ ਖਾਰਜ
ਬਹਿਸ ਲਈ ਕੁੱਲ ਦੋ ਘੰਟੇ ਵਿਚੋਂ ਇਕ ਘੰਟਾ 20 ਮਿੰਟ ਕਾਂਗਰਸ ਲਈ, 14 ਮਿੰਟ ਅਕਾਲੀ ਦਲ ਲਈ, ਕਰੀਬ ਅੱਧਾ ਘੰਟਾ ਆਮ ਆਦਮੀ ਪਾਰਟੀ ਲਈ, ਤਿੰਨ ਮਿੰਟ ਭਾਜਪਾ ਲਈ ਅਤੇ ਦੋ ਮਿੰਟ ਲੋਕ ਇਨਸਾਫ ਪਾਰਟੀ ਲਈ ਤੈਅ ਕੀਤਾ ਗਿਆ ਸੀ। ਬੋਲਣ ਲਈ ਘੱਟ ਸਮਾਂ ਦਿੱਤੇ ਜਾਣ ਦੇ ਵਿਰੋਧ ਵਿਚ ਅਕਾਲੀ ਦਲ ਦੇ ਵਿਧਾਇਕਾਂ ਨੇ ਉਠ ਕੇ ਵਿਧਾਨ ਸਭਾ ਦੀ ਲਾਬੀ ਵਿਚ ਆਪਣੀ ਵੱਖਰੀ ਸਮਾਨਅੰਤਰ ਵਿਧਾਨ ਸਭਾ ਲਗਾ ਲਈ। ਇਸ ਵਿਚ ਲਖਬੀਰ ਸਿੰਘ ਲੋਧੀਨੰਗਲ ਨੂੰ ਸਪੀਕਰ ਬਣਾ ਦਿੱਤਾ ਗਿਆ ਅਤੇ ਬਾਕੀ ਵਿਧਾਇਕਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਗਾਇਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਰਿਪੋਰਟ ਅਕਾਲੀ ਦਲ ਦੇ ਖਿਲਾਫ ਸਾਜਿਸ਼ ਦੇ ਤਹਿਤ ਤਿਆਰ ਕੀਤੀ ਹੈ। ਰਿਪੋਰਟ ਵਿਚ ਉਨ੍ਹਾਂ ਨੂੰ ਦੋਸ਼ੀ ਬਣਾਇਆ ਗਿਆ ਹੈ, ਜਦਕਿ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ। ਹਾਲਾਂਕਿ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਸੀ ਤਾਂ ਕਿ ਉਨ੍ਹਾਂ ਦਾ ਪੱਖ ਸਾਰੇ ਸੁਣ ਸਕਣ। ਇਸ ਲਈ ਉਨ੍ਹਾਂ ਨੂੰ ਸਮਾਨਅੰਤਰ ਵਿਧਾਨ ਸਭਾ ਲਗਾ ਕੇ ਆਪਣਾ ਪੱਖ ਜਨਤਾ ਸਾਹਮਣੇ ਰੱਖਣ ਲਈ ਮਜਬੂਰ ਹੋਣਾ ਪਿਆ।
ਦਾਦੂਵਾਲ ਨੂੰ ਮੈਂ ਜ਼ਿੰਦਗੀ ਵਿਚ ਕਦੀ ਨਹੀਂ ਮਿਲਿਆ : ਕੈਪਟਨ ਅਮਰਿੰਦਰ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਤ ਨੂੰ 8 ਵਜੇ ਬਲਜੀਤ ਸਿੰਘ ਦਾਦੂਵਾਲ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲਿਆ ਸੀ। ਇਸ ‘ਤੇ ਕੈਪਟਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਦਾਦੂਵਾਲ ਨੂੰ ਜ਼ਿੰਦਗੀ ਵਿਚ ਕਦੇ ਨਹੀਂ ਮਿਲਿਆ। ਸੁਖਬੀਰ ਬਾਦਲ ਚਾਰ ਮੋਟੇ ਜਥੇਦਾਰ ਅਤੇ ਪੰਜਵਾਂ ਦਾਦੂਵਾਲ ਨੂੰ ਖੜ੍ਹਾ ਕਰ ਦੇਣ। ਉਹ ਉਨ੍ਹਾਂ ਨੂੰ ਪਹਿਚਾਣ ਵੀ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਈ ਵਿਅਕਤੀ ਆਉਂਦੇ ਹਨ, ਫੋਟੋ ਖਿਚਵਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸੀਸੀ ਟੀਵੀ ਦੀ ਜਾਂਚ ਸਾਹਮਣੇ ਆਉਣ ‘ਤੇ ਸਭ ਸਾਬਿਤ ਹੋ ਜਾਵੇਗਾ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਜਿਸ ਟਾਵਰ ਦੀ ਉਹ ਗੱਲ ਕਰ ਰਹੇ ਹਨ ਉਹ ਹੈ ਹੀ ਨਹੀਂ। ਉਹ ਲੰਬੇ ਸਮੇਂ ਤੋਂ ਬੰਦ ਪਿਆ ਹੈ। ਇਹ ਵਿਅਕਤੀ ਹਾਊਸ ਨੂੰ ਗੁੰਮਰਾਹ ਕਰ ਰਹੇ ਹਨ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਸੁਖਜਿੰਦਰ ਰੰਧਾਵਾ ਦੀ ਪ੍ਰਧਾਨਗੀ ਹੇਠ ਹਾਊਸ ਕਮੇਟੀ ਦਾ ਕੀਤਾ ਗਠਨ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਸੁਖਬੀਰ ਬਾਦਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਸਿੱਖ ਧਰਮ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨਾਲ ਮੁਲਾਕਾਤ ਦਾ ਮੁੱਦਾ ਚੁੱਕਿਆ ਗਿਆ। ਇਸ ਸਬੰਧੀ ਮੁੱਖ ਮੰਤਰੀ ਦੇ ਕਹਿਣ ‘ਤੇ ਸਪੀਕਰ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹਾਊਸ ਕਮੇਟੀ ਦਾ ਗਠਨ ਕੀਤਾ ਹੈ। ਕੈਪਟਨ ਨੇ ਸੁਖਬੀਰ ਦੇ ਦੋਸ਼ਾਂ ‘ਤੇ ਕਿਹਾ ਸੀ ਕਿ ਉਨ੍ਹਾਂ ਵਲੋਂ ਗ਼ਲਤ ਜਾਣਕਾਰੀ ਦੇ ਕੇ ਸਦਨ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਕਾਰਨ ਉਨ੍ਹਾਂ ਨੇ ਸਪੀਕਰ ਅੱਗੇ ਇੱਕ ਹਾਊਸ ਕਮੇਟੀ ਦੇ ਗਠਨ ਦੀ ਮੰਗ ਕੀਤੀ ਸੀ। ਇਹ ਕਮੇਟੀ ਹੁਣ ਇਸ ਮਾਮਲੇ ਦੀ ਜਾਂਚ ਕਰੇਗੀ।
‘ਆਪ’ ਅਤੇ ਲੋਕ ਇਨਸਾਫ ਪਾਰਟੀ ਨੇ ਕਾਂਗਰਸ ਦਾ ਦਿੱਤਾ ਸਾਥ
ਰੰਧਾਵਾ ਨੇ ਕਿਹਾ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਪੰਥ ਦੇ ਗੱਦਾਰ
ਚੰਡੀਗੜ੍ਹ : ਬੇਅਦਬੀ ਮਾਮਲਿਆਂ ‘ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਭਖਵੀਂ ਬਹਿਸ ਹੋਈ। ਕਾਂਗਰਸ ਪਾਰਟੀ ਨੇ ਅਕਾਲੀ ਦਲ ‘ਤੇ ਤਿੱਖੇ ਹਮਲੇ ਕੀਤੇ। ਦੇਖਣ ਵਾਲੀ ਗੱਲ ਇਹ ਸੀ ਕਿ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੇ ਕਾਂਗਰਸ ਪਾਰਟੀ ਸਾਥ ਦਿੰਦਿਆਂ ਅਕਾਲੀਆਂ ਖਿਲਾਫ ਖੂਬ ਭੜਾਸ ਕੱਢੀ। ਇਸ ਨੂੰ ਦੇਖਦਿਆਂ ਅਕਾਲੀ ਦਲ ਦੇ ਵਿਧਾਇਕ ਮੈਦਾਨ ਛੱਡ ਕੇ ਬਾਹਰ ਵੀ ਚਲੇ ਗਏ ਸਨ। ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਪੰਥ ਦੇ ਗੱਦਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦਾ ਸਭ ਤੋਂ ਵੱਡਾ ਨੁਕਸਾਨ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਬਾਦਲ ਦੇ ਇਸ਼ਾਰੇ ‘ਤੇ ਵਾਪਰਿਆ ਸੀ। ਇਸ ਲਈ ਬਾਦਲ ਤੇ ਸਾਬਕਾ ਪੁਲਿਸ ਮੁਖੀ ਸਮੇਧ ਸੈਣੀ ਖਿਲਾਫ ਕੇਸ ਦਰਜ ਕੀਤਾ ਜਾਵੇ ।’ਆਪ’ ਦੇ ਵਿਧਾਇਕ ਐਚਐਸ ਫੂਲਕਾ ਨੇ ਰੰਧਾਵਾ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ‘ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ਵਿੱਚ ਡੇਰਾ ਸਿਰਸਾ ਦੀ ਸ਼ਮੂਲੀਅਤ ਸਾਹਮਣੇ ਆ ਗਈ ਹੈ। ਇਸ ਲਈ ਡੇਰਾ ਮੁਖੀ ਖਿਲਾਫ ਵੀ ਕੇਸ ਦਰਜ ਕੀਤਾ ਜਾਏ।
ਸੁਖਬੀਰ ਤੇ ਮਜੀਠੀਆ ‘ਤੇ ਮਾਮਲਾ ਦਰਜ ਕਰਨ ਮੰਗ ਉਠੀ
ਕਾਂਗਰਸ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਅਕਾਲੀ ਦਲ ਵਲੋਂ ਸੋਮਵਾਰ ਨੂੰ ਕਮਿਸ਼ਨ ਦੀ ਰਿਪੋਰਟ ਨੂੰ ਰਸਤੇ ਵਿਚ ਸੁੱਟ ਕੇ ਉਸਦਾ ਨਿਰਾਦਰ ਕਰਨ ਦਾ ਮੁੱਦਾ ਉਠਾਉਂਦੇ ਹੋਏ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ।
ਰੰਧਾਵਾ ਨੇ ਕਿਹਾ ਕਿ ਰਿਪੋਰਟ ਦੇ ਪੰਨਿਆਂ ਨੂੰ ਸੜਕ ‘ਤੇ ਸੁੱਟੇ ਜਾਣ ਨਾਲ ਇਹ ਲੋਕਾਂ ਦੇ ਪੈਰਾਂ ਵਿਚ ਰੁਲਦੀ ਰਹੀ, ਜਦ ਕਿ ਇਨ੍ਹਾਂ ਪੰਨਿਆ ‘ਤੇ ਪਵਿੱਤਰ ਗ੍ਰੰਥਾਂ ਦੇ ਨਾਮ ਲਿਖੇ ਹੋਏ ਸਨ। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਸਪੀਕਰ ਨੂੰ ਸਵਾਲ ਕੀਤਾ ਕਿ ਕੀ ਉਹ ਬਾਦਲਾਂ ਖਿਲਾਫ ਮੁਕੱਦਮਾ ਦਰਜ ਕਰਨਗੇ।
ਖਹਿਰਾ ਨੇ ਕਿਹਾ, ਮੈਂ ਝੂਠਾ ਹੋਇਆ ਤਾਂ ਅਸਤੀਫਾ ਦਿਆਂਗਾ
ਸੁਖਪਾਲ ਖਹਿਰਾ ਨੇ ਹਾਊਸ ਕਮੇਟੀ ਬਣਾ ਲਈ ਕਾਂਗਰਸ ਨੂੰ ਪੂਰਾ ਸਮਰਥਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹਾਊਸ ਕਮੇਟੀ ਬਣਨੀ ਚਾਹੀਦੀ ਹੈ। ਮੈਂ ਹਾਊਸ ਕਮੇਟੀ ਦੇ ਹੱਕ ਵਿਚ ਹਾਂ। ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਚੈਲੰਜ ਕੀਤਾ ਕਿ ਜੇਕਰ ਉਨ੍ਹਾਂ (ਖਹਿਰਾ) ‘ਤੇ ਕੋਈ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਹ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸੁਖਬੀਰ ਬਾਦਲ ਅਤੇ ਮਜੀਠੀਆ ਝੂਠੇ ਹੁੰਦੇ ਹਨ ਤਾਂ ਉਹ ਵੀ ਅਸਤੀਫਾ ਦੇਣ।

Check Also

ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਮਾਮਲੇ ’ਚ ਸ਼੍ਰੋਮਣੀ ਕਮੇਟੀ ਨੇ ਭੇਜਿਆ ਨੋਟਿਸ

  ਅੰਮਿ੍ਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਧੀ ਦੇ …