Breaking News
Home / ਪੰਜਾਬ / ਗੁਰਦੁਆਰਾ ਬੇਰ ਸਾਹਿਬ ਨੇੜੇ ਬਣੇਗਾ ‘ਪਿੰਡ ਬਾਬੇ ਨਾਨਕ ਦਾ’

ਗੁਰਦੁਆਰਾ ਬੇਰ ਸਾਹਿਬ ਨੇੜੇ ਬਣੇਗਾ ‘ਪਿੰਡ ਬਾਬੇ ਨਾਨਕ ਦਾ’

70 ਏਕੜ ਜ਼ਮੀਨ ਦੀ ਚੋਣ, ਕਿਸਾਨਾਂ ਵਲੋਂ ਜ਼ਮੀਨ ਦੇਣ ਲਈ ਸਹਿਮਤੀ
ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਕੀਤਾ ਜਾਵੇਗਾ ਮੋਬਾਈਲ ਐਪ ਜਾਰੀ
ਕਪੂਰਥਲਾ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵਲੋਂ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ‘ਤੇ ਸੁਲਤਾਨਪੁਰ ਲੋਧੀ ਵਿਚ ‘ਪਿੰਡ ਬਾਬੇ ਨਾਨਕ ਦਾ’ ਬਣਾਉਣ ਦਾ ਐਲਾਨ ਕੀਤਾ ਗਿਆ ਸੀ, ਤੇ ਇਸ ਪਿੰਡ ਦੀ ਉਸਾਰੀ ਲਈ ਪੰਜਾਬ ਸਰਕਾਰ ਦੇ ਮੰਤਰੀਆਂ ਦਾ ਇਕ ਵਫਦ, ਜਿਸ ਵਿਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਤੇ ਓਮ ਪ੍ਰਕਾਸ਼ ਸੋਨੀ ਸ਼ਾਮਿਲ ਸਨ, ਵਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ 70 ਏਕੜ ਜ਼ਮੀਨ ਦੀ ਚੋਣ ਕੀਤੀ ਹੈ, ਤੇ ਜਿਹੜੇ ਕਿਸਾਨਾਂ ਦੀ ਜ਼ਮੀਨ ‘ਪਿੰਡ ਬਾਬੇ ਨਾਨਕ ਦਾ’ ਲਈ ਅਕਵਾਇਰ ਕੀਤੀ ਜਾਣੀ ਹੈ, ਉਨ੍ਹਾਂ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਜ਼ਮੀਨ ਦੇਣ ਲਈ ਸਹਿਮਤੀ ਦੇ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਤੇ ਕੇਂਦਰੀ ਰੇਲ ਮੰਤਰਾਲੇ ਵਲੋਂ ਵੱਖ-ਵੱਖ ਕਾਰਜ ਜੰਗੀ ਪੱਧਰ ‘ਤੇ ਕਰਵਾਏ ਜਾ ਰਹੇ ਹਨ ਤੇ ਇਨ੍ਹਾਂ ਸਾਰੇ ਕਾਰਜਾਂ ਦੇ ਸਤੰਬਰ ਵਿਚ ਪੂਰੇ ਹੋਣ ਦੀ ਆਸ ਪ੍ਰਗਟ ਕੀਤੀ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਕਾਰ ਸੇਵਾ ਵਾਲੇ ਸੰਤਾਂ ਦੇ ਸਹਿਯੋਗ ਨਾਲ 6 ਮੰਜ਼ਿਲਾ ਬੇਬੇ ਨਾਨਕੀ ਨਿਵਾਸ, ਕਾਰ ਪਾਰਕਿੰਗ, ਪ੍ਰਬੰਧਕੀ ਬਲਾਕ, ਲੰਗਰ ਹਾਲ, ਦਰਸ਼ਨੀ ਡਿਉੜੀ ਤੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਨੇੜੇ ਤਿੰਨ ਮੰਜ਼ਿਲੀ ਸਰਾਂ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਪਾਰਕਿੰਗ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਸੰਤ ਘਾਟ ਨੇੜੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵਲੋਂ ੴ ਮੂਲ ਮੰਤਰ ਅਸਥਾਨ ਦੀ ਉਸਾਰੀ ਚੱਲ ਰਹੀ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਵਲੋਂ ਪੁਰਾਣੇ ਬੱਸ ਸਟੈਂਡ ਵਾਲੀ ਥਾਂ ‘ਤੇ 5 ਕਰੋੜ 73 ਲੱਖ ਰੁਪਏ ਨਾਲ ਨਵਾਂ ਬੱਸ ਸਟੈਂਡ, ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ ਰੋਡ ‘ਤੇ ਨਵਾਂ ਪੁਲ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿਛਲੇ ਪਾਸੇ ਪਿੰਡ ਬੂਸੋਵਾਲ ਵੱਲ ਜਾਂਦਿਆਂ ਪਵਿੱਤਰ ਵੇਈਂ ‘ਤੇ ਇਕ ਪੁਲ, ਪਿੰਡ ਰਣਧੀਰਪੁਰ, ਮਾਛੀਜੋਆ, ਤਰਫ਼ ਬਹਿਬਲ ਬਹਾਦਰ ਵਿਖੇ ਟੈਂਟ ਸਿਟੀ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਪਿਛਲੇ ਪਾਸੇ ਰਾਖਵੀਂ ਰੱਖੀ ਗਈ ਜ਼ਮੀਨ ਵਿਚ ਮੁੱਖ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ 22 ਹਜ਼ਾਰ ਦੇ ਕਰੀਬ ਸੰਗਤਾਂ ਦੇ ਬੈਠਣ ਦੇ ਪ੍ਰਬੰਧ ਕੀਤਾ ਗਿਆ ਹੈ। ਪ੍ਰਸ਼ਾਸਨ ਵਲੋਂ ਟੈਂਟ ਸਿਟੀ ਤੋਂ ਇਲਾਵਾ ਜਲੰਧਰ, ਕਪੂਰਥਲਾ, ਅੰਮ੍ਰਿਤਸਰ, ਤਰਨਤਾਰਨ ਤੇ ਹੋਰ ਨੇੜਲੇ ਸ਼ਹਿਰਾਂ ਦੇ ਹੋਟਲ ਤੇ ਗੈੱਸਟ ਹਾਊਸਾਂ ਦੇ ਮਾਲਕਾਂ ਨਾਲ ਮੀਟਿੰਗ ਕਰਕੇ ਨਵੰਬਰ ਮਹੀਨੇ ਵਿਚ ਸ਼ਰਧਾਲੂਆਂ ਦੇ ਠਹਿਰਨ ਲਈ ਹੋਟਲ ਤੇ ਗੈੱਸਟ ਹਾਊਸਾਂ ਵਿਚ ਕਮਰੇ ਰਾਖਵੇਂ ਕਰਨ ਲਈ ਵੀ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ, ਪਰਵਾਸੀ ਭਰਾਵਾਂ ਦੀਆਂ ਖਾਲੀ ਪਈਆਂ ਕੋਠੀਆਂ ਵਿਚ ਵੀ ਸ਼ਰਧਾਲੂਆਂ ਦੇ ਠਹਿਰਨ ਲਈ ਪਿੰਡਾਂ ਦੇ ਲੋਕਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਇਕ ਮੋਬਾਈਲ ਐਪ ਵੀ ਪ੍ਰਸ਼ਾਸਨ ਵਲੋਂ ਜਾਰੀ ਕੀਤੀ ਜਾਵੇਗੀ, ਤਾਂ ਜੋ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
ਟੈਂਟ ਸਿਟੀ, ਲੰਗਰ ਤੇ ਪਾਰਕਿੰਗ ਲਈ 879 ਏਕੜ ਜ਼ਮੀਨ
ਪੰਜਾਬ ਸਰਕਾਰ ਵਲੋਂ ਟੈਂਟ ਸਿਟੀ, ਪਾਰਕਿੰਗ ਤੇ ਲੰਗਰਾਂ ਲਈ 879 ਏਕੜ ਜ਼ਮੀਨ ਰਾਖਵੀਂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਜ: ਡੀ. ਪੀ. ਐਸ. ਖਰਬੰਦਾ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਦੱਸਿਆ ਕਿ ਰਾਖਵੀਂ ਕੀਤੀ ਜ਼ਮੀਨ ਵਿਚੋਂ 400 ਏਕੜ ਵਿਚ ਟੈਂਟ ਸਿਟੀ ਤੇ ਬਾਕੀ ਜ਼ਮੀਨ ਪਾਰਕਿੰਗ ਤੇ ਲੰਗਰਾਂ ਲਈ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਹੋਣ ਵਾਲੇ ਸਮਾਗਮਾਂ ਵਿਚ 30 ਲੱਖ ਦੇ ਕਰੀਬ ਸ਼ਰਧਾਲੂਆਂ ਦੇ ਆਉਣ ਦੀ ਆਸ ਹੈ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਪ੍ਰਸ਼ਾਸਨ ਵਲੋਂ ਬਣਾਏ ਜਾਣ ਵਾਲੇ ਟੈਂਟ ਸਿਟੀ ਵਿਚ 70 ਹਜ਼ਾਰ ਦੇ ਕਰੀਬ ਸੰਗਤਾਂ ਦੇ ਰਾਤ ਠਹਿਰਨ, ਲੰਗਰ ਆਦਿ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਥਾਵਾਂ ‘ਤੇ ਟੈਂਟ ਸਿਟੀ ਬਣਾਉਣ ਦਾ ਕੰਮ ਇੰਦੌਰ ਦੀ ਇਕ ਕੰਪਨੀ ਵਲੋਂ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਅਕਤੂਬਰ ਦੇ ਅੱਧ ਵਿਚ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਟੈਂਟ ਸਿਟੀ ਵਿਚ ਠਹਿਰਨ ਵਾਲੀਆਂ ਸੰਗਤਾਂ ਲਈ ਜਨਤਕ ਪਖਾਨੇ, ਮੈਡੀਕਲ ਸੁਵਿਧਾ, ਏ. ਟੀ. ਐਮ. ਤੇ ਗੁਰਦੁਆਰਾ ਸਾਹਿਬ ਤੱਕ ਜਾਣ ਲਈ ਮਿੰਨੀ ਬੱਸਾਂ ਤੇ ਈ-ਰਿਕਸ਼ਾ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।ઠ
ਰੇਲਵੇ ਸਟੇਸ਼ਨ ਨੂੰ ਦਿੱਤੀ ਧਾਰਮਿਕ ਦਿੱਖ
ਰੇਲਵੇ ਮੰਤਰਾਲੇ ਵਲੋਂ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਦਾ ਕੰਮ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ, ਤੇ ਸਟੇਸ਼ਨ ਦੇ ਬਾਹਰੀ ਹਿੱਸੇ ਨੂੰ ਧਾਰਮਿਕ ਦਿੱਖ ਦਿੱਤੀ ਜਾ ਰਹੀ ਹੈ। ਸਟੇਸ਼ਨ ਸੁਪਰਡੈਂਟ ਰਾਜਬੀਰ ਸਿੰਘ ਨੇ ਦੱਸਿਆ ਕਿ ਰੇਲਵੇ ਵਿਭਾਗ ਵਲੋਂ ਸਟੇਸ਼ਨ ‘ਤੇ ਇਕ ਨਵਾਂ ਪਲੇਟਫ਼ਾਰਮ ਤਿਆਰ ਕੀਤਾ ਜਾ ਰਿਹਾ ਹੈ। ਇਕ ਪਲੇਟਫ਼ਾਰਮ ਤੋਂ ਦੂਸਰੇ ਪਲੇਟਫ਼ਾਰਮ ‘ਤੇ ਜਾਣ ਲਈ ਦੋ ਨਵੇਂ ਪੁਲ ਵੀ ਬਣਾਏ ਜਾ ਰਹੇ ਹਨ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …