Breaking News
Home / ਹਫ਼ਤਾਵਾਰੀ ਫੇਰੀ / ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਜੁਲਾਈ ਤੋਂ ਮਿਲੇਗਾ ਸਭ ਚੈਨਲਾਂ ਨੂੰ ਅਧਿਕਾਰ!

ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਜੁਲਾਈ ਤੋਂ ਮਿਲੇਗਾ ਸਭ ਚੈਨਲਾਂ ਨੂੰ ਅਧਿਕਾਰ!

ਸਾਰੇ ਚੈਨਲਾਂ ਨੂੰ ਗੁਰਬਾਣੀ ਟੈਲੀਕਾਸਟ ਕਰਨ ਦਾ ਮਿਲੇ ਮੁਫਤ ਅਧਿਕਾਰ : ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ : ਪੰਜਾਬ ਸਰਕਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪਵਿੱਤਰ ਗੁਰਬਾਣੀ ਦੇ ਸਿੱਧੇ ਪ੍ਰਸਾਰਣ ‘ਤੇ ਇਕ ਨਿੱਜੀ ਚੈਨਲ ਦੇ ਏਕਾਧਿਕਾਰ ਨੂੰ ਖ਼ਤਮ ਕਰਵਾਉਣ ਦੇ ਰੌਂਅ ‘ਚ ਦਿਖਾਈ ਦੇ ਰਹੀ ਹੈ। ਗੁਰਬਾਣੀ ਦੇ ਪ੍ਰਸਾਰਣ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਟਵੀਟ ਸਿੱਧੇ ਤੌਰ ‘ਤੇ ਅਜਿਹਾ ਹੀ ਇਸ਼ਾਰਾ ਕਰਦਾ ਹੈ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਨੇ ਸਮੇਂ-ਸਮੇਂ ‘ਤੇ ਆਪਣੇ ਸਿਆਸੀ ਭਾਸ਼ਣਾਂ ‘ਚ ਇਕ ਨਿੱਜੀ ਚੈਨਲ ‘ਤੇ ਗੁਰਬਾਣੀ ਦੇ ਪ੍ਰਸਾਰਣ ਨੂੰ ਨਿਸ਼ਾਨੇ ‘ਤੇ ਰੱਖਿਆ ਸੀ ਪਰੰਤੂ ਹੁਣ ਤਾਂ ਉਨ੍ਹਾਂ ਟਵੀਟ ਕਰਕੇ ਇਸ ਬਾਰੇ ਰਸਮੀ ਤੌਰ ‘ਤੇ ਕਦਮ ਅੱਗੇ ਵਧਾਉਣ ਦੇ ਸੰਕੇਤ ਦੇ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਸਵਾਲ ਚੁੱਕਿਆ, ”ਸਾਂਝੀਵਾਲਤਾ ਦੀ ਪ੍ਰਤੀਕ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਪਵਿੱਤਰ ਗੁਰਬਾਣੀ ਦੇ ਪ੍ਰਸਾਰਣ ਹੱਕ ਸਿਰਫ਼ ਇਕ ਖਾਸ ਚੈਨਲ ਨੂੰ ਹੀ ਕਿਉਂ ਦਿੱਤੇ ਜਾਂਦੇ ਨੇ? ਸਾਰੇ ਚੈਨਲਾਂ ਨੂੰ ਗੁਰਬਾਣੀ ਟੈਲੀਕਾਸਟ ਲਈ ਮੁਫਤ ਅਧਿਕਾਰ ਮਿਲਣੇ ਚਾਹੀਦੇ ਨੇ… ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਅਤਿ ਆਧੁਨਿਕ ਉਪਕਰਨਾਂ ਦਾ ਸਾਰਾ ਖ਼ਰਚਾ ਕਰਨ ਨੂੰ ਪੰਜਾਬ ਸਰਕਾਰ ਤਿਆਰ ਹੈ।”
ਮਾਨ ਨੇ ਕਿਹਾ ਕਿ ‘ਸਰਬੱਤ ਦਾ ਭਲਾ’ ਦੇ ਵਿਸ਼ਵਵਿਆਪੀ ਸੰਦੇਸ਼ ਨੂੰ ਫੈਲਾਉਣ ਦੇ ਉਦੇਸ਼ ਨਾਲ ‘ਸਰਬ ਸਾਂਝੀ ਗੁਰਬਾਣੀ’ ਦਾ ਪ੍ਰਚਾਰ ਤੇ ਪਸਾਰ ਵਿਸ਼ਵ ਭਰ ‘ਚ ਕਰਨਾ ਸਮੇਂ ਦੀ ਮੁੱਖ ਲੋੜ ਹੈ। ‘ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਲਈ ਸਿਰਫ਼ ਇਕ ਨਿੱਜੀ ਚੈਨਲ ਨੂੰ ਹੀ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ।
ਇਹ ਅਧਿਕਾਰ ਕਿਸੇ ਇਕ ਚੈਨਲ ਤੱਕ ਸੀਮਤ ਕਰਨ ਦੀ ਬਜਾਏ ਸਾਰੇ ਚੈਨਲਾਂ ਨੂੰ ਮੁਫ਼ਤ ‘ਚ ਦਿੱਤੇ ਜਾਣੇ ਚਾਹੀਦੇ ਹਨ।’ ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼-ਵਿਦੇਸ਼ ‘ਚ ਸੰਗਤ ਨੂੰ ਆਪਣੇ ਘਰਾਂ ‘ਚ ਬੈਠ ਕੇ ਆਨੰਦਮਈ ਗੁਰਬਾਣੀ ਕੀਰਤਨ ਸਰਵਣ ਕਰਨ ਦਾ ਮੌਕਾ ਮਿਲੇਗਾ।
ਮਾਨ ਹੋਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਾਰੇ ਚੈਨਲਾਂ ‘ਤੇ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਲਈ ਹਾਈਟੈੱਕ ਉਪਕਰਨ ਲਾਉਣ ਦਾ ਸਾਰਾ ਖ਼ਰਚਾ ਚੁੱਕਣ ਲਈ ਤਿਆਰ ਹੈ। ਗੌਰਤਲਬ ਹੈ ਕਿ ਪਹਿਲਾਂ ਵੀ ਕਈ ਸਿਆਸੀ ਪਾਰਟੀਆਂ ਦੇ ਆਗੂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਸਿਰਫ਼ ਇਕ ਨਿੱਜੀ ਚੈਨਲ ‘ਤੇ ਹੀ ਕੀਤੇ ਜਾਣ ਦਾ ਵਿਰੋਧ ਕਰਦੇ ਆਏ ਹਨ।
ਉਨ੍ਹਾਂ ਕਈ ਵਾਰ ਇਹ ਮੁੱਦਾ ਚੁੱਕਿਆ ਜ਼ਰੂਰ ਹੈ ਪਰ ਇਸ ਮੁੱਦੇ ਨੂੰ ਖਤਮ ਨਹੀਂ ਕਰ ਸਕੇ। ਸ਼੍ਰੋਮਣੀ ਅਕਾਲੀ ਦਲ ਅਜਿਹੇ ਮੁੱਦੇ ‘ਤੇ ਸਿਆਸੀ ਪਾਰਟੀਆਂ ਦਾ ਧਾਰਮਿਕ ਮਸਲਿਆਂ ‘ਚ ਦਖਲ ਦੇਣ ਦਾ ਦਾਅਵਾ ਕਰਕੇ ਮਸਲੇ ਨੂੰ ਠੰਢੇ ਬਸਤੇ ਵਿੱਚ ਪਾਉਂਦਾ ਰਿਹਾ ਸੀ।
‘ਗੁਰਬਾਣੀ ਦੇ ਪ੍ਰਸਾਰਣ ਲਈ ਮਰਿਆਦਾ ਜ਼ਰੂਰੀ’
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ, ‘ਗੁਰਬਾਣੀ ਦੇ ਪ੍ਰਸਾਰਣ ਲਈ ਇਕ ਮਰਯਾਦਾ ਬੇਹੱਦ ਲਾਜ਼ਮੀ ਹੈ, ਜਿਸ ਕਰਕੇ ਹਰ ਇਕ ਨੂੰ ਇਸ ਦੇ ਪ੍ਰਸਾਰਣ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ। ਜਿਹੜਾ ਵੀ ਗੁਰਬਾਣੀ ਪ੍ਰਸਾਰਣ ਦੇ ਹੱਕ ਪ੍ਰਾਪਤ ਕਰੇਗਾ ਉਸ ਨੂੰ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਵੱਲੋਂ ਨਿਰਧਾਰਤ ਮਰਯਾਦਾ ਅਤੇ ਨਿਯਮਾਂ ਦਾ ਪਾਲਣਾ ਕਰਨਾ ਜ਼ਰੂਰੀ ਹੋਵੇਗਾ। ਗੁਰਬਾਣੀ ਦਾ ਪ੍ਰਸਾਰਣ ਵਿਸ਼ਵ ਭਰ ਵਿਚ ਕਰਨਾ ਯਕੀਨੀ ਬਣਾਉਣਾ ਪਵੇਗਾ। ਦੂਸਰੇ ਪਾਸੇ ਜੇਕਰ ਖੁੱਲ੍ਹੇਆਮ ਗੁਰਬਾਣੀ ਪ੍ਰਸਾਰਣ ਦੀ ਆਗਿਆ ਦੇ ਦਿੱਤੀ ਜਾਵੇ ਤਾਂ ਮਰਯਾਦਾ ਵਿਰੁੱਧ ਕਈ ਮਾਮਲੇ ਉਭਰਨਗੇ, ਖਾਸਕਰ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਵਿਵਾਦ ਪੈਦਾ ਹੋਣਗੇ।’
ਗੁਰਬਾਣੀ ਪ੍ਰਸਾਰਣ ਦੀ ਸੇਵਾ ਲਈ ਮੰਗੇ ਜਾਣਗੇ ਖੁੱਲ੍ਹੇ ਟੈਂਡਰ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੁੰਦੀ ਗੁਰਬਾਣੀ ਦੇ ਪ੍ਰਸਾਰਣ ਦੀ ਸੇਵਾ ਕਿਸੇ ਵੀ ਟੀਵੀ ਚੈਨਲ ਨੂੰ ਇਸ ਵਾਰ ਟੈਂਡਰ ਰਾਹੀਂ ਮਿਲੇਗੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਲਈ ਜਲਦ ਹੀ ਖੁੱਲ੍ਹੇ ਟੈਂਡਰ ਮੰਗੇ ਜਾਣਗੇ। ਦੱਸਣਯੋਗ ਹੈ ਕਿ ਹਾਲ ਹੀ ਵਿਚ ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਸ੍ਰੋਮਣੀ ਕਮੇਟੀ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਆਰੋਪ ਲਾਇਆ ਸੀ ਕਿ ਆਪਣੇ ਚਹੇਤੇ ਇਕ ਚੈਨਲ ਨੂੰ ਹੀ ਪ੍ਰਸਾਰਣ ਦੀ ਸੇਵਾ ਦਿਤੀ ਹੋਈ ਹੈ, ਜਿਸ ਦਾ ਸ੍ਰੋਮਣੀ ਕਮੇਟੀ ਨੇ ਵੀ ਸਖਤ ਮੋੜਵਾਂ ਜਵਾਬ ਦਿੱਤਾ ਸੀ। ਸ੍ਰੋਮਣੀ ਕਮੇਟੀ ਵਲੋਂ ਇਕ ਟੀਵੀ ਚੈਨਲ ਨਾਲ ਇਸ ਸਬੰਧੀ ਕੀਤਾ ਹੋਇਆ ਸਮਝੌਤਾ ਜੁਲਾਈ ਮਹੀਨੇ ਵਿਚ ਖਤਮ ਹੋ ਰਿਹਾ ਹੈ। ਇਸ ਮਾਮਲੇ ਬਾਰੇ ਸ੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਕਾਰਜ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ, ਜੋ ਨਿਯਮ ਅਤੇ ਸ਼ਰਤਾਂ ਤੈਅ ਕਰੇਗੀ। ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਸਬੰਧੀ ਕੁਝ ਲੋਕਾਂ ਵੱਲੋਂ ਜਾਣ ਬੁਝ ਕੇ ਬੇਲੋੜਾ ਵਿਵਾਦ ਪੈਦਾ ਕੀਤਾ ਜਾ ਰਿਹਾ ਹੈ ਅਤੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਵਿਚ ਭਾਗੀ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਬੀਤੇ ਅਰਸੇ ਦੌਰਾਨ ਨਿਯਮਾਂ ਤਹਿਤ ਗੁਰਬਾਣੀ ਪ੍ਰਸਾਰਣ ਦੇ ਹੱਕ ਵੱਖ-ਵੱਖ ਚੈਨਲਾਂ ਨੂੰ ਦਿੱਤੇ ਸਨ, ਜਿਸ ਤਹਿਤ ਮੌਜੂਦਾ ਸਮੇਂ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮ. ਨਾਲ ਚੱਲ ਰਿਹਾ ਇਕਰਾਰਨਾਮਾ ਜੁਲਾਈ 2023 ਤੱਕ ਹੈ। ਇਹ ਇਕਰਾਰਨਾਮਾ 24 ਜੁਲਾਈ 2012 ਨੂੰ 11 ਸਾਲ ਲਈ ਹੋਇਆ ਸੀ ਅਤੇ ਹੁਣ ਇਸ ਦੇ ਸਮਾਪਤ ਹੋਣ ‘ਤੇ ਨਵੇਂ ਸਿਰਿਓਂ ਕਾਰਵਾਈ ਕੀਤੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਇਕਰਾਰਨਾਮੇ ਤਹਿਤ ਇਸ ਕੰਪਨੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵਿਦਿਆ ਫੰਡ ਲਈ 1 ਕਰੋੜ ਰੁਪਏ ਸਾਲਾਨਾ (10% ਸਾਲਾਨਾ ਵਾਧੇ ਨਾਲ) ਦੇਣਾ ਤੈਅ ਹੋਇਆ ਸੀ, ਜਿਸ ਅਨੁਸਾਰ ਬਣਦੀ ਹੁਣ ਤਕ ਦੀ ਸਾਰੀ ਰਾਸ਼ੀ ਜਮ੍ਹਾਂ ਹੋ ਚੁੱਕੀ ਹੈ।
ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ: ਧਾਮੀ : ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਸੰਸਥਾ ਮਸਤੂਆਣਾ ਸਾਹਿਬ ਵਿਖੇ ਮੈਡੀਕਲ ਕਾਲਜ ਲਈ ਜ਼ਮੀਨ ਦੇਣ ਸਬੰਧੀ ਸਰਕਾਰ ਨੂੰ ਗੱਲਬਾਤ ਵਾਸਤੇ ਪੇਸ਼ਕਸ਼ ਕਰ ਚੁੱਕੀ ਹੈ ਪਰ ਸਰਕਾਰ ਸ਼੍ਰੋਮਣੀ ਕਮੇਟੀ ਨਾਲ ਗੱਲ ਕਰਨ ਲਈ ਰਾਜ਼ੀ ਨਹੀਂ। ਇਸ ਸਬੰਧੀ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਸਤੂਆਣਾ ਸਾਹਿਬ ਵਿੱਚ ਮੈਡੀਕਲ ਕਾਲਜ ਸਬੰਧੀ ਸ਼੍ਰੋਮਣੀ ਕਮੇਟੀ ‘ਤੇ ਰੋਕਾਂ ਲਗਾਉਣ ਦੇ ਆਰੋਪਾਂ ਨੂੰ ਸਿਰੇ ਤੋਂ ਖਾਰਜ ਕੀਤਾ। ਉਨ੍ਹਾਂ ਆਰੋਪ ਲਾਇਆ ਕਿ ਮੁੱਖ ਮੰਤਰੀ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਨੇ ਹੁਣ ਤੱਕ ਕੋਈ ਹੁੰਗਾਰਾ ਨਹੀਂ ਦਿੱਤਾ।
ਉਨ੍ਹਾਂ ਦੱਸਿਆ ਕਿ ਹਾਈ ਕੋਰਟ ਵਿਚ ਕੇਸ ਚੱਲਦਾ ਹੈ ਅਤੇ ਸਟੇਅ ਹੋਣ ਦੇ ਬਾਵਜੂਦ 23 ਮਈ 2022 ਨੂੰ ਪਿੰਡ ਬਡਰੁੱਖਾਂ ਵਿੱਚ ਸਥਿਤ 137 ਕਨਾਲ 18 ਮਰਲੇ ਜ਼ਮੀਨ ਬਿਨਾ ਕਿਸੇ ਅਧਿਕਾਰ ਦੇ ਪੰਜਾਬ ਸਰਕਾਰ ਨੂੰ ਮੈਡੀਕਲ ਕਾਲਜ ਖੋਲ੍ਹਣ ਲਈ ਲਿਖ ਦਿੱਤੀ ਗਈ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਲਾਕੇ ਦੀ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਜਾਂ ਮੁੱਖ ਮੰਤਰੀ ਮਸਲੇ ਪ੍ਰਤੀ ਸੁਹਿਰਦ ਹਨ ਤਾਂ ਕਾਨੂੰਨੀ ਪੱਖ ਨੂੰ ਸਮਝਦਿਆਂ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਨ।
ਗੁਰਬਾਣੀ ਦੇ ਪ੍ਰਸਾਰਣ ਦੇ ਹੱਕਾਂ ਬਾਰੇ ਪੰਜ ਮੈਂਬਰੀ ਕਮੇਟੀ ਕਾਇਮ
ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਗੁਰਬਾਣੀ ਦੇ ਕੀਰਤਨ ਦੇ ਪ੍ਰਸਾਰਣ ਦੇ ਹੱਕ ਨੂੰ ਲੈ ਕੇ ਚੱਲ ਰਹੇ ਵਿਵਾਦ ਦੌਰਾਨ ਸ਼੍ਰੋਮਣੀ ਕਮੇਟੀ ਨੇ ਇਸ ਮਾਮਲੇ ਨੂੰ ਵਿਚਾਰਨ ਵਾਸਤੇ ਇਕ ਪੰਜ ਮੈਂਬਰੀ ਕਮੇਟੀ ਬਣਾ ਦਿੱਤੀ ਹੈ।
ਇਸ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਰਘੂਜੀਤ ਸਿੰਘ ਵਿਰਕ, ਕੁਲਵੰਤ ਸਿੰਘ ਮੰਨਣ, ਸਰਵਣ ਸਿੰਘ ਅਤੇ ਭਾਈ ਰਜਿੰਦਰ ਸਿੰਘ ਮਹਿਤਾ ਸ਼ਾਮਲ ਹਨ। ਇਸ ਕਮੇਟੀ ਦੀ ਮੀਟਿੰਗ ਇਸ ਹਫਤੇ ਵਿੱਚ ਹੋਵੇਗੀ ਅਤੇ ਇਸ ਤੋਂ ਬਾਅਦ ਅਗਲੇਰੀ ਕਾਰਵਾਈ ਬਾਰੇ ਵਿਚਾਰ ਕੀਤਾ ਜਾਵੇਗਾ।

 

Check Also

ਅਦਾਰਾ ਪਰਵਾਸੀ ਵੱਲੋਂ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਖ਼ਾਲਸਾ ਪੰਥ ਦਾ ਜਨਮ ਦਿਹਾੜਾ ਹੈ ਵਿਸਾਖੀ, ਘਰ ਵਿਚ ਅਨਾਜ਼ ਦੇ ਰੂਪ ਵਿਚ ਆਈਆਂ ਖੁਸ਼ੀਆਂ …