ਨੌਜਵਾਨ ਤੇ ਅੱਧਖੜ੍ਹ ਉਮਰ ਦੇ ਮਰਦਾਂ ਦੇ ਨਾਲ ਵੱਡੀ ਗਿਣਤੀ ‘ਚ ਪੰਜਾਬ ਦੀਆਂ ਔਰਤਾਂ ਵੀ ਨਸ਼ੇ ਦੀਆਂ ਆਦੀ
ਪੰਜਾਬ ਅੰਦਰ ਲੋਕ ਸ਼ਰਾਬ, ਅਫ਼ੀਮ ਤੋਂ ਬਾਅਦ ਸਮੈਕ, ਹੈਰੋਇਨ ਵਰਗੇ ਭਿਆਨਕ ਨਸ਼ਿਆਂ ਦੀ ਵੀ ਆ ਰਹੇ ਚਪੇਟ ‘ਚ
ਹਰ 15ਵੇਂ ਵਿਅਕਤੀ ਤੋਂ ਬਾਅਦ 16ਵਾਂ ਕਿਸੇ ਨਾ ਕਿਸੇ ਨਸ਼ੇ ਦਾ ਆਦੀ ਤੇ ਹਜ਼ਾਰ ਪਿੱਛੇ 1 ਹੀ ਨਸ਼ੇੜੀ ਕਰਾਉਂਦਾ ਹੈ ਇਲਾਜ਼
ਚੰਡੀਗੜ੍ਹ : ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੀ ਦੇਖ-ਰੇਖ ਅਧੀਨ ਪੀ.ਜੀ.ਆਈ ਦੇ ਮਾਨਸਿਕ ਵਿਗਿਆਨ ਵਿਭਾਗ ਦੇ ਡਾ. ਅਜੀਤ ਅਵਸਥੀ ਦੀ ਟੀਮ ਵੱਲੋਂ ਨਸ਼ੇ ਦੇ ਆਦੀ ਵਿਅਕਤੀਆਂ ਬਾਰੇ ਇੱਕ ਸਰਵੇਖਣ ਕੀਤਾ ਗਿਆ। ਇਹ ਸਰਵੇਖਣ ਪੰਜਾਬ ਅਤੇ ਚੰਡੀਗੜ੍ਹ ਵਿੱਚ ਨਸ਼ੇ ਦੇ ਆਦੀ ਹੋ ਚੁੱਕੇ ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਕੀਤਾ ਗਿਆ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੇ-ਕਿਹੜੇ ਨਸ਼ਿਆਂ ਤੋਂ ਲੋਕ ਇਨ੍ਹਾਂ ਇਲਾਕਿਆਂ ਵਿਚ ਪ੍ਰਭਾਵਿਤ ਹਨ। ਇਸ ਸਰਵੇਖਣ ਦੇ ਅੰਕੜੇ ਪ੍ਰਭਾਵਿਤ ਕਰਨ ਵਾਲੇ ਹਨ ਕਿਉਂਕਿ ਇਸ ਸਰਵੇਖਣ ਵਿੱਚ 11 ਸਾਲ ਤੋਂ 60 ਸਾਲ ਉਮਰ ਦੇ ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ। ਇਸ ਸਰਵੇਖਣ ਵਿਚ ਨੌਜਵਾਨ ਅਤੇ ਅੱਧਖੜ੍ਹ ਉਮਰ ਦੇ ਮਰਦਾਂ ਤੋਂ ਇਲਾਵਾ ਔਰਤਾਂ ਵੀ ਨਸ਼ੇ ਦੀ ਆਦਤ ਤੋਂ ਪੀੜਤ ਪਾਈਆਂ ਗਈਆਂ। ਇਸ ਬਾਰੇ ਜਾਣਕਾਰੀ ਦੇਣ ਲਈ ਪੀ.ਜੀ.ਆਈ ਵਿਚ ਵਿਭਾਗ ਦੇ ਡਾ. ਅਜੀਤ ਅਵਸਥੀ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸਰਵੇਖਣ ਸਿੱਧੇ ਅਤੇ ਅਸਿੱਧੇ ਦੋਵੇਂ ਤਰ੍ਹਾਂ ਨਾਲ ਕੀਤਾ ਗਿਆ ਹੈ ਜਿਸ ਤਹਿਤ ਨਸ਼ੇ ਦੇ ਆਦੀਆਂ ਨਾਲ ਸਿੱਧੀ ਗੱਲਬਾਤ ਕੀਤੀ ਗਈ ਅਤੇ ਹੋਰਨਾਂ ਲੋਕਾਂ ਤੋਂ ਵੀ ਅਜਿਹੇ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਵੇਖਣ ਦਾ ਮੁੱਖ ਮਕਸਦ ਇਹ ਪਤਾ ਕਰਨਾ ਸੀ ਕਿ ਲੋਕ ਕਿਸ ਤਰ੍ਹਾਂ ਦੇ ਨਸ਼ਿਆਂ ‘ਤੇ ਵਧੇਰੇ ਨਿਰਭਰ ਹਨ ਜਿਸ ਤਹਿਤ ਇਹ ਅੰਕੜੇ ਸਾਹਮਣੇ ਆਏ ਕੇ ਪੰਜਾਬ ਅੰਦਰ ਨਸ਼ਾ ਕਰਨ ਵਾਲੇ ਲੋਕ ਅਫ਼ੀਮ, ਸਮੈਕ, ਹੈਰੋਇਨ ਵਰਗੇ ਨਸ਼ਿਆਂ ‘ਤੇ ਨਿਰਭਰ ਹਨ, ਜਦਕਿ ਚੰਡੀਗੜ੍ਹ ਵਿਚ ਸ਼ਰਾਬ, ਬਿਪਰੋਫਿਨ ਟੀਕੇ ਅਤੇ ਤੰਬਾਕੂ ਲੈਣ ਦੇ ਵਧੇਰੇ ਮਾਮਲੇ ਸਾਹਮਣੇ ਆਏ ਹਨ। ਇਕੱਲੇ ਪੰਜਾਬ ਅੰਦਰ ਹੀ ਦੋ ਲੱਖ ਤੋਂ ਵੱਧ ਲੋਕ ਅਫ਼ੀਮ ਜਾਂ ਇਸ ਤੋਂ ਬਣਾਏ ਗਏ ਨਸ਼ਿਆਂ ਦੇ ਆਦੀ ਹਨ ਜਦਕਿ ਟੀਕੇ ਲਗਾਉਣ ਵਾਲਿਆਂ ਦੀ ਗਿਣਤੀ 70 ਹਜ਼ਾਰ ਹੈ। ਇਸੇ ਤਰ੍ਹਾਂ ਚੰਡੀਗੜ੍ਹ ਵਿਚ 14 ਹਜ਼ਾਰ ਦੇ ਕਰੀਬ ਲੋਕ ਸ਼ਰਾਬ ਦੇ ਆਦੀ ਹਨ ਅਤੇ 18 ਹਜ਼ਾਰ ਲੋਕ ਤੰਬਾਕੂ ਲੈਂਦੇ ਹਨ।
ਇਸ ਸਰਵੇਖਣ ਵਿਚ 15 ਲੋਕਾਂ ਪਿੱਛੇ ਇੱਕ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਲੈਣ ਦਾ ਸ਼ੌਕੀਨ ਹੈ ਅਤੇ ਇੱਕ ਹਜ਼ਾਰ ਪਿੱਛੇ ਇੱਕ ਹੀ ਨਸ਼ੇੜੀ ਇਲਾਜ ਲਈ ਹਸਪਤਾਲ ਤੱਕ ਪਹੁੰਚਦਾ ਹੈ। ਪੰਜਾਬ ਵਿੱਚ ਇਲਾਜ ਕਰਵਾਉਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ ਕਿਉਂਕਿ ਪੰਜਾਬ ਵਿਚ ਨਸ਼ਾ ਕਰਨ ਵਾਲੇ ਸੱਤ ਵਿਅਕਤੀਆਂ ਵਿਚੋ ਇੱਕ ਇਲਾਜ ਕਰਵਾਉਣ ਆਉਂਦਾ ਹੈ। ਡਾ. ਅਨੁਸਾਰ ਪੰਜਾਬ ਵਿੱਚ ਕੁਝ ਅਜਿਹੇ ਲੋਕ ਵੀ ਹਨ ਜੋ ਨਸ਼ੇ ਦੇ ਆਦੀ ਤਾਂ ਹਨ ਪਰ ਉਹ ਇਸ ਗੱਲ ਨੂੰ ਸਮਾਜਿਕ ਤੌਰ ‘ਤੇ ਨਹੀਂ ਮੰਨਦੇ ਹਨ। ਜਿਸ ਕਾਰਨ ਅਜਿਹੇ ਲੋਕ ਆਮ ਲੋਕਾਂ ਵਿੱਚ ਲੁਕੇ ਹੋਏ ਹਨ ਜਿਨ੍ਹਾਂ ਦੀ ਗਿਣਤੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।
ਮੈਡੀਕਲ ਐਮਰਜੈਂਸੀ ਦੌਰਾਨ ਕਈ ਵਾਰ ਅਜਿਹੇ ਲੋਕ ਸਾਹਮਣੇ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੀਜੀਆਈ ਦੇ ਸਰਵੇ ਦੌਰਾਨ ਪੰਜਾਬ ਸਰਕਾਰ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿਚ ਇਹ ਸਰਵੇਖਣ ਕੀਤਾ ਗਿਆ ਹੈ।