ਪੰਜਾਬ ਸਰਕਾਰ ਨੇ ਵੀ ਮੁਆਵਜ਼ੇ ਲਈ ਕੇਂਦਰ ‘ਤੇ ਲਾਈ ਹੈ ਟੇਕ
ਚੰਡੀਗੜ੍ਹ : ਕੇਂਦਰ ਸਰਕਾਰ ਦੀ ਸੱਤ ਮੈਂਬਰੀ ਟੀਮ ਨੇ ਪੰਜਾਬ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਸ ਟੀਮ ਨੇ ਘੱਗਰ ਦੀ ਮਾਰ ਨਾਲ ਤਿੰਨ ਜ਼ਿਲ੍ਹਿਆਂ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਕੇਂਦਰ ਦੀ ਟੀਮ ਨੇ ਡੇਰਾਬੱਸੀ ਇਲਾਕੇ ਦੇ ਪਿੰਡ ਰਾਮਪੁਰ ਟਿਵਾਣਾ ਤੋਂ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ ਅਤੇ ਖਨੌਰੀ ਵਿਚ ਜਾ ਕੇ ਪਹਿਲੇ ਦਿਨ ਦੀ ਸਮਾਪਤੀ ਕੀਤੀ ਸੀ। ਇਹ ਕੇਂਦਰੀ ਟੀਮ ਪਹਿਲਾਂ ਹਿਮਾਚਲ ਪ੍ਰਦੇਸ਼ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਮਗਰੋਂ ਪੰਜਾਬ ਪੁੱਜੀ।
ਕੇਂਦਰੀ ਟੀਮ ਨੇ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਵਿੱਤ ਸਲਾਹਕਾਰ ਰਵੀਨੇਸ਼ ਕੁਮਾਰ ਦੀ ਅਗਵਾਈ ਵਿਚ ਪਟਿਆਲਾ ਦੇ ਪਿੰਡ ਰੋਹੜ ਜਗੀਰ, ਟਾਂਗਰੀ, ਬਾਦਸ਼ਾਹਪੁਰ, ਰਾਮਪੁਰ ਪੜਤਾ ਤੋਂ ਇਲਾਵਾ ਸੰਗਰੂਰ ਦੇ ਪਿੰਡ ਮਕੌਰੜ ਸਾਹਿਬ ਆਦਿ ਵਿਚ ਹੜ੍ਹਾਂ ਨਾਲ ਹੋਏ ਨੁਕਸਾਨ ਨੂੰ ਹਰ ਪੱਖ ਤੋਂ ਦੇਖਿਆ। ਸੰਗਰੂਰ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰਾਂ ਨੇ ਆਪੋ ਆਪਣੇ ਜ਼ਿਲ੍ਹਿਆਂ ਵਿਚ ਪ੍ਰਭਾਵਿਤ ਘਰਾਂ, ਫ਼ਸਲਾਂ, ਜਾਨਵਰਾਂ ਅਤੇ ਬੁਨਿਆਦੀ ਢਾਂਚੇ ਦੀ ਰਿਪੋਰਟ ਕੇਂਦਰੀ ਟੀਮ ਅੱਗੇ ਰੱਖੀ। ਚੇਤੇ ਰਹੇ ਕਿ ਜਦੋਂ ਸਾਲ 2019 ਵਿਚ ਪੰਜਾਬ ਵਿਚ ਹੜ੍ਹ ਆਏ ਸਨ ਤਾਂ ਉਦੋਂ ਵੀ ਕੇਂਦਰੀ ਟੀਮ ਨੇ ਪੰਜਾਬ ਦਾ ਦੌਰਾ ਕੀਤਾ ਸੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਦੇ ਫ਼ਸਲੀ ਨੁਕਸਾਨ ਦੇ ਮੁਆਵਜ਼ੇ ਲਈ ਕੇਂਦਰ ‘ਤੇ ਟੇਕ ਲਾਈ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਵੀ ਭੇਜਿਆ ਹੈ। ਪੰਜਾਬ ਸਰਕਾਰ ਨੇ ਹੜ੍ਹਾਂ ਕਾਰਨ ਕਰੀਬ 1500 ਕਰੋੜ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਹੈ।