Breaking News
Home / ਪੰਜਾਬ / ਦੋ ਦਿਨਾ ਹਾਰਟ ਆਫ ਏਸ਼ੀਆ ਕਾਨਫਰੰਸ ਸਮਾਪਤ, ਅੱਤਵਾਦ ਦੇ ਖਾਤਮੇ ਦਾ ਹੋਕਾ

ਦੋ ਦਿਨਾ ਹਾਰਟ ਆਫ ਏਸ਼ੀਆ ਕਾਨਫਰੰਸ ਸਮਾਪਤ, ਅੱਤਵਾਦ ਦੇ ਖਾਤਮੇ ਦਾ ਹੋਕਾ

bhangra-news-photo-copy-copyਅੱਤਵਾਦ ਨੂੰ ਸਮਰਥਨ ਦੇਣ ਵਾਲੇ ਮੁਲਕ ਸੁਧਰ ਜਾਣ : ਮੋਦੀ
ਅੰਮ੍ਰਿਤਸਰ ਐਲਾਨਨਾਮੇ ‘ਚ ਅਫ਼ਗਾਨਿਸਤਾਨ ਵਿਚੋਂ ਹਿੰਸਾ ਮਿਟਾਉਣ, ਖੇਤਰੀ ਸੰਪਰਕ ਮਜ਼ਬੂਤ ਕਰਨ ਅਤੇ ਵਿਕਾਸ ਦੇ ਉਪਰਾਲੇ ਕਰਨ ਦਾ ਅਹਿਦ
ਅੰਮ੍ਰਿਤਸਰ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਸਮੇਤ ਏਸ਼ੀਆਈ ਮੁਲਕਾਂ ਵਿੱਚ ਸੁਰੱਖਿਆ ਤੇ ਅਮਨ-ਸ਼ਾਂਤੀ ਲਈ ਖ਼ਤਰਾ ਬਣੇ ਅੱਤਵਾਦ ਨੂੰ ਖ਼ਤਮ ਕਰਨ, ਅਫ਼ਗਾਨਿਸਤਾਨ ਵਿੱਚ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਖੇਤਰੀ ਸੰਪਰਕ ਨੂੰ ਵਧੇਰੇ ਮਜ਼ਬੂਤ ਬਣਾਉਣ ਅਤੇ ਉਸ ਦੀ ਖੁਸ਼ਹਾਲੀ ਲਈ ਵਿਕਾਸ ਵਾਸਤੇ ਯਤਨ ਕਰਨ ਸਬੰਧੀ ਅੰਮ੍ਰਿਤਸਰ ਐਲਾਨਨਾਮੇ ਨਾਲ ਐਤਵਾਰ ਨੂੰ ਇਥੇ ਦੋ ਦਿਨਾ ਹਾਰਟ ਆਫ ਏਸ਼ੀਆ ਕਾਨਫਰੰਸ ਸਮਾਪਤ ਹੋ ਗਈ। ਅਗਲੀ ਕਾਨਫਰੰਸ 2017 ਵਿੱਚ ਅਜ਼ਰਬਾਇਜਾਨ ਵਿੱਚ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਕਾਨਫਰੰਸ ਦੇ ਮੰਚ ਤੋਂ ਅੱਤਵਾਦ ਦੇ ਮੁੱਦੇ ਨੂੰ ਵੱਡੇ ਪੱਧਰ ‘ਤੇ ਉਭਾਰ ਕੇ ਭਾਰਤ ਨੇ ਪਾਕਿਸਤਾਨ ਨੂੰ ਮੁੜ ਸਖ਼ਤ ਚਿਤਾਵਨੀ ਦਿੱਤੀ ਕਿ ਉਹ ਆਪਣੀ ਧਰਤੀ ਤੋਂ ਅੱਤਵਾਦ ਨੂੰ ਖ਼ਤਮ ਕਰੇ। ਪਾਕਿਸਤਾਨੀ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਦੀ ਹਾਜ਼ਰੀ ਵਿਚ ਇਹ ਅਹਿਸਾਸ ਕਰਾਉਣ ਦਾ ਯਤਨ ਕੀਤਾ ਗਿਆ ਕਿ ਪਾਕਿਸਤਾਨ ਅੱਤਵਾਦ ਨੂੰ ਸ਼ਹਿ ਦੇ ਰਿਹਾ ਹੈ, ਜਿਸ ਕਾਰਨ ਉਹ ਅੰਤਰਰਾਸ਼ਟਰੀ ਪੱਧਰ ‘ਤੇ ਇਕੱਲਾ ਪੈ ਰਿਹਾ ਹੈ। ਅਜ਼ੀਜ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਕੋਈ ਦੁਵੱਲੀ ਗੱਲਬਾਤ ਨਹੀਂ ਹੋਈ ਹੈ। ਕਾਨਫਰੰਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗ਼ਨੀ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਮਗਰੋਂ ਅੰਮ੍ਰਿਤਸਰ ਐਲਾਨਨਾਮਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਅਫ਼ਗਾਨਿਸਤਾਨ ਦੇ ਵਿਦੇਸ਼ ਮਾਮਲਿਆਂ ਬਾਰੇ ਉਪ ਮੰਤਰੀ ਹਿਕਮਤ ਖਲੀਲ ઠਕਰਜ਼ਈ ਨੇ ਸਾਂਝੇ ਤੌਰ ‘ਤੇ ਜਾਰੀ ਕੀਤਾ। ਕਾਨਫਰੰਸ ਵਿੱਚ ਅੱਤਵਾਦ ਗੱਲਬਾਤ ਦਾ ਮੁੱਖ ਧੁਰਾ ਬਣਿਆ ਰਿਹਾ ਅਤੇ ਪਾਕਿਸਤਾਨ ਨੂੰ ਅੱਤਵਾਦ ‘ਤੇ ਤੁਰੰਤ ਨੱਥ ਪਾਉਣ ਦਾ ਸੁਨੇਹਾ ਵੀ ਦਿੱਤਾ ਗਿਆ।
ਸਾਂਝੇ ਐਲਾਨਨਾਮੇ, ਜਿਸ ਨੂੰ 45 ਮੁਲਕਾਂ ਦੇ ਨੁਮਾਇੰਦਿਆਂ ਨੇ ਸਮਰਥਨ ਦਿੱਤਾ ਹੈ, ਵਿੱਚ ਅੱਤਵਾਦ ਨੂੰ ਸਥਾਈ ਸ਼ਾਂਤੀ ਦੀ ਸਥਾਪਤੀ ਦੇ ਰਾਹ ਵਿੱਚ ਮੁੱਖ ਅੜਿੱਕਾ ਕਰਾਰ ਦਿੱਤਾ ਗਿਆ। ਐਲਾਨਨਾਮੇ ਦੇ ਵੇਰਵੇ ਪ੍ਰੈੱਸ ਕਾਨਫਰੰਸ ਵਿਚ ਜਨਤਕ ਕਰਦਿਆਂ ਜੇਤਲੀ ਨੇ ਦੱਸਿਆ ਕਿ ਅੱਤਵਾਦ ਨੂੰ ਆਰਥਿਕ ਸਮਰਥਨ ਅਤੇ ਸੁਰੱਖਿਅਤ ਟਿਕਾਣੇ ਮੁਹੱਈਆ ਕਰਾਉਣ ਦੀ ਸਖ਼ਤ ਆਲੋਚਨਾ ਕਰਦਿਆਂ ਹਰ ਤਰ੍ਹਾਂ ਦੇ ਅੱਤਵਾਦ ਨੂੰ ਖ਼ਤਮ ਕਰਨ ਦਾ ਅਹਿਦ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਹਾਰਟ ਆਫ ਏਸ਼ੀਆ ਕਾਨਫਰੰਸ ਵਿੱਚ ਦਹਿਸ਼ਤੀ ਜਥੇਬੰਦੀਆਂ ਅਲ ਕਾਇਦਾ, ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਦਾਇਸ਼ ਆਦਿ ਤੋਂ ਅਫ਼ਗਾਨਿਸਤਾਨ ਵਿੱਚ ਹਿੰਸਕ ਕਾਰਵਾਈਆਂ ਨਾਲ ਖੇਤਰੀ ਮੁਲਕਾਂ ਨੂੰ ਪੈਦਾ ਹੋਏ ਖਤਰੇ ‘ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਐਲਾਨਨਾਮੇ ਰਾਹੀਂ  ਅੱਤਵਾਦ ਦੇ ਖ਼ਾਤਮੇ ਲਈ ਕੌਮਾਂਤਰੀ ਸਹਿਯੋਗ ਦੀ ਮੰਗ ਕਰਦਿਆਂ ਅੰਤਰਰਾਸ਼ਟਰੀ ਦਹਿਸ਼ਤਵਾਦ ਮੁੱਦੇ ‘ਤੇ ਜਲਦੀ ਸੰਮੇਲਨ ਸੱਦਣ ਲਈ ਦਸਤਾਵੇਜ਼ ਤਿਆਰ ਕਰਨ ਲਈ ਆਖਿਆ ਗਿਆ। ਅਫ਼ਗਾਨਿਸਤਾਨ ਸਮੇਤ ਖੇਤਰੀ ਅੱਤਵਾਦ ਨੂੰ ਨੱਥ ਪਾਉਣ ਲਈ ਮਾਹਿਰਾਂ ਦੀ ਰਾਇ ਲੈ ਕੇ ਰਣਨੀਤੀ ਨੂੰ ਅੰਤਿਮ ਰੂਪ ਦੇਣ ਲਈ ਆਖਿਆ ਗਿਆ। ਹਾਰਟ ਆਫ ਏਸ਼ੀਆ ਨਾਲ ਜੁੜੇ ਮੁਲਕਾਂ ਵੱਲੋਂ ਅਫ਼ਗਾਨਿਸਤਾਨ ਵਿੱਚ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਸਹਿਯੋਗ ਦੇਣ ਬਾਰੇ ਵਿਚਾਰਾਂ ਕੀਤੀਆਂ ਗਈਆਂ। ਚਾਬਹਾਰ ਯੋਜਨਾ ਤਹਿਤ ਭਾਰਤ, ਇਰਾਨ ਅਤੇ ਅਫ਼ਗਾਨਿਸਤਾਨ ਵਿਚਾਲੇ ਰੇਲ ਸੰਪਰਕ ਨੂੰ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਯਤਨ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਭਾਰਤ ਵੱਲੋਂ ਅਫ਼ਗਾਨਿਸਤਾਨ ਨਾਲ ਦੁਵੱਲੇ ਸੰਪਰਕ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ ਗਿਆ। ਅਫ਼ਗਾਨਿਸਤਾਨ ਦੀ ਖੁਸ਼ਹਾਲੀ ਅਤੇ ਅੱਤਵਾਦ ਦੇ ਖ਼ਾਤਮੇ ਲਈ ਭਾਰਤ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੱਖ-ਵੱਖ ਮੁਲਕਾਂ ਨੇ ਸ਼ਲਾਘਾ ਵੀ ઠ ઠ ਕੀਤੀ ਹੈ।
ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਪਾਕਿਸਤਾਨ ਦਾ ਨਾਮ ਲਏ ਬਿਨਾ ਅੱਤਵਾਦ ਨੂੰ ਮੁੱਖ ਧੁਰਾ ਬਣਾਇਆ। ਉਨ੍ਹਾਂ ਆਖਿਆ,”ਅੱਤਵਾਦ ਸਿਰਫ਼ ਅਫ਼ਗਾਨਿਸਤਾਨ ਲਈ ਹੀ ਨਹੀਂ ਸਗੋਂ ਏਸ਼ੀਆ ਦੇ ਕਈ ਮੁਲਕਾਂ ਦੀ ਸ਼ਾਂਤੀ ਲਈ ਖਤਰਾ ਬਣਿਆ ਹੋਇਆ ਹੈ। ਇਸ ਵੇਲੇ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਲਈ ਹਾਅ ਦਾ ਨਾਅਰਾ ਮਾਰਨਾ ਹੀ ਕਾਫੀ ਨਹੀਂ ਹੈ। ਸਗੋਂ ਦਹਿਸ਼ਤਵਾਦੀ ਤਾਕਤਾਂ ਨੂੰ ਸਮਰਥਨ ਦੇਣ ਵਾਲਿਆਂ ਨੂੰ ਨਕਾਰਨਾ ਵੀ ਜ਼ਰੂਰੀ ਹੈ।” ਮੋਦੀ ਨੇ ਕਿਹਾ ਕਿ ਜਿਹੜੀਆਂ ਤਾਕਤਾਂ ਅੱਤਵਾਦ ਦਾ ਸਮਰਥਨ, ਉਨ੍ਹਾਂ ਨੂੰ ਮਾਇਕ ਮਦਦ, ਸਿਖਲਾਈ ਅਤੇ ਆਪਣੇ ਮੁਲਕ ਵਿੱਚ ਆਸਰਾ ਦੇ ਰਹੀਆਂ ਹਨ, ਉਨ੍ਹਾਂ ਦੀ ਸ਼ਨਾਖਤ ਕਰਕੇ ਨਕਾਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਜੇਕਰ ਹੁਣ ਵੀ ਖਾਮੋਸ਼ ਰਹੇ ਅਤੇ ਅੱਤਵਾਦ ਖਿਲਾਫ਼ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਇਹ ਅੱਤਵਾਦ ਅਤੇ ਅੱਤਵਾਦ ਨੂੰ ਸ਼ਹਿ ਦੇਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਵਾਂਗ ਹੋਵੇਗਾ। ਪ੍ਰਧਾਨ ਮੰਤਰੀ ਨੇ ਅਫ਼ਗਾਨਿਸਤਾਨ ਵਿੱਚ ਅੱਤਵਾਦ ਦੇ ਖ਼ਾਤਮੇ, ਸ਼ਾਂਤੀ ਦੀ ਸਥਾਪਤੀ ਅਤੇ ਵਿਕਾਸ ਵਾਸਤੇ ਭਾਰਤ ਦਾ ਸਮਰਥਨ ਜਾਰੀ ਰੱਖਣ ਦਾ ਵਾਅਦਾ ਕੀਤਾ। ਅੰਮ੍ਰਿਤਸਰ ਵਿਚ ਹਾਰਟ ਆਫ ਏਸ਼ੀਆ ਕਾਨਫਰੰਸ ਕਰਾਉਣ ਦੇ ਮੰਤਵ ‘ਤੇ ਰੌਸ਼ਨੀ ਪਾਉਂਦਿਆਂ ਮੋਦੀ ਨੇ ਆਖਿਆ ਕਿ ਅੰਮ੍ਰਿਤਸਰ ਸਿੱਖ ਗੁਰੂਆਂ ਦੀ ਧਰਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ 15ਵੀਂ ਸਦੀ ਵਿੱਚ ਕਾਬੁਲ ਗਏ ਸਨ ਅਤੇ ਉਨ੍ਹਾਂ ਉਥੇ ਮਨੁੱਖਤਾ ਦੇ ਭਲੇ ਦਾ ਸੰਦੇਸ਼ ਦਿੱਤਾ ਸੀ। ਅਫ਼ਗਾਨ ਦੇ ਸੂਫੀ ਸੰਤ ਬਾਬਾ ਹਜ਼ਰਤ ਸ਼ੇਖ ઠਦੀ ਦਰਗਾਹ ਅੱਜ ਵੀ ਪੰਜਾਬ ਵਿੱਚ ਹੈ, ਜਿਥੇ ਵੱਖ-ਵੱਖ ਧਰਮਾਂ ਦੇ ਲੋਕ ਸਿਜਦਾ ਕਰਦੇ ਹਨ। ਅਫ਼ਗਾਨਿਸਤਾਨ ਤੋਂ ਵੀ ਲੋਕ ਇਥੇ ਨਤਮਸਤਕ ਹੋਣ ਆਉਂਦੇ ਹਨ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗ਼ਨੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਤਰੀ ਅੱਤਵਾਦ ਦੇ ਖ਼ਾਤਮੇ ਲਈ ਖੇਤਰੀ ਦਹਿਸ਼ਤਵਾਦ ਰੋਕੂ ਫੰਡ ਸਥਾਪਤ ਹੋਣਾ ਚਾਹੀਦਾ ਹੈ। ਉਨ੍ਹਾਂ ਸਰਹੱਦ ਪਾਰ ਅੱਤਵਾਦੀ ਗਤੀਵਿਧੀਆਂ ਦੀ ਸ਼ਨਾਖਤ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਆਖਿਆ ਕਿ ਅੱਤਵਾਦ ਨੂੰ ਰੋਕਣ ਅਤੇ ਖਿੱਤੇ ਵਿੱਚ ਸਥਾਈ ਸ਼ਾਂਤੀ ਸਥਾਪਤ ਕਰਨ ਲਈ ਇਕ ਦੂਜੇ ਖਿਲਾਫ਼ ਦੋਸ਼ ਲਾਉਣ ਦੀ ਥਾਂ ਸਾਂਝੇ ਰੂਪ ਵਿੱਚ ਯਤਨ ਕਰਨ ਦੀ ਲੋੜ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦਰਬਾਰ ਸਾਹਿਬ ਹੋਏ ਨਤਮਸਤਕ
ਅੰਮ੍ਰਿਤਸਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗ਼ਨੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਰਾਮਦਾਸ ਲੰਗਰ ਵਿੱਚ ਸੇਵਾ ਵੀ ਕੀਤੀ। ਇਸ ਤੋਂ ਪਹਿਲਾਂ ਲਗਪਗ 15 ਮੁਲਕਾਂ ਦੇ ਵਿਦੇਸ਼ ਮੰਤਰੀਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਮੋਦੀ ਅਤੇ ਗ਼ਨੀ ਦਾ ਇਥੇ ਪੁੱਜਣ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਸਵਾਗਤ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਵੀ.ਕੇ. ਸਿੰਘ ਵੀ ਹਾਜ਼ਰ ਸਨ। ਦਰਬਾਰ ਸਾਹਿਬ ਵਿਖੇ ਪਤਵੰਤਿਆਂ ਨੂੰ ਗ੍ਰੰਥੀ ਸਿੰਘ ਵੱਲੋਂ ਸਿਰੋਪਾਓ ਦਿੱਤੇ ਗਏ।
ਅਜ਼ੀਜ਼ ਨੂੰ ਨਾ ਮਿਲੀ ਸ੍ਰੀ ਹਰਿਮੰਦਰ ਸਾਹਿਬ ਜਾਣ ਦੀ ਇਜਾਜ਼ਤ
ਅੰਮ੍ਰਿਤਸਰ : ਪਾਕਿਸਤਾਨੀ ਮੀਡੀਆ ਨੇ ਦਾਅਵਾ ਕੀਤਾ ਕਿ ਸਰਤਾਜ ਅਜ਼ੀਜ਼ ਨੂੰ ਐਤਵਾਰ ਨੂੰ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਚ ਜਾਣ ਦੀ ਇਜ਼ਾਜਤ ਨਹੀਂ ਦਿੱਤੀ। ਇੰਨਾ ਹੀ ਨਹੀਂ ਉਨ੍ਹਾਂ ਨੂੰ ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਵੀ ਨਹੀਂ ਕਰਨ ਦਿੱਤੀ ਗਈ। ਹਾਲਾਂਕਿ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਸੂਚਨਾ ਅਧਿਕਾਰੀ ਗੁਰਬਚਨ ਸਿੰਘ ਨੇ ਕਿਹਾ ਕਿ ਸਰਕਾਰ ਨੇ ਆਪਣੇ ਪੱਧਰ ‘ਤੇ ਅਜ਼ੀਜ਼ ਨੂੰ ਰੋਕਿਆ ਹੋਵੇਗਾ। ਸ੍ਰੀ ਦਰਬਾਰ ਸਾਹਿਬ ਕਿਸੇ ਦੇ ਵੀ ਆਉਣ ‘ਤੇ ਰੋਕ ਨਹੀਂ। ਜ਼ਿਕਰਯੋਗ ਹੈ ਕਿ ਸੁਰੱਖਿਆ ਏਜੰਸੀਆਂ ਨੇ ਅਜ਼ੀਜ਼ ਦੀ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕ ਦਿੱਤਾ ਸੀ।
ਸਰਤਾਜ਼ ਅਜ਼ੀਜ਼- ਨਰਿੰਦਰ ਮੋਦੀ ਦਰਮਿਆਨ ਬਸ ਦੁਆ ਸਲਾਮ ਹੀ
ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਦੁਆ-ਸਲਾਮ ਵੀ ਹੋਈ। ਅਜ਼ੀਜ਼ ਦਾ ਹਵਾਈ ਅੱਡੇ ‘ਤੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁੱਲ ਬਾਸਿਤ ਨੇ ਸਵਾਗਤ ਕੀਤਾ। ‘ਸਾਡਾ ਪਿੰਡ’ ਵਿਚ ਪ੍ਰਧਾਨ ਮੰਤਰੀ ਮੋਦੀ, ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਅਤੇ ਪਾਕਿਸਤਾਨ ਦੇ ਸਰਤਾਜ ਅਜ਼ੀਜ਼ ਸਮੇਤ ਹੋਰ ਆਗੂਆਂ ਨੇ ਰਾਤ ਦੇ ਖਾਣੇ ਸਮੇਂ ਲਜ਼ੀਜ਼ ਸਰ੍ਹੋਂ ਦੇ ਸਾਗ, ਮੱਕੀ ਦੀ ਰੋਟੀ ਅਤੇ ਦਾਲ ਦਾ ਆਨੰਦ ਮਾਣਿਆ।
ਪਾਕਿ ਦੀ ਆਲੋਚਨਾ ਤੋਂ ਬੁਖਲਾਏ ਅਜ਼ੀਜ਼
ਅੰਮ੍ਰਿਤਸਰ: ਹਾਰਟ ਆਫ਼ ਏਸ਼ੀਆ ਕਾਨਫਰੰਸ ਦੌਰਾਨ ਪਾਕਿਸਤਾਨ ਦੀ ਹੋਈ ਤਿੱਖੀ ਆਲੋਚਨਾ ਤੋਂ ਬਾਅਦ ਉਥੋਂ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਹਿੰਸਾ ਵਿਚ ਆਏ ਉਭਾਰ ਲਈ ਕਿਸੇ ਇਕ ਮੁਲਕ ਨੂੰ ਦੋਸ਼ੀ ਠਹਿਰਾਉਣਾ ਬਹੁਤ ਆਸਾਨ ਹੈ ਪਰ ਇਸ ਲਈ ਅਰਥ ਭਰਪੂਰ ਨਜ਼ਰੀਆ ਅਪਣਾਉਣ ਦੀ ਲੋੜ ਹੈ। ਉਨ੍ਹਾਂ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਵਿਚ ਤਣਾਅ ਦਾ ਮੁੱਦਾ ਵੀ ਉਠਾਇਆ। ਅਜ਼ੀਜ਼ ਨੇ ਕਿਹਾ ਕਿ ਕੰਟਰੋਲ ਰੇਖਾ ‘ਤੇ ਤਣਾਅ ਦੇ ਬਾਵਜੂਦ ਕਾਨਫਰੰਸ ‘ਚ ਉਨ੍ਹਾਂ ਦੀ ਹਾਜ਼ਰੀ ਗਵਾਹੀ ਭਰਦੀ ਹੈ ਕਿ ਅਫ਼ਗਾਨਿਸਤਾਨ ਵਿਚ ਸ਼ਾਂਤੀ ਲਈ ਪਾਕਿਸਤਾਨ ਵਚਨਬੱਧ ਹੈ। ਉਨ੍ਹਾਂ ਇਸਲਾਮਾਬਾਦ ਵਿਚ ਹੋਣ ਵਾਲੇ ਸਾਰਕ ਸਿਖਰ ਸੰਮੇਲਨ ਰੱਦ ਹੋਣ ‘ਤੇ ਨਾਰਾਜ਼ਗੀ ਪ੍ਰਗਟ ਕੀਤੀ।ઠ
ਅਫ਼ਗਾਨ ਭੂਮੀ ‘ਤੇ ਅਮਨ ਦੀ ਵਾਪਸੀ ਲਈ ਸਾਂਝਾ ਹੰਭਲਾ
ਅੰਮ੍ਰਿਤਸਰ : ਅੰਮ੍ਰਿਤਸਰ ‘ਚ ਛੇਵੀਂ ਹਾਰਟ ਆਫ਼ ਏਸ਼ੀਆ ਕਾਨਫ਼ਰੰਸ ਵਿੱਚ ਅੱਤਵਾਦ ਵਿਰੋਧੀ ਪ੍ਰਬੰਧ ਨੂੰ ਅੰਤਿਮ ਰੂਪ ਦੇਣ, ਅਫ਼ਗਾਨਿਸਤਾਨ ਵਿੱਚ ਸਥਾਈ ਸ਼ਾਂਤੀ ਕਾਇਮ ਕਰਨ ਅਤੇ ਜੰਗ ਕਾਰਨ ਮੁਸ਼ਕਲਾਂ ਵਿੱਚ ਘਿਰੇ ਇਸ ਦੇਸ਼ ਦੇ ਵਿੱਤੀ ਵਿਕਾਸ ਲਈ ਖੇਤਰੀ ਸੰਪਰਕ ਮਜ਼ਬੂਤ ਕਰਨ, ਹੋਰ ਏਸ਼ੀਆਈ ਮੁਲਕਾਂ ਵਿੱਚ ਅੱਤਵਾਦ ਦੇ ਖ਼ਤਰੇ ਨਾਲ ਨਜਿੱਠਣ ਅਤੇ ਆਪਸੀ ਵਪਾਰ ਵਧਾਉਣ ਵਰਗੇ ਮੁੱਦੇ ਵਿਚਾਰੇ ਗਏ। ਅੰਮ੍ਰਿਤਸਰ ਹਵਾਈ ਅੱਡੇ ਨੇੜਲੇ ਹੋਟਲ ਵਿੱਚ ਹੋਈ ਇਸ ਦੋ ਰੋਜ਼ਾ ਕਾਨਫ਼ਰੰਸ ਦੇ ਪਹਿਲੇ ਦਿਨ ਇਸ ਦੀ ਅਗਵਾਈ ਭਾਰਤ ਦੇ ਵਿਦੇਸ਼ ਸਕੱਤਰ ਐਸ. ਜੈ ਸ਼ੰਕਰ ਅਤੇ ਅਫ਼ਗਾਨਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਉਪ ਮੰਤਰੀ ਹਿਕਮਤ ਖ਼ਲੀਲ ਕਰਜ਼ਈ ਨੇ ਕੀਤੀ। ਲਗਪਗ 40 ਮੁਲਕਾਂ ਦੇ ਨੁਮਾਇੰਦੇ ਅਤੇ ਅੱਠ ਦੇਸ਼ਾਂ ਦੇ ਵਿਦੇਸ਼ ਮੰਤਰੀ ਇਸ ਵਿੱਚ ਸ਼ਾਮਲ ਹੋਣ ਪੁੱਜੇ । ਕਾਨਫ਼ਰੰਸ ਸਬੰਧੀ ਇਸ ਸਰਹੱਦੀ ਸ਼ਹਿਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਤੇ ਪੰਜਾਬ ਪੁਲਿਸ ਦੇ ਨਾਲ-ਨਾਲ ਨੀਮ ਫ਼ੌਜੀ ਦਸਤੇ ਵੀ ਤਾਇਨਾਤ ਕੀਤੇ ਗਏ । ਹਾਰਟ ਆਫ਼ ਏਸ਼ੀਆ ਕਾਨਫਰੰਸ ਦੇ ਨਾਲ-ਨਾਲ ਇਕ ਵੱਖਰੇ ਹੋਟਲ ਵਿੱਚ ਸੈਮੀਨਾਰ ਵੀ ਕਰਵਾਇਆ ਗਿਆ। ਇਸ ਦੌਰਾਨ ਏਸ਼ੀਆਈ ਮੁਲਕਾਂ ਵਿਚਾਲੇ ਆਵਾਜਾਈ, ਵਪਾਰ ਅਤੇ ਆਪਸੀ ਤਾਲਮੇਲ ਵਧਾਉਣ ਸਬੰਧੀ ਮੁੱਦੇ ਵਿਚਾਰੇ ਗਏ।
ਦਰਬਾਰ ਸਾਹਿਬ ਨਾਲ ਭੰਗੜੇ ਦੀ ਤਸਵੀਰ ਤੋਂ ਸ਼੍ਰੋਮਣੀ ਕਮੇਟੀ ਨਰਾਜ਼
ਅੰਮ੍ਰਿਤਸਰ : ਐਸਜੀਪੀਸੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਲਾਏ ਸਵਾਗਤੀ ਹੋਰਡਿੰਗ ਬੋਰਡ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਭੰਗੜੇ ਦੀ ਤਸਵੀਰ ਛਾਪਣ ‘ਤੇ ਇਤਰਾਜ਼ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਵੱਲੋਂ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਅਣਉਚਿਤ ਤਰੀਕੇ ਨਾਲ ਛਾਪਣਾ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਹਰ ਧਰਮ ਦੇ ਲੋਕ ਨਤਮਸਤਕ ਹੋਣ ਆਉਂਦੇ ਹਨ ਪਰ ਵਿਦੇਸ਼ ਮੰਤਰਾਲੇ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਮਰਿਆਦਾ ਖ਼ਿਲਾਫ਼ ਸਮੱਗਰੀ ਛਾਪਣ ਨਾਲ ਸੰਗਤ ਦੇ ਮਨਾਂ ਨੂੰ ਠੇਸ ਪੁੱਜੀ ਹੈ। ઠਉਨ੍ਹਾਂ ਕਿਹਾ ਕਿ ਇਹ ਤਸਵੀਰ ਵਟਸਐਪ ‘ਤੇ ਵੀ ਹੈ, ਜਿਸ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਦੇ ਮਨਾਂ ਵਿੱਚ ਭਾਰੀ ਰੋਸ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਉਹ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਤਸਵੀਰ ਤੁਰੰਤ ਹਟਾਉਣ ਲਈ ਪੱਤਰ ਲਿਖਣਗੇ।

Check Also

ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਪ੍ਰਦਰਸ਼ਨ ਨੂੰ ਦੱਸਿਆ ਵਧੀਆ

ਕਿਹਾ : ਹੁਸ਼ਿਆਰਪੁਰ ਦੇ ਨਤੀਜੇ ਸਾਡੀ ਉਮੀਦ ਅਨੁਸਾਰ ਨਹੀਂ ਆਏ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਭਾਜਪਾ …