Breaking News
Home / ਪੰਜਾਬ / ਕਾਂਗਰਸ ਤੇ ‘ਆਪ’ ਇੱਕ ਸਿੱਕੇ ਦੇ ਦੋ ਪਹਿਲੂ: ਸੁਖਬੀਰ ਬਾਦਲ

ਕਾਂਗਰਸ ਤੇ ‘ਆਪ’ ਇੱਕ ਸਿੱਕੇ ਦੇ ਦੋ ਪਹਿਲੂ: ਸੁਖਬੀਰ ਬਾਦਲ

ਦੋਵੇਂ ਪਾਰਟੀਆਂ ਮੌਕਾਪ੍ਰਸਤ ਕਰਾਰ; ਗੱਠਜੋੜ ਬਾਰੇ ਭਾਜਪਾ ਨਾਲ ਕੋਈ ਗੱਲ ਨਾ ਹੋਣ ਦਾ ਕੀਤਾ ਦਾਅਵਾ
ਮੁਹਾਲੀ/ਬਿਊਰੋ ਨਿਊਜ਼ : ਭਾਰਤ ਵਿੱਚ ਸੱਤਾ ਪਰਿਵਰਤਨ ਲਈ ਹੋ ਰਹੇ ‘ਇੰਡੀਆ’ ਗੱਠਜੋੜ ਦੇ ਮੁੱਦੇ ‘ਤੇ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਵਿਚਾਲੇ ਚੋਣ ਸਮਝੌਤੇ ਬਾਰੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਇੱਕ ਸਿੱਕੇ ਦੇ ਦੋ ਪਹਿਲੂ ਹਨ। ਪਹਿਲਾਂ ਕਾਂਗਰਸ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ‘ਤੇ ਲਿਆ ਖੜ੍ਹਾ ਕੀਤਾ ਤੇ ਹੁਣ ‘ਆਪ’ ਦੇ ਰਾਜ ਵਿੱਚ ਵਿਕਾਸ ਪੱਖੋਂ ਪੰਜਾਬ ਕਾਫ਼ੀ ਪਿੱਛੇ ਚਲਾ ਗਿਆ ਹੈ।
ਮੁਹਾਲੀ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਸੁਖਬੀਰ ਬਾਦਲ ਨੇ ‘ਆਪ’ ਅਤੇ ਕਾਂਗਰਸ ਨੂੰ ਮੌਕਾਪ੍ਰਸਤ ਦੱਸਦਿਆਂ ਕਿਹਾ ਕਿ ਵਿਧਾਨ ਸਭਾ ਤੇ ਸਟੇਜਾਂ ‘ਤੇ ਇੱਕ-ਦੂਜੇ ਨੂੰ ਗਾਲ੍ਹਾਂ ਕੱਢਣ ਵਾਲੇ ਪੰਜਾਬ ਦੇ ਆਗੂ ਚੋਣਾਂ ਵਿੱਚ ਜੱਫੀਆਂ ਪਾਉਣ ਨੂੰ ਫਿਰਦੇ ਹਨ ਅਤੇ ਇਨ੍ਹਾਂ ਮੌਕਾਪ੍ਰਸਤਾਂ ਦੇ ਗੱਠਜੋੜ ਨਾਲ ਸੂਬਾ ਹੋਰ ਤਬਾਹ ਹੋਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਖੇਤਰੀ ਪਾਰਟੀਆਂ ਸੂਬੇ ਦੇ ਵਿਕਾਸ ਲਈ ਖ਼ੁਦ ਫ਼ੈਸਲੇ ਲੈਂਦੀਆਂ ਹਨ ਜਦਕਿ ਕਾਂਗਰਸ ਅਤੇ ‘ਆਪ’ ਨੂੰ ਦਿੱਲੀ ਵਾਲਿਆਂ ਦੇ ਹੁਕਮਾਂ ਮੁਤਾਬਕ ਚੱਲਣਾ ਪੈਂਦਾ ਹੈ।
ਭਾਜਪਾ ਨਾਲ ਗੱਠਜੋੜ ਬਾਰੇ ਸਿਆਸੀ ਹਲਕਿਆਂ ਵਿੱਚ ਉੱਠ ਰਹੀਆਂ ਕਿਆਸਅਰਾਈਆਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸੁਖਬੀਰ ਬਾਦਲ ਨੇ ਸਪੱਸ਼ਟ ਕੀਤਾ ਕਿ ਉਹ ਪਿਛਲੇ 15 ਦਿਨਾਂ ਤੋਂ ‘ਪੰਜਾਬ ਬਚਾਓ’ ਯਾਤਰਾ ‘ਤੇ ਹਨ ਅਤੇ ਇਸ ਬਾਰੇ ਹਾਲੇ ਤੱਕ ਉਨ੍ਹਾਂ ਦੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਅਕਾਲੀ ਦਲ ਨਾਲ ਗੱਠਜੋੜ ਬਾਰੇ ਗੱਲ ਚੱਲ ਰਹੀ ਹੈ। ਕਿਸਾਨੀ ਸੰਘਰਸ਼ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਸਟੈਂਡ ਬਾਰੇ ਪੁੱਛਣ ‘ਤੇ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਖੜ੍ਹਾ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨ ਸੂਬੇ ਦੀ ਰੀੜ੍ਹ ਦੀ ਹੱਡੀ ਹਨ। ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਅਨਿਲ ਜੋਸ਼ੀ, ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਹਲਕਾ ਖਰੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਤੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਹਾਜ਼ਰ ਸਨ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …