ਭਲਕੇ 9 ਦਸੰਬਰ ਨੂੰ ਕੈਟਰੀਨਾ ਦਾ ਵਿੱਕੀ ਕੌਸ਼ਲ ਨਾਲ ਹੋਵੇਗਾ ਵਿਆਹ
ਹੁਸ਼ਿਆਰਪੁਰ/ਬਿਊਰੋ ਨਿਊਜ਼
ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਦੇ ਵਿਆਹ ’ਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਨ੍ਹਾਂ ਦਾ ਵਿਆਹ ਭਲਕੇ 9 ਦਸੰਬਰ ਨੂੰ ਰਾਜਸਥਾਨ ਦੇ ਪ੍ਰਸਿੱਧ ਬਰਵਾਰੇ ਕਿਲ੍ਹੇ ਦੇ ਰਿਜ਼ਾਰਟ ਵਿਚ ਹੋ ਰਿਹਾ ਹੈ। ਕੈਟਰੀਨਾ ਕੈਫ ਅਤੇ ਵਿੱਕੀ ਦੇ ਵਿਆਹ ਨੂੰ ਲੈ ਕੇ ਪਰਿਵਾਰ ਵਲੋਂ ਕਈ ਦਿਨਾਂ ਤੋਂ ਵਿਆਹ ਸਬੰਧੀ ਰਸਮਾਂ ਵੀ ਕੀਤੀਆਂ ਜਾ ਰਹੀਆਂ ਹਨ। ਅਜੇ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਵਿਆਹ ਤੋਂ ਬਾਅਦ ਕੈਟਰੀਨਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਿਰਜ਼ਾਪੁਰ ਦੀ ਨੂੰਹ ਬਣੇਗੀ। ਧਿਆਨ ਰਹੇ ਕਿ ਵਿੱਕੀ ਕੌਸ਼ਲ ਦੇ ਪਿਤਾ ਅਤੇ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਅਸਲ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਿਰਜ਼ਾਪੁਰ ਦੇ ਰਹਿਣ ਵਾਲੇ ਹਨ। ਇਹ ਪਿੰਡ ਟਾਂਡਾ ਉੜਮੁੜ ਦੇ ਨੇੜੇ ਹੈ। ਪਿੰਡ ਮਿਰਜ਼ਾਪੁਰ ਦੇ ਵਸਨੀਕਾਂ ਅਨੁਸਾਰ ਮੁੰਬਈ ਵਿੱਚ ਰਹਿਣ ਤੋਂ ਬਾਅਦ ਵੀ ਸ਼ਾਮ ਕੌਸ਼ਲ ਆਪਣੇ ਦੋ ਲੜਕਿਆਂ ਵਿੱਕੀ ਅਤੇ ਸੰਨੀ ਕੌਸ਼ਲ ਦੇ ਨਾਲ ਪਿੰਡ ਵਿੱਚ ਅਕਸਰ ਆਉਂਦੇ-ਜਾਂਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਸ਼ਾਮ ਕੌਸ਼ਲ ਨੇ 1978 ਵਿੱਚ ਮੁੰਬਈ ਜਾਣ ਤੋਂ ਪਹਿਲਾਂ ਸਰਕਾਰੀ ਕਾਲਜ ਟਾਂਡਾ ਉੜਮੁੜ ਤੋਂ ਬੀਏ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਐਮਏ ਅੰਗਰੇਜ਼ੀ ਦੀ ਪੜ੍ਹਾਈ ਕੀਤੀ ਸੀ। ਸ਼ਾਮ ਕੌਸ਼ਲ ਦੇ ਦੋਵੇਂ ਪੁੱਤਰ ਵਿੱਕੀ ਅਤੇ ਸੰਨੀ ਕੌਸ਼ਲ ਵੀ ਮਸ਼ਹੂਰ ਅਦਾਕਾਰ ਹਨ।