Breaking News
Home / ਪੰਜਾਬ / ਕਿਸਾਨਾਂ ਨੇ ਭਾਜਪਾ ਉਮੀਦਵਾਰ ਦੇ ਬਰਾਬਰ ਆਪਣਾ ਮੰਚ ਲਗਾਇਆ

ਕਿਸਾਨਾਂ ਨੇ ਭਾਜਪਾ ਉਮੀਦਵਾਰ ਦੇ ਬਰਾਬਰ ਆਪਣਾ ਮੰਚ ਲਗਾਇਆ

ਕੈਪਟਨ ਅਮਰਿੰਦਰ ਅਤੇ ਪ੍ਰਨੀਤ ਕੌਰ ਖਿਲਾਫ ਕੀਤੀ ਗਈ ਨਾਅਰੇਬਾਜ਼ੀ
ਨਾਭਾ/ਬਿਊਰੋ ਨਿਊਜ਼ : ਲੋਕ ਸਭਾ ਚੋਣਾਂ ਵਿੱਚ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਬਰਾਬਰ ਕਿਸਾਨ ਆਗੂਆਂ ਨੇ ਆਪਣਾ ਮੰਚ ਲਗਾ ਕੇ ਭਾਸ਼ਣ ਦਿੱਤੇ। ਜ਼ਿਕਰਯੋਗ ਹੈ ਕਿ ਪ੍ਰਨੀਤ ਕੌਰ ਪਟਿਆਲਾ ਗੇਟ ਤੋਂ ਬਾਜ਼ਾਰ ਵਿੱਚ ਦੀ ਰੋਡ ਸ਼ੋਅ ਕਰਦੇ ਹੋਏ ਸਥਾਨਕ ਸਿਨੇਮਾ ਰੋਡ ‘ਤੇ ਆਪਣੇ ਚੋਣ ਦਫਤਰ ਪਹੁੰਚੇ। ਪਹਿਲਾਂ ਕਿਸਾਨਾਂ ਨੇ ਪ੍ਰਨੀਤ ਕੌਰ ਦੇ ਪਿੱਛੇ-ਪਿੱਛੇ ਜਾ ਕੇ ਉਸ ਦੇ ਉਲਟ ਪ੍ਰਚਾਰ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ ਪਰ ਪੁਲਿਸ ਵੱਲੋਂ ਵਿਰੋਧ ਕੀਤੇ ਜਾਣ ਤੇ ਉਨ੍ਹਾਂ ਨੇ ਪਟਿਆਲਾ ਗੇਟ ‘ਤੇ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਖਿਲਾਫ ਨਾਅਰੇਬਾਜ਼ੀ ਕੀਤੀ। ਫਿਰ ਕਿਸਾਨਾਂ ਨੇ ਸਿਨੇਮਾ ਰੋਡ ‘ਤੇ ਪਹੁੰਚ ਕੇ ਉਥੇ ਆਪਣਾ ਮੰਚ ਲਾ ਲਿਆ। ਸਿਨੇਮਾ ਰੋਡ ‘ਤੇ ਕਿਸਾਨਾਂ ਨੂੰ ਭਾਜਪਾ ਦਫ਼ਤਰ ਕੋਲ ਪਹੁੰਚਣ ਤੋਂ ਰੋਕਣ ਲਈ ਪੁਲਿਸ ਨੇ ਦਫ਼ਤਰ ਤੋਂ 100 ਕੁ ਫੁੱਟ ਦੂਰ ਬੈਰੀਕੇਡ ਲਗਾ ਕੇ ਬਾਜ਼ਾਰ ਦਾ ਰਸਤਾ ਬੰਦ ਕਰ ਦਿੱਤਾ ਜਿਸ ਨਾਲ ਆਮ ਲੋਕਾਂ ਨੂੰ ਵੀ ਕਾਫੀ ਪ੍ਰੇਸ਼ਾਨੀ ਹੋਈ।
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਉਗਰਾਹਾਂ ਕਿਸਾਨ ਯੂਨੀਅਨ ਦੇ ਆਗੂਆਂ ਨੇ ਬੈਰੀਕੇਡ ਦੇ ਨੇੜੇ ਹੀ ਆਪਣਾ ਸਪੀਕਰ ਅਤੇ ਮਾਈਕ ਚਾਲੂ ਕਰ ਦਿੱਤਾ ਤੇ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ। ਯੂਨੀਅਨਾਂ ਨੇ ਦੋ ਕਾਰਾਂ ਉੱਪਰ ਹੀ ਸਪੀਕਰ ਫਿੱਟ ਕਰਵਾ ਕੇ ਨਾਲ ਮਾਈਕ ਲਗਾ ਰੱਖਿਆ ਸੀ। ਦਰਜਨਾਂ ਆਗੂਆਂ ਨੇ ਵਾਰੀ ਵਾਰੀ ਸਿਰ ਬਾਜ਼ਾਰ ਦੇ ਦੁਕਾਨਦਾਰਾਂ, ਗਾਹਕਾਂ ਅਤੇ ਭਾਜਪਾ ਉਮੀਦਵਾਰ ਲਈ ਇਕੱਤਰ ਕੀਤੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਆਪਣੇ ਵਿਰੋਧ ਦੇ ਕਾਰਨ ਪੂਰੇ ਵਿਸਤਾਰ ਵਿੱਚ ਦੱਸੇ।
ਡੇਢ ਘੰਟੇ ਤੋਂ ਵੱਧ ਸਮਾਂ ਚੱਲੇ ਭਾਸ਼ਣ ਵਿੱਚ ਕਿਸਾਨ ਆਗੂਆਂ ਨੇ ਨੋਟਬੰਦੀ, ਕਰੋਨਾ ਮੌਕੇ ਲੋੜ ਨਾਲੋਂ ਸਖ਼ਤ ਤਾਲਾਬੰਦੀ, ਫਿਰ ਕਿਸਾਨ ਅੰਦੋਲਨ ਸਮੇਂ ਲਖੀਮਪੁਰ ਖੀਰੀ, ਬਿਲਕੀਸ ਬਾਨੋ ਦੇ ਦੋਸ਼ੀਆਂ ਦੀ ਰਿਹਾਈ, ਪਹਿਲਵਾਨ ਮਹਿਲਾਵਾਂ ਦੇ ਸੰਘਰਸ਼, ਫਿਰਕਾਪ੍ਰਸਤੀ, ਕਿਸਾਨਾਂ ਨੂੰ ਦਿੱਲੀ, ਹਰਿਆਣਾ ਵਿੱਚ ਜਾਣ ਤੋਂ ਰੋਕਣ ਆਦਿ ਘਟਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਹੇਠ ਹੁਣ ਛੋਟੇ ਵਪਾਰ ਵੀ ਦਮ ਤੋੜ ਰਹੇ ਹਨ ਕਿਉਂਕਿ ਕਾਰਪੋਰੇਟ ਸਰਕਾਰ ਤੋਂ ਗੱਫੇ ਲੈ ਕੇ ਪ੍ਰਚੂਨ ਦੁਕਾਨਦਾਰਾਂ ਖ ਿਵੱਡੇ ਮਾਲ ਖੋਲ੍ਹ ਰਿਹਾ ਹੈ। ਇਸ ਮੌਕੇ ਸ਼ਹਿਰ ਵਿੱਚ ਥਾਂ-ਥਾਂ ਬੈਰੀਕੇਡ ਅਤੇ ਭਾਰੀ ਪੁਲਿਸ ਫੋਰਸ ਤਾਇਨਾਤ ਰਹੀ।

 

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …