Breaking News
Home / ਪੰਜਾਬ / ਪਾਕਿ ਗੋਲੀਬਾਰੀ ‘ਚ ਮੋਗੇ ਦਾ ਜਵਾਨ ਕਰਮਜੀਤ ਸਿੰਘ ਸ਼ਹੀਦ, ਸਰਕਾਰੀ ਸਨਮਾਨਾਂ ਨਾਲ ਸਸਕਾਰ

ਪਾਕਿ ਗੋਲੀਬਾਰੀ ‘ਚ ਮੋਗੇ ਦਾ ਜਵਾਨ ਕਰਮਜੀਤ ਸਿੰਘ ਸ਼ਹੀਦ, ਸਰਕਾਰੀ ਸਨਮਾਨਾਂ ਨਾਲ ਸਸਕਾਰ

ਮੋਗਾ/ਬਿਊਰੋ ਨਿਊਜ਼ : ਪਾਕਿਸਤਾਨ ਨੇ ਕੰਟਰੋਲ ਰੇਖਾ ‘ਤੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਬਿਨਾ ਉਕਸਾਹਟ ਦੇ ਭਾਰੀ ਗੋਲੀਬਾਰੀ ਕੀਤੀ ਤੇ ਮੋਰਟਾਰ ਦਾਗੇ, ਜਿਸ ਵਿੱਚ ਮੋਗੇ ਜ਼ਿਲ੍ਹੇ ਦੇ ਪਿੰਡ ਜਨੇਰ ਦਾ ਫੌਜੀ ਜਵਾਨ ਕਰਮਜੀਤ ਸਿੰਘ ਸ਼ਹੀਦ ਹੋ ਗਿਆ ਤੇ ਚਾਰ ਹੋਰ ਜ਼ਖ਼ਮੀ ਹੋ ਗਏ। ਇਸ ਦੀ ਸੂਚਨਾ ਮਿਲਦੇ ਹੀ ਪਿੰਡ ਵਿਚ ਮਾਤਮ ਛਾ ਗਿਆ।
ਜਾਣਕਾਰੀ ਅਨੁਸਾਰ ਪਾਕਿਸਤਾਨ ਵਲੋਂ ਕੰਟਰੋਲ ਰੇਖਾ ਨੇੜੇ ਫ਼ੌਜੀ ਕੈਂਪ ‘ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਤੇ ਗੋਲੇ ਦਾਗੇ, ਜਿਸ ਵਿੱਚ 18 ਸਿੱਖ ਰੈਜੀਮੈਂਟ ਵਿਚ ਤੈਨਾਤ ਫ਼ੌਜੀ ਜਵਾਨ ਕਰਮਜੀਤ ਸਿੰਘ (24) ਪੁੱਤਰ ਅਵਤਾਰ ਸਿੰਘ ਪਿੰਡ ਜਨੇਰ (ਮੋਗਾ) ਸ਼ਹੀਦ ਹੋ ਗਿਆ। ਕਰਮਜੀਤ ਸਿੰਘ 28 ਜੂਨ 2015 ਵਿੱਚ ਫੌਜ ਵਿਚ ਭਰਤੀ ਹੋਇਆ ਸੀ ਤੇ ਮਹਿਜ਼ 24 ਸਾਲ ਦੀ ਉਮਰ ਵਿੱਚ ਹੀ ਦੇਸ਼ ਦੀ ਰੱਖਿਆ ਕਰਦਿਆਂ ਸ਼ਹੀਦ ਹੋ ਗਿਆ। ਕਰਮਜੀਤ ਦੇ ਰਿਸ਼ਤੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਕਰਮਜੀਤ ਨੇ ਐਤਵਾਰ ਨੂੰ ਪਰਿਵਾਰਕ ਮੈਂਬਰਾਂ ਤੇ ਬੱਚਿਆਂ ਨਾਲ ਲੰਮੀ ਗੱਲਬਾਤ ਕੀਤੀ ਸੀ।
ਪਿਤਾ ਅਵਤਾਰ ਸਿੰਘ ਨੇ ਕਿਹਾ ਕਿ ਪੁੱਤਰ ਦੀ ਸ਼ਹਾਦਤ ਉਪਰ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੁੱਤਰ ਦੀ ਮੌਤ ਨੇ ਉਸ ਨੂੰ ਭੁੰਜੇ ਲਾ ਦਿੱਤਾ ਹੈ। ਕਰਮਜੀਤ ਦੀ ਮਾਂ ਕੁਲਵੰਤ ਕੌਰ ਦਾ ਰੋ ਰੋ ਕੇ ਬੁਰਾ ਹਾਲ ਸੀ।
ਸ਼ਹੀਦ ਹੋਏ ਫੌਜੀ ਜਵਾਨ ਕਰਮਜੀਤ ਸਿੰਘ ਦਾ ਉਸਦੇ ਮੋਗਾ ਜ਼ਿਲ੍ਹੇ ਵਿਚ ਪੈਂਦੇ ਜੱਦੀ ਪਿੰਡ ਜਨੇਰ ਵਿਚ ਪੂਰੇ ਸਰਕਾਰੀ ਸਨਮਾਨਾਂ ਨਾਲ ਸਰਕਾਰ ਕਰ ਦਿੱਤਾ ਗਿਆ। ਫੌਜੀ ਜਵਾਨ ਕਰਮਜੀਤ ਸਿੰਘ ਰਾਜੌਰੀ ਜ਼ਿਲ੍ਹੇ ਵਿਚ ਪੈਂਦੇ ਸੈਕਟਰ ਸੁੰਦਰਬਨੀ ਦੇ ਕੈਰੀ ਬੱਤਲ ਇਲਾਕੇ ਵਿਚ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਿਆ ਸੀ। ਕਰਮਜੀਤ ਸਿੰਘ ਦੇ ਸਸਕਾਰ ਮੌਕੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਮੋਗਾ ਤੋਂ ਵਿਧਾਇਕ ਡਾ. ਹਰਜੋਤ ਕੰਵਲ, ਐੱਸ. ਐੱਸ. ਪੀ. ਅਮਰਜੀਤ ਸਿੰਘ ਬਾਜਵਾ ਅਤੇ ਵੱਡੀ ਵਿਚ ਇਲਾਕੇ ਦੇ ਲੋਕ ਸ਼ਾਮਲ ਸਨ। ਇਸ ਮੌਕੇ ਹਾਜ਼ਰ ਹਰੇਕ ਵਿਅਕਤੀ ਵਲੋਂ ਨਮ ਅੱਖਾਂ ਨਾਲ ਸ਼ਹੀਦ ਕਰਮਜੀਤ ਸਿੰਘ ਨੂੰ ਅੰਤਿਮ ਵਿਦਾਈ ਦਿੱਤੀ ਗਈ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …