ਚੰਡੀਗੜ੍ਹ : ਕਾਂਗਰਸ ਹਾਈ ਕਮਾਨ ਨੇ ਲੋਕ ਸਭਾ ਹਲਕਾ ਚੰਡੀਗੜ੍ਹ ਦੀ ਟਿਕਟ ਮੁੜ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੇ ਇਸ ਐਲਾਨ ਨਾਲ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਨੇੜੇ ਮੰਨੇ ਜਾਂਦੇ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦਾ ਚੰਡੀਗੜ੍ਹ ਤੋਂ ਚੋਣ ਲੜਨ ਦਾ ਸੁਫ਼ਨਾ ਸਾਕਾਰ ਨਹੀਂ ਹੋ ਸਕਿਆ ਹੈ। ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੀ ਚੰਡੀਗੜ੍ਹ ਦੀ ਟਿਕਟ ਲਈ ਸਰਗਰਮ ਦਾਅਵੇਦਾਰ ਸਨ ਪਰ ਉਹ ਵੀ ਟਿਕਟ ਹਾਸਲ ਕਰਨ ਦੀ ਦੌੜ ਵਿਚ ਪਿੱਛੇ ਰਹਿ ਗਏ। ਦੱਸਣਯੋਗ ਹੈ ਕਿ ਡਾ. ਸਿੱਧੂ ਨੇ 26 ਜਨਵਰੀ ਨੂੰ ਚੰਡੀਗੜ੍ਹ ਵਿਚ ਸਰਗਰਮੀਆਂ ਸ਼ੁਰੂ ਕਰਕੇ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਸੀ। ਉਹ ਲੰਘੇ ਦੋ ਮਹੀਨਿਆਂ ਤੋਂ ਚੰਡੀਗੜ੍ਹ ਵਿਚ ਕਾਫ਼ੀ ਸਰਗਰਮ ਸਨ। ਚਰਚਾ ਸੀ ਕਿ ਸਿੱਧੂ ਆਪਣੇ ਰਸੂਖ਼ ਨਾਲ ਪਤਨੀ ਨੂੰ ਟਿਕਟ ਦਿਵਾਉਣ ਵਿਚ ਸਫ਼ਲ ਹੋ ਜਾਣਗੇ ਪਰ ਅਜਿਹਾ ਨਹੀਂ ਹੋ ਸਕਿਆ। ਪਵਨ ਕੁਮਾਰ ਬਾਂਸਲ 1984 ਵਿਚ ਰਾਜ ਸਭਾ ਦੇ ਮੈਂਬਰ ਬਣੇ ਸਨ। ਇਸ ਤੋਂ ਬਾਅਦ ਉਹ 1991, 1999, 2004 ਅਤੇ 2009 ਵਿਚ ਚਾਰ ਵਾਰ ਚੰਡੀਗੜ੍ਹ ਤੋਂ ਜਿੱਤ ਕੇ ਸੰਸਦ ਮੈਂਬਰ ਬਣੇ। ਸਾਲ 2014 ਵਿਚ ਉਹ ਭਾਜਪਾ ਉਮੀਦਵਾਰ ਕਿਰਨ ਖੇਰ ਤੋਂ ਹਾਰ ਗਏ ਸਨ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …