1.6 C
Toronto
Tuesday, December 23, 2025
spot_img
Homeਭਾਰਤਪੰਜਾਬ 'ਚ ਕਾਂਗਰਸ ਵਲੋਂ 6 ਉਮੀਦਵਾਰਾਂ ਦਾ ਐਲਾਨ

ਪੰਜਾਬ ‘ਚ ਕਾਂਗਰਸ ਵਲੋਂ 6 ਉਮੀਦਵਾਰਾਂ ਦਾ ਐਲਾਨ

ਸੁਨੀਲ ਜਾਖੜ, ਪਰਨੀਤ ਕੌਰ, ਚੌਧਰੀ ਸੰਤੋਖ ਸਿੰਘ, ਰਵਨੀਤ ਸਿੰਘ ਬਿੱਟੂ, ਗੁਰਜੀਤ ਸਿੰਘ ਔਜਲਾ ਅਤੇ ਡਾ. ਰਾਜ ਕੁਮਾਰ ਨੂੰ ਮਿਲੀ ਟਿਕਟ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਵਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਉਮੀਦਵਾਰਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਦਾ ਨਾਂ ਵੀ ਸ਼ਾਮਿਲ ਹੈ, ਜੋ ਕਿ ਮੁੱਖ ਮੰਤਰੀ ਦੇ ਜੱਦੀ ਜ਼ਿਲ੍ਹੇ ਪਟਿਆਲਾ ਤੋਂ ਕਾਂਗਰਸ ਦੀ ਉਮੀਦਵਾਰ ਹੋਵੇਗੀ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਨਵੀਂ ਦਿੱਲੀ ਵਿਚ ਹੋਈ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ‘ਚ ਚਾਰ ਮੌਜੂਦਾ ਸੰਸਦ ਮੈਂਬਰਾਂ ਨੂੰ ਮੁੜ ਉਨ੍ਹਾਂ ਦੇ ਹਲਕਿਆਂ ਤੋਂ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਗੁਰਦਾਸਪੁਰ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ, ਜਲੰਧਰ ਤੋਂ ਚੌਧਰੀ ਸੰਤੋਖ ਸਿੰਘ, ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਅਤੇ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਦਾ ਨਾਂ ਸ਼ਾਮਲ ਹੈ।
ਇਸ ਤੋਂ ਇਲਾਵਾ 3 ਵਾਰ ਸੰਸਦ ਮੈਂਬਰ ਰਹਿ ਚੁੱਕੀ ਪ੍ਰਨੀਤ ਕੌਰ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਹੋਣਗੇ, ਜਦਕਿ ਮੌਜੂਦਾ ਵਿਧਾਇਕ ਰਾਜ ਕੁਮਾਰ ਚੱਬੇਵਾਲ ਹੁਸ਼ਿਆਰਪੁਰ ਤੋਂ ਪਾਰਟੀ ਦੇ ਲੋਕ ਸਭਾ ਉਮੀਦਵਾਰ ਹੋਣਗੇ। ਜ਼ਿਕਰਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਨੀਤ ਕੌਰ ਨੂੰ ‘ਆਪ’ ਦੇ ਉਮੀਦਵਾਰ ਡਾ: ਧਰਮਵੀਰ ਗਾਂਧੀ ਨੇ ਹਰਾਇਆ ਸੀ। ਪੰਜਾਬ ਦੀਆਂ ਬਾਕੀ 7 ਸੀਟਾਂ ਤੋਂ ਅਨੰਦਪੁਰ ਸਾਹਿਬ ਤੋਂ ਸਾਬਕਾ ਸੰਸਦ ਮੈਂਬਰ ਮਨੀਸ਼ ਤਿਵਾੜੀ, ਸੰਗਰੂਰ ਤੋਂ ‘ਆਪ’ ਨੇਤਾ ਭਗਵੰਤ ਮਾਨ ਦੇ ਖ਼ਿਲਾਫ਼ ਵਿਜੈ ਇੰਦਰ ਸਿੰਗਲਾ ਅਤੇ ਫ਼ਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਾਂ ਅੱਗੇ ਆ ਰਹੇ ਹਨ, ਜਿਸ ਦਾ ਫ਼ੈਸਲਾ ਵੀ ਅਗਲੀ ਮੀਟਿੰਗ ਵਿਚ ਹੋਣ ਦੀ ਉਮੀਦ ਹੈ।
ਕਾਂਗਰਸ ਨੇ ਭਾਵੇਂ ਪੰਜਾਬ ਦੀਆਂ 13 ਸੀਟਾਂ ਵਿਚੋਂ 6 ਉਮੀਦਵਾਰਾਂ ਦੇ ਨਾਂ ਐਲਾਨ ਦਿੱਤੇ , ਪਰ ਪਾਰਟੀ ਹਾਈਕਮਾਨ ਲਈ ਬਾਕੀ ਰਹਿੰਦੀਆਂ 7 ਸੀਟਾਂ ‘ਤੇ ਉਮੀਦਵਾਰਾਂ ਦੀ ਚੋਣ ਹੀ ਅਸਲੀ ਪ੍ਰੀਖਿਆ ਹੋਵੇਗੀ, ਜਿਸ ਤਹਿਤ ਬਠਿੰਡਾ ਸੀਟ, ਜਿਸ ਵਿਚ ਕਾਂਗਰਸ ਦਾ ਮੁਕਾਬਲਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਹੋ ਸਕਦਾ ਹੈ। ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਤਕਰੀਬਨ ਤੈਅ ਉਮੀਦਵਾਰ ਹਨ। ਕਾਂਗਰਸ ਇਥੇ ਆਪਣੇ ਕਿਸੇ ਮਜ਼ਬੂਤ ਉਮੀਦਵਾਰ ਨੂੰ ਉਤਾਰਨਾ ਚਾਹੁੰਦੀ ਹੈ।
ਪੰਜਾਬ ਦੇ ਮੌਜੂਦਾ ਮੰਤਰੀ ਅਤੇ ਹਰਸਿਮਰਤ ਕੌਰ ਦੇ ਦਿਓਰ ਮਨਪ੍ਰੀਤ ਸਿੰਘ ਬਾਦਲ ਦਾ ਨਾਂ ਇਸ ਵਿਚ ਸਭ ਤੋਂ ਅੱਗੇ ਚੱਲ ਰਿਹਾ ਹੈ।

RELATED ARTICLES
POPULAR POSTS