ਹਰਿਆਣਾ ‘ਚ ਲਗਾਤਾਰ ਤੀਜੀ ਵਾਰ ਭਾਜਪਾ ਸਰਕਾਰ ਬਣਨ ਦਾ ਦਾਅਵਾ
ਪਲਵਲ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਪਾਰਟੀ ਦੀ ਸਿਆਸਤ ਝੂਠੇ ਵਾਅਦਿਆਂ ਤੱਕ ਸੀਮਿਤ ਹੈ ਜਦਕਿ ਭਾਜਪਾ ਸਖਤ ਮਿਹਨਤ ਕਰਕੇ ਨਤੀਜੇ ਦੇਣ ਵਿੱਚ ਵਿਸ਼ਵਾਸ ਰੱਖਦੀ ਹੈ। ਇਸ ਦੌਰਾਨ ਮੋਦੀ ਨੇ ਰਾਖਵੇਂਕਰਨ ਸਣੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਰੋਧੀ ਪਾਰਟੀ ‘ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਹਰਿਆਣਾ ਦੇ ਲੋਕਾਂ ਨੂੰ ਸੂਬੇ ਵਿੱਚ ਭਾਜਪਾ ਨੂੰ ਮੁੜ ਤੋਂ ਸੱਤਾ ਵਿੱਚ ਲਿਆਉਣ ਲਈ 5 ਅਕਤੂਬਰ ਨੂੰ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਇੱਥੇ ਆਪਣੀ ਆਖਰੀ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ਭਾਜਪਾ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹਰੇਕ ਪਿੰਡ, ਸ਼ਹਿਰ ਵਿੱਚ ਭਾਜਪਾ ਦੀ ਲਹਿਰ ਹੈ। ਇਸ ਦੌਰਾਨ ਕਾਂਗਰਸ ‘ਤੇ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਉਲਝਾ ਕੇ ਰੱਖਣ ਲਈ ਕਾਂਗਰਸ ਹਰੇਕ ਮੁੱਦੇ ਨੂੰ ਮਹੱਤਵਪੂਰਨ ਦੱਸਦੀ ਹੈ, ਕਿਉਂਕਿ ਉਹ ਉਲਝਾਉਣ ਵਿੱਚ ਮਾਹਿਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਗਰੀਬਾਂ ਦੇ ਹੱਕਾਂ ਨੂੰ ਲੁੱਟਿਆ ਹੈ ਉਹੀ ਗਰੀਬੀ ਹਟਾਓ ਦਾ ਨਾਅਰਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਤੇ ਦੇਸ਼ ਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਦੀ ਥਾਂ ਆਪਣੀ ਸਾਰੀ ਤਾਕਤ ਆਪਣੇ ਧੀਆਂ, ਪੁੱਤਾਂ ਤੇ ਪਰਿਵਾਰਾਂ ਨੂੰ ਸਥਾਪਤ ਕਰਨ ਵਿੱਚ ਲਗਾ ਦਿੰਦੀ ਹੈ।