ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ‘ਚ ਬਸਤੀ ਜੋਧੇਵਾਲ ਦੇ ਕੈਲਾਸ਼ ਨਗਰ ਰੋਡ ‘ਤੇ ਗਗਨਦੀਪ ਕਲੋਨੀ ਵਿਚ ਮੰਗਲਵਾਰ ਸਵੇਰੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਆਰਐੱਸਐੱਸ ਦੇ ਆਗੂ ਰਵਿੰਦਰ ਗੋਸਾਈਂ (58) ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਗੋਸਾਈਂ ਭਾਜਪਾ ਆਗੂ ਵੀ ਸਨ, ਜੋ ਆਰਐੱਸਐੱਸ ਸ਼ਾਖਾ ਲਗਾ ਕੇ ਘਰ ਪਰਤੇ ਸਨ ਕਿ ਹਮਲਾਵਰਾਂ ਨੇ ਘਰ ਦੇ ਬਾਹਰ ਉਨ੍ਹਾਂ ਨੂੰ ਦੋ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਅਤੇ ਕੁਝ ਹੀ ਮਿੰਟਾਂ ਵਿਚ ਹੀ ਵਾਰਦਾਤ ਨੂੰ ਅੰਜਾਮ ਦੇ ਕੇ ਬਚ ਨਿਕਲੇ।
ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਚਾਰ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਦੋ ਗੋਸਾਈਂ ਨੂੰ ਲੱਗੀਆਂ। ਹਮਲੇ ਸਮੇਂ ਆਰਐੱਸਐੱਸ ਆਗੂ ਆਪਣੀ ਚਾਰ ਸਾਲ ਦੀ ਪੋਤੀ ਨੂੰ ਗੋਦੀ ਚੁੱਕੀ ਖੜ੍ਹੇ ਸਨ। ਉਨ੍ਹਾਂ ਹਮਲਾਵਰਾਂ ਦੀ ਆਵਾਜ਼ ਸੁਣ ਜਿਉਂ ਹੀ ਪੋਤੀ ਨੂੰ ਥੱਲੇ ਉਤਾਰਿਆ, ਹਮਲਾਵਰਾਂ ਨੇ ਫ਼ੌਰੀ ਉਨ੍ਹਾਂ ਨੂੰ ਗਰਦਨ ਦੇ ਪਿੱਛੇ ਤੇ ਪਿੱਠ ‘ਤੇ ਗੋਲੀਆਂ ਮਾਰ ਦਿੱਤੀਆਂ। ਉਨ੍ਹਾਂ ਦੇ ਸੱਤ ਸਾਲਾ ਦੇ ਪੋਤੇ ਨੇ ਰੌਲਾ ਪਾਇਆ ਤੇ ਨੂੰਹ ਮੁਲਜ਼ਮਾਂ ਪਿੱਛੇ ਭੱਜੀ, ਪਰ ਮੁਲਜ਼ਮ ਫ਼ਰਾਰ ਹੋਣ ਵਿਚ ਕਾਮਯਾਬ ਰਹੇ। ਗੋਲੀਆਂ ਦੀ ਆਵਾਜ਼ ਸੁਣ ਕੇ ਗੁਆਂਢ ਦੇ ਲੋਕ ਬਾਹਰ ਆ ਗਏ। ਆਰਐਸਐਸ ਆਗੂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਕਮਿਸ਼ਨਰ ਆਰ.ਐਨ. ਢੋਕੇ, ਡੀਸੀਪੀ ਕ੍ਰਾਈਮ ਗਗਨਅਜੀਤ ਸਿੰਘ ਤੇ ਉੱਚ ਅਧਿਕਾਰੀ ਪੁਲਿਸ ਫੋਰਸ ਸਣੇ ਮੌਕੇ ‘ਤੇ ਪੁੱਜੇ ਅਤੇ ਪੂਰੇ ਇਲਾਕੇ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਜਾਂਚ ਦੌਰਾਨ ਪੁਲਿਸ ਨੂੰ ਘਟਨਾ ਸਥਾਨ ਤੋਂ ਕਾਰਤੂਸਾਂ ਦੇ ਦੋ ਖੋਲ ਬਰਾਮਦ ਹੋਏ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਇਲਾਕੇ ਵਿਚ ਲੱਗੇ ਇੱਕ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਏ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗੋਸਾਈਂ ਆਰਐੱਸਐੱਸ ਦੇ ਪ੍ਰਚਾਰਕ ਸਨ ਤੇ ਕਰੀਬ ਦੋ ਸਾਲਾਂ ਤੋਂ ਇਲਾਕੇ ਵਿਚਲੀ ਆਮੰਤਰਨ ਕਲੋਨੀ ‘ਚ ਸ਼ਾਖਾ ਲਾਉਂਦੇ ਸਨ। ਉਨ੍ਹਾਂ ਦੇ ਚਾਰ ਲੜਕੇ ਤੇ ਇੱਕ ਲੜਕੀ ਹੈ, ਜਿਨ੍ਹਾਂ ਵਿਚੋਂ ਇਕ ਲੜਕੇ ਨੂੰ ਛੱਡ ਕੇ ਬਾਕੀ ਸ਼ਾਦੀਸ਼ੁਦਾ ਹਨ।