Breaking News
Home / ਪੰਜਾਬ / ਲੇਖਕਾਂ ਵਲੋਂ ਖੇਤੀ ਕਾਨੂੰਨਾਂ ਖਿਲਾਫ ਚੰਡੀਗੜ੍ਹ ‘ਚ ਰੋਸ ਪ੍ਰਦਰਸ਼ਨ

ਲੇਖਕਾਂ ਵਲੋਂ ਖੇਤੀ ਕਾਨੂੰਨਾਂ ਖਿਲਾਫ ਚੰਡੀਗੜ੍ਹ ‘ਚ ਰੋਸ ਪ੍ਰਦਰਸ਼ਨ

ਰਾਜਪਾਲ ਦੇ ਨਾਮ ਮੰਗ ਪੱਤਰ ਵੀ ਸੌਂਪਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਚੰਡੀਗੜ੍ਹ ਦੇ ਸੈਕਟਰ-17 ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਪ੍ਰੋ. ਸੁਰਜੀਤ ਲੀਅ, ਕਿਰਪਾਲ ਕਜ਼ਾਕ, ਅਤਰਜੀਤ, ਡਾ.ਪਾਲ ਕੌਰ, ਦਰਸ਼ਨ ਸਿੰਘ ਬੁੱਟਰ, ਡਾ. ਅਲੀ ਜਾਵੇਦ ਅਤੇ ਫਰਹਤ ਰਿਜ਼ਵੀ ਦੀ ਅਗਵਾਈ ਹੇਠ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕਰਦਿਆਂ ਪੰਜਾਬ ਰਾਜ ਭਵਨ ਵੱਲ ਮਾਰਚ ਕੀਤਾ ਪਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰਾਹ ਵਿੱਚ ਹੀ ਰੋਕ ਲਿਆ।
ਪ੍ਰਦਰਸ਼ਨਕਾਰੀਆਂ ਨੇ ਇਸ ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਪਰੰਤ ਉਨ੍ਹਾਂ ਮੌਕੇ ‘ਤੇ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਪੰਜਾਬ ਦੇ ਰਾਜਪਾਲ ਦੇ ਨਾਮ ਮੰਗ ਪੱਤਰ ਸੌਂਪਿਆ, ਜਿਸ ਵਿੱਚ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ। ਉਰਦੂ ਲੇਖਿਕਾ ਫਰਹਤ ਰਿਜ਼ਵੀ ਨੇ ਕਿਹਾ ਕਿ ਇਹ ਕਿਸਾਨੀ ਅੰਦੋਲਨ ਨਹੀਂ, ਸਗੋਂ ਜਨ ਅੰਦੋਲਨ ਹੈ। ਲੇਖਕ ਸੰਘ ਦੇ ਕਾਰਜਕਾਰੀ ਪ੍ਰਧਾਨ ਡਾ. ਅਲੀ ਜਾਵੇਦ ਨੇ ਕਿਹਾ ਕਿ ਕਿਰਤੀਆਂ ਨੇ ਹਮੇਸ਼ਾ ਇਤਿਹਾਸ ਬਦਲਿਆ ਹੈ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਿਸਾਨ ਅਤੇ ਮਜ਼ਦੂਰ ਇਕ ਅਜਿਹੇ ਰਾਸ਼ਟਰ ਦੀ ਸਿਰਜਣਾ ਕਰ ਰਹੇ ਹਨ ਜੋ ਮੁਹੱਬਤ ਅਤੇ ਭਾਈਚਾਰੇ ਦਾ ਹੈ। ਦਰਸ਼ਨ ਬੁੱਟਰ ਨੇ ਕਿਹਾ ਕਿ ਕਿਸਾਨੀ ਦੇਸ਼ ਨੂੰ ਰਾਹ ਦਿਖਾ ਰਹੀ ਹੈ ਅਤੇ ਭਵਿੱਖ ਦੇ ਅੰਦੋਲਨ ਇਸ ਕਿਸਾਨੀ ਸੰਘਰਸ਼ ਤੋਂ ਸਬਕ ਲੈਣਗੇ।ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨ ਵਿੱਚ ਸੁਚੇਤਕ ਰੰਗ ਮੰਚ, ਸੈਮੁਅਲ ਜੌਹਨ ਅਤੇ ਅਦਾਕਾਰ ਮੰਚ ਮੁਹਾਲੀ ਨੇ ਕੇਂਦਰ ਸਰਕਾਰ ਦੇ ਤਾਨਾਸ਼ਾਹ ਰਵੱਈਏ ਨੂੰ ਦਰਸਾਉਂਦੇ ਤਿੰਨ ਨਾਟਕ ਪੇਸ਼ ਕੀਤੇ ਜਦਕਿ ਪ੍ਰਸਿੱਧ ਗਾਇਕ ਨੀਲੇ ਖਾਂ, ਸੁੱਖੀ ਈਦੂ ਸ਼ਰੀਫ਼ ਅਤੇ ਭੁਪਿੰਦਰ ਬੱਬਲ ਨੇ ਗੀਤ ਪੇਸ਼ ਕੀਤੇ।

Check Also

ਜ਼ਿਮਨੀ ਚੋਣਾਂ: ਪੰਜਾਬ ਵਿਚ ‘ਆਪ’ ਤਿੰਨ ਤੇ ਕਾਂਗਰਸ ਇਕ ਸੀਟ ‘ਤੇ ਕਾਬਜ਼

ਗਿੱਦੜਬਾਹਾ ਤੋਂ ਡਿੰਪੀ ਢਿੱਲੋਂ, ਡੇਰਾ ਬਾਬਾ ਨਾਨਕ ਤੋਂ ਗੁਰਦੀਪ ਰੰਧਾਵਾ, ਚੱਬੇਵਾਲ ਤੋਂ ਇਸ਼ਾਂਕ ਅਤੇ ਬਰਨਾਲਾ …