Breaking News
Home / ਪੰਜਾਬ / ਅਭੈ ਚੌਟਾਲਾ ਨੇ ਕਿਸਾਨਾਂ ਦੇ ਸਮਰਥਨ ‘ਚ ਛੱਡੀ ਵਿਧਾਇਕੀ

ਅਭੈ ਚੌਟਾਲਾ ਨੇ ਕਿਸਾਨਾਂ ਦੇ ਸਮਰਥਨ ‘ਚ ਛੱਡੀ ਵਿਧਾਇਕੀ

ਸਪੀਕਰ ਨੇ ਅਸਤੀਫਾ ਕੀਤਾ ਮਨਜੂਰ
ਚੰਡੀਗੜ੍ਹ : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਇਨੈਲੋ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਭੈ ਚੌਟਾਲਾ ਨੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੂੰ ਅਸਤੀਫ਼ਾ ਦੇ ਦਿੱਤਾ। ਸਪੀਕਰ ਗਿਆਨ ਚੰਦ ਗੁਪਤਾ ਨੇ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਇਸ ਤੋਂ ਪਹਿਲਾਂ ਵੀ ਅਭੈ ਚੌਟਾਲਾ ਨੇ ਈ-ਮੇਲ ਅਤੇ ਫਿਰ ਆਪਣੇ ਸਮਰਥਕਾਂ ਰਾਹੀਂ ਅਸਤੀਫ਼ਾ ਭੇਜਿਆ ਸੀ। ਚੌਟਾਲਾ ਦੇ ਅਸਤੀਫ਼ੇ ਨਾਲ ਸੂਬੇ ਵਿੱਚ ਸੱਤਾਧਾਰੀ ਭਾਜਪਾ ਅਤੇ ਜੇਜੇਪੀ ‘ਤੇ ਦਬਾਅ ਵਧ ਸਕਦਾ ਹੈ। ਹਰਿਆਣਾ ਵਿੱਚ ਕਿਸਾਨ-ਮਜ਼ਦੂਰਾਂ ਵੱਲੋਂ ਵੀ ਸੱਤਾਧਾਰੀ ਪਾਰਟੀਆਂ ਦੇ ਸਮਾਗਮਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਏਲਾਨਾਬਾਦ ਤੋਂ ਵਿਧਾਇਕ ਅਭੈ ਚੌਟਾਲਾ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਸੀ ਕਿ ਜੇਕਰ ਕੇਂਦਰ ਸਰਕਾਰ ਨੇ 26 ਜਨਵਰੀ ਤੱਕ ਤਿੰਨੋਂ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਉਹ 27 ਜਨਵਰੀ ਨੂੰ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਪਰ ਕੇਂਦਰ ਸਰਕਾਰ ਦੇ ਕਥਿਤ ਅੜੀਅਲ ਰਵੱਈਏ ਦੇ ਚੱਲਦਿਆਂ ਅਭੈ ਚੌਟਾਲਾ ਨੇ ਪੰਚਕੂਲਾ ਵਿੱਚ ਆਪਣੀ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਸ ਮਗਰੋਂ ਉਹ ਕਿਸਾਨਾਂ ਦੀ ਹਮਾਇਤ ਕਰਦਿਆਂ ਟਰੈਕਟਰ ‘ਤੇ ਸਵਾਰ ਹੋ ਕੇ ਹਰਿਆਣਾ ਵਿਧਾਨ ਸਭਾ ਪਹੁੰਚੇ ਅਤੇ ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵਿਧਾਨ ਸਭਾ ਗਿਆਨ ਚੰਦ ਨੂੰ ਅਸਤੀਫ਼ਾ ਸੌਂਪ ਦਿੱਤਾ, ਜੋ ਉਨ੍ਹਾਂ ਵੱਲੋਂ ਪ੍ਰਵਾਨ ਕਰ ਲਿਆ ਗਿਆ। ਇਨੈਲੋ ਵਿਧਾਇਕ ਅਭੈ ਚੌਟਾਲਾ ਨੇ ਕੇਂਦਰ ਸਰਕਾਰ ਦੇ ਕਥਿਤ ਅੜੀਅਲ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਕਿਸਾਨ ਖੁੱਲ੍ਹੇ ਅਸਮਾਨ ਹੇਠ ਸੰਘਰਸ਼ ਕਰਦਿਆਂ ਆਪਣੇ ਹੱਕ ਮੰਗ ਰਹੇ ਹਨ ਪਰ ਕੇਂਦਰ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਦੀ ਥਾਂ ਸੰਘਰਸ਼ ਨੂੰ ਕਮਜ਼ੋਰ ਕਰਨ ਦੇ ਪੈਂਤੜੇ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਹਨ, ਜੋ ਕਿਸਾਨੀ ਨੂੰ ਤਬਾਹ ਕਰ ਦੇਣਗੇ। ਚੌਟਾਲਾ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਸਣੇ ਕਿਸਾਨਾਂ ਦੀਆਂ ਹੋਰ ਮੰਗਾਂ ਪ੍ਰਵਾਨ ਕਰੇ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …