ਅੰਮ੍ਰਿਤਸਰ : ਬੋਧ ਮੁਨੀ ਗਿਆਲਵਾਂਗ ਦਰੁਪਕਾ ਦੀ ਅਗਵਾਈ ਵਿਚ ਵੱਖ-ਵੱਖ ਮੁਲਕਾਂ ਦੇ 200 ਮੁਨੀ ਤੇ ਹੋਰ ਬੋਧੀਆਂ ਨੂੰ ਲੈ ਕੇ ਬੁੱਧ ਧਰਮ ਦਾ ਇਕ ਸਮੂਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪੁੱਜਾ, ਜਿਥੇ ਉਨ੍ਹਾਂ ਸਿੱਖ ਧਰਮ ਬਾਰੇ ਦਿਲਚਸਪੀ ਨਾਲ ਜਾਣਕਾਰੀ ਪ੍ਰਾਪਤ ਕੀਤੀ, ਉਥੇ ਸਿੱਖ ਗੁਰਦੁਆਰਿਆਂ ‘ਚ ਠਹਿਰਾਅ ਤੇ ਲੰਗਰ ਵਿਵਸਥਾ ਨੂੰ ਮਨੁੱਖਤਾਵਾਦੀ ਦੱਸਿਆ। ਦਰੁਪਕਾ ਦੀ ਅਗਵਾਈ ‘ਚ ਸਿੱਕਿਮ, ਲਦਾਖ, ਲਾਹੌਲ ਸਪਿਤੀ ਅਤੇ ਭੂਟਾਨ ਤੇ ਨਿਪਾਲ ਆਦਿ ਦੇ ਇਨ੍ਹਾਂ ਬੋਧੀ ਭਿਕਸ਼ੂਆਂ ਵਲੋਂ 3 ਜੁਲਾਈ ਨੂੰ ਕਾਠਮੰਡੂ ਤੋਂ ਆਪਣੀ ਸਾਈਕਲ ਯਾਤਰਾ ਸ਼ੁਰੂ ਕੀਤੀ ਗਈ ਸੀ ਅਤੇ ਸੋਮਵਾਰ ਸ਼ਾਮੀਂ ਅੰਮ੍ਰਿਤਸਰ ਪੁੱਜਣ ‘ਤੇ ਉਨ੍ਹਾਂ ਨੂੰ ਭਾਈ ਗੁਰਦਾਸ ਹਾਲ ਵਿਖੇ ਠਹਿਰਾਅ ਦਿੱਤਾ ਗਿਆ। ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਉਨ੍ਹਾਂ ਕੀਰਤਨ ਦੀਆਂ ਮਧੁਰ ਧੁਨਾਂ ਤੋਂ ਅਸੀਮ ਸ਼ਾਂਤੀ ਦਾ ਅਹਿਸਾਸ ਦਰਸਾਇਆ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਦਿਖ ਨੂੰ ਸਤਯੁੱਗ ਦੀ ਕਲਪਿਤ ਤਸਵੀਰ ਦੱਸਿਆ। ਬੋਧ ਦਸਤੇ ਦੇ ਮੁਖੀ ਦਰੁਪਕਾ ਨੇ ਸੂਚਨਾ ਕੇਂਦਰ ਵਿਖੇ ਯਾਤਰੂ ਕਿਤਾਬ ਵਿਚ ਆਪਣੀ ਯਾਤਰਾ ਦੀ ਸਫ਼ਲਤਾ ਪਿੱਛੇ ਗੁਰੂ ਸਾਹਿਬਾਨ ਦੀ ਬਖਸ਼ਿਸ਼ ਦਾ ਪ੍ਰਤਾਪ ਦਰਜ ਕੀਤਾ, ਉਥੇ ਸਿੱਖ ਧਰਮ ਵੱਲੋਂ ਗੁਰਦੁਆਰਿਆਂ ਦੇ ਰੂਪ ਵਿਚ ਮਾਨਵਤਾ ਲਈ ਲੰਗਰਾਂ ਦੀ ਸੇਵਾ ਨੂੰ ਅਨਮੋਲ ਦੱਸਿਆ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸਿੱਖ ਇਤਿਹਾਸ ਬਾਰੇ ਮੁੱਖ ਸਕੱਤਰ ਹਰਚਰਨ ਸਿੰਘ ਤੋਂ ਜਾਣਕਾਰੀ ਲੈਂਦਿਆਂ ਅਜਾਇਬਘਰ ਵਿਚ ਸਿੱਖਾਂ ਦੀ ਸ਼ਹਾਦਤ ਦੇ ਦ੍ਰਿਸ਼ ਵੇਖ ਕੇ ਸਿੱਖ ਕੌਮ ਦੀ ਭਰਵੀਂ ਤਾਰੀਫ਼ ਕੀਤੀ।
Check Also
ਸ਼ੋ੍ਰਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਨੂੰ ਰਾਜੋਆਣਾ ਦੀ ਸਜ਼ਾ ਮੁਆਫੀ ਸਬੰਧੀ ਪਟੀਸ਼ਨ ’ਤੇ ਫੌਰੀ ਕੋਈ ਫੈਸਲਾ ਲੈਣ ਦੀ ਅਪੀਲ
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਚਾਰ ਫੀਸਦ ਵਧਾਉਣ ਦਾ ਐਲਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ …