Breaking News
Home / ਪੰਜਾਬ / ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਫਾਰਮ ਭਰਨਾ ਸ਼ਰਧਾਲੂਆਂ ਲਈ ਬਣਿਆ ਮੁਸੀਬਤ

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਫਾਰਮ ਭਰਨਾ ਸ਼ਰਧਾਲੂਆਂ ਲਈ ਬਣਿਆ ਮੁਸੀਬਤ

ਕੈਫੇ ਵਾਲੇ ਫਾਰਮ ਭਰਨ ਦੇ ਵਸੂਲ ਰਹੇ ਹਨ ਪ੍ਰਤੀ ਫਾਰਮ 500 ਰੁਪਏ
ਬਟਾਲਾ/ਬਿਊਰੋ ਨਿਊਜ਼ : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ‘ਚ ਥੋੜ੍ਹਾ ਵਾਧਾ ਹੋਇਆ ਹੈ। ਸ਼ਰਧਾਲੂਆਂ ਦੀ ਗਿਣਤੀ ਘੱਟ ਹੋਣ ਦਾ ਮੁੱਖ ਕਾਰਨ ਆਨਲਾਈਨ ਫਾਰਮ ਭਰਨ ਲਈ ਔਖੀ ਪ੍ਰਕਿਰਿਆ ਹੈ। ਇਸ ‘ਚ ਸਭ ਤੋਂ ਔਖਾ ਕੰਮ ਤਸਵੀਰ ਤੇ ਪਾਸਪੋਰਟ ਦੇ ਪਹਿਲੇ ਤੇ ਆਖ਼ਰੀ ਪੰਨੇ ਦੀਆਂ ਫਾਈਲਾਂ ਬਣਾ ਕੇ ਉਸ ਨੂੰ ਆਨਲਾਈਨ ਕਰਨਾ ਹੈ। ਇਸ ਔਖੀ ਪ੍ਰਕਿਰਿਆ ‘ਚੋਂ ਹਰ ਸ਼ਰਧਾਲੂ ਨੂੰ ਨਿਕਲਣਾ ਪੈਂਦਾ ਹੈ। ਕੰਪਿਊਟਰ ਜਾਂ ਮੋਬਾਈਲ ਤੋਂ ਆਨਲਾਈਨ ਫਾਰਮ ਭਰਨ ‘ਤੇ ਤਸਵੀਰ ਦਾ ਨਿਰਧਾਰਿਤ ਜੇ.ਪੀ.ਜੀ. ਸਾਈਜ਼ ਕਰਨ ਤੇ ਪਾਸਪੋਰਟ ਦੀ ਪੀ.ਡੀ.ਐਫ. ਫਾਈਲ ਤਿਆਰ ਕਰਨ ‘ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਆਦਾਤਰ ਸ਼ਰਧਾਲੂਆਂ ਨੂੰ ਇਸ ਸਬੰਧੀ ਪੂਰੀ ਜਾਣਕਾਰੀ ਹੀ ਨਹੀਂ, ਉੱਥੇ ਦੂਸਰੇ ਪਾਸੇ ਸ਼ਰਧਾਲੂਆਂ ਦੀ ਪ੍ਰੇਸ਼ਾਨੀ ਦਾ ਇੰਟਰਨੈੱਟ ਕੈਫ਼ੇ ਵਾਲੇ ਖ਼ੂਬ ਫ਼ਾਇਦਾ ਉਠਾ ਰਹੇ ਹਨ। ਸ਼ਰਧਾਲੂਆਂ ਦਾ ਆਨਲਾਈਨ ਫਾਰਮ ਭਰਨ ਲਈ ਕੈਫ਼ੇ ਚਾਲਕਾਂ ਵਲੋਂ 500 ਰੁਪਏ ਤੱਕ ਪੈਸੇ ਵਸੂਲੇ ਜਾ ਰਹੇ ਹਨ। ਕਰਤਾਰਪੁਰ ਸਾਹਿਬ ਜਾਣ ਲਈ ਸਰਕਾਰ ਵਲੋਂ ਜੋ ਵੈੱਬਸਾਈਟ ਬਣਾਈ ਗਈ ਹੈ ਉਸ ‘ਚ ਸਾਰੀ ਸਹੀ ਜਾਣਕਾਰੀ ਤੇ ਨਿਰਧਾਰਿਤ ਤਸਵੀਰ ਸਾਈਜ਼ ਤੇ ਪੀ.ਡੀ.ਐਫ. ਫਾਈਲ ਤਿਆਰ ਕਰਨ ‘ਤੇ ਹੀ ਅਪਲਾਈ ਹੁੰਦਾ ਹੈ। ਇਨ੍ਹਾਂ ‘ਚੋਂ ਇਕ ਵੀ ਚੀਜ਼ ਅਧੂਰੀ ਰਹਿਣ ਜਾਂ ਸਹੀ ਨਾ ਹੋਣ ‘ਤੇ ਰਜਿਸਟ੍ਰੇਸ਼ਨ ਨਹੀਂ ਹੁੰਦੀ। ਤਸਵੀਰ ਦਾ ਸਾਈਜ਼ 50 ਕੇ.ਬੀ. ਨਿਰਧਾਰਿਤ ਕੀਤਾ ਗਿਆ ਹੈ। ਜੇਕਰ ਕਿਸੇ ਸ਼ਰਧਾਲੂ ਦੀ ਤਸਵੀਰ ਦਾ ਸਾਈਜ਼ 50 ਕੇ.ਬੀ. ਤੋਂ ਵਧ ਗਿਆ ਤਾਂ ਵੀ ਅਪਲਾਈ ਨਹੀਂ ਹੁੰਦਾ। ਇਸੇ ਤਰ੍ਹਾਂ ਪਾਸਪੋਰਟ ਦੀ ਪੀ.ਡੀ.ਐਫ. ਫਾਈਲ ਦਾ ਸਾਈਜ਼ 500 ਕੇ.ਬੀ. ਤੋਂ ਘੱਟ ਹੋਣਾ ਚਾਹੀਦਾ ਹੈ। ਜੇਕਰ ਇਹ ਸਾਈਜ਼ ਵੀ ਵਧ ਗਿਆ ਤਾਂ ਰਜਿਸਟ੍ਰੇਸ਼ਨ ਨਹੀਂ ਹੁੰਦੀ।
ਇੰਟਰਨੈੱਟ ਕੈਫ਼ੇ ਚਾਲਕਾਂ ਦੀ ਚਾਂਦੀ : ਸ਼ਰਧਾਲੂ ਹਰ ਹਾਲਤ ‘ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਇਸ ਲਈ ਜ਼ਿਆਦਾਤਰ ਸ਼ਰਧਾਲੂ ਇੰਟਰਨੈੱਟ ਕੈਫ਼ੇ ਦਾ ਸਹਾਰਾ ਲੈ ਰਹੇ ਹਨ। ਕੈਫ਼ੇ ਚਾਲਕ ਵੀ ਸ਼ਰਧਾਲੂਆਂ ਦੀ ਮਜਬੂਰੀ ਦਾ ਪੂਰਾ ਫ਼ਾਇਦਾ ਉਠਾ ਰਹੇ ਹਨ ਤੇ ਫਾਰਮ ਭਰਨ ਲਈ ਉਨ੍ਹਾਂ ਕੋਲੋਂ 500 ਰੁਪਏ ਤੱਕ ਵਸੂਲੇ ਜਾ ਰਹੇ ਹਨ। ਕੁਝ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ 20 ਡਾਲਰ ਫ਼ੀਸ ਤਾਂ ਦੇ ਹੀ ਰਹੇ ਹਨ, ਨਾਲ ਹੀ ਇਸ ਖ਼ਰਚੇ ਦਾ ਬੋਝ ਵੀ ਉਨ੍ਹਾਂ ‘ਤੇ ਪੈ ਰਿਹਾ ਹੈ।
ਪੁਲਿਸ ਜਾਂਚ ਕਰਨ ਦੇ ਲੈਂਦੀ ਹੈ ਪੈਸੇ : ਸ਼ਰਧਾਲੂ ਇਕ ਪਾਸੇ ਫਾਰਮ ਭਰਨ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਜਿਨ੍ਹਾਂ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਹੋ ਜਾਂਦੀ ਹੈ ਉਨ੍ਹਾਂ ਲਈ ਦੂਸਰੀ ਸਮੱਸਿਆ ਪੁਲਿਸ ਜਾਂਚ ਦੀ ਖੜ੍ਹੀ ਹੋ ਜਾਂਦੀ ਹੈ। ਸ਼ਰਧਾਲੂਆਂ ਨੇ ਦੱਸਿਆ ਕਿ ਆਨਲਾਈਨ ਅਪਲਾਈ ਹੋਣ ਦੇ ਬਾਅਦ ਪੁਲਿਸ ਕਰਮਚਾਰੀ ਉਨ੍ਹਾਂ ਦੇ ਘਰ ਜਾਂਚ ਲਈ ਆਉਂਦੇ ਹਨ ਤੇ ਪੈਸਿਆਂ ਦੀ ਵੀ ਮੰਗ ਕਰਦੇ ਹਨ।
ਇਸ ਲਈ ਪੁਲਿਸ ਕਰਮਚਾਰੀਆਂ ਨੂੰ ਵੀ 200 ਤੋਂ 500 ਰੁਪਏ ਦੇਣੇ ਪੈ ਰਹੇ ਹਨ।
ਸ਼ਰਧਾਲੂਆਂ ਦੀ ਮੰਗ ਹੈ ਕਿ ਰਜਿਸਟ੍ਰੇਸ਼ਨ ਫਾਰਮ ‘ਚ ਪਾਸਪੋਰਟ ਨੰਬਰ, ਪਾਸਪੋਰਟ ਜਾਰੀ ਕਰਨ ਦੀ ਮਿਤੀ ਤੇ ਮਿਆਦ ਪੁੱਗਣ ਦੀ ਮਿਤੀ ਪਹਿਲਾਂ ਹੀ ਭਰੀ ਜਾਂਦੀ ਹੈ ਤੇ ਸਰਕਾਰ ਇਸ ਰਾਹੀਂ ਵੀ ਪੁਲਿਸ ਜਾਂਚ ਕਰਵਾ ਸਕਦੀ ਹੈ। ਲੋਕਾਂ ਦੀ ਮੰਗ ਹੈ ਕਿ ਜੇ.ਪੀ.ਜੀ. ਤੇ ਪੀ.ਡੀ.ਐਫ. ਫਾਈਲ ‘ਚ ਪਾਸਪੋਰਟ ਸਾਈਜ਼ ਤਸਵੀਰ ਤੇ ਪਾਸਪੋਰਟ ਦੀ ਸ਼ਰਤ ਹਟਾ ਲਈ ਜਾਵੇ ਤਾਂ ਕਿ ਉਹ ਮੋਬਾਈਲ ਦੀ ਵਰਤੋਂ ਨਾਲ ਹੀ ਰਜਿਸਟ੍ਰੇਸ਼ਨ ਕਰਵਾ ਸਕਣ।
ਜਾਅਲੀ ਆਨਲਾਈਨ ਵੈੱਬਸਾਈਟ ਰਾਹੀਂ ਠੱਗੇ ਜਾ ਰਹੇ ਕਰਤਾਰਪੁਰ ਜਾਣ ਵਾਲੇ ਸ਼ਰਧਾਲੂ
ਮਿਲੀ ਜਾਣਕਾਰੀ ਅਨੁਸਾਰ ਇਕ ਜਾਅਲੀ ਆਨਲਾਈਨ ਵੈੱਬਸਾਈਟ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ‘ਚ ਮਦਦ ਕਰਨ ਦਾ ਦਾਅਵਾ ਕਰਦਿਆਂ ਉਨ੍ਹਾਂ ਕੋਲੋਂ ਪ੍ਰਤੀ ਵਿਅਕਤੀ 500 ਰੁਪਏ ਦੀ ਮੰਗ ਕਰ ਰਹੀ ਹੈ। ਭਾਵੇਂ ਸ਼ਰਧਾਲੂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਜਾਣ ਦੇ ਚਾਹਵਾਨ ਹਨ ਪਰ ਰਜਿਸਟ੍ਰੇਸ਼ਨ ਸਬੰਧੀ ਜਾਣਕਾਰੀ ਦੀ ਘਾਟ ਹੋਣ ਕਾਰਨ ਉਹ ਅਜਿਹੀਆਂ ਆਨਲਾਈਨ ਵੈੱਬਸਾਈਟਾਂ ਰਾਹੀਂ ਠੱਗੇ ਜਾ ਰਹੇ ਹਨ। ਇਸ ਸਬੰਧੀ ਇਕ ਸ਼ਰਧਾਲੂ ਨੇ ਦੱਸਿਆ ਕਿ ਜਦੋਂ ਉਸ ਨੇ ਕਰਤਾਰਪੁਰ ਜਾਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ ਇਕ ਵੈੱਬਸਾਈਟ ‘ਕਰਤਾਰਪੁਰਸਾਹਿਬ.ਇਨ’ ਖੋਲ੍ਹੀ ਤਾਂ ਉਸ ਤੋਂ ਰਜਿਸਟ੍ਰੇਸ਼ਨ ਲਈ 500 ਰੁਪਏ ਦੀ ਮੰਗ ਕੀਤੀ ਗਈ ਪਰ ਦੋਸਤਾਂ ਵਲੋਂ ਚੌਕਸ ਕੀਤੇ ਜਾਣ ਕਾਰਨ ਉਹ ਠੱਗੇ ਜਾਣ ਤੋਂ ਬਚ ਗਿਆ। ਇਸ ਵੈੱਬਸਾਈਟ ‘ਤੇ ਸੈਕਟਰ-3 ਨੋਇਡਾ ਦਾ ਪਤਾ ਦਿੱਤਾ ਗਿਆ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਜਾਣ ਲਈ ਸਿਰਫ਼ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸ਼ੁਰੂ ਕੀਤੇ ਪੋਰਟਲ ‘ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ ਇਸ ਲਈ ਕੋਈ ਹੋਰ ਵੈੱਬਸਾਈਟ ਸ਼ੁਰੂ ਨਹੀਂ ਕੀਤੀ ਗਈ ਹੈ। ਇਸ ਸਬੰਧੀ ਸਾਈਬਰ ਕ੍ਰਾਈਮ ਦੇ ਅਧਿਕਾਰੀਆਂ ਨੇ ਇਸ ਜਾਅਲੀ ਆਨਲਾਈਨ ਵੈੱਬਸਾਈਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Check Also

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਣੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕ

ਸੂਚੀ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਵੀ ਸ਼ਾਮਲ ਚੰਡੀਗੜ੍ਹ/ਬਿਊਰੋ ਨਿਊਜ਼ …