ਸੁਖਪਾਲ ਖਹਿਰਾ ਨੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦੇ ਬੇਟੇ ’ਤੇ ਚੁੱਕੇ ਸਵਾਲ
ਅੰਮਿ੍ਰਤਸਰ/ਬਿਊਰੋ ਨਿਊਜ਼ : ਪੰਜਾਬ ਦੀਆਂ ਦੋ ਮਹਿਲਾ ਕਰਮਚਾਰੀਆਂ ਦਾ ਇਕ ਆਡੀਓ ਵਾਇਰਲ ਹੋਇਆ ਹੈ ਪ੍ਰੰਤੂ ਇਹ ਸਪੱਸ਼ਟ ਨਹੀਂ ਕਿ ਇਹ ਗੱਲਬਾਤ ਕਿਹੜੇ ਕਰਮਚਾਰੀਆਂ ਦਰਮਿਆਨ ਹੋ ਰਹੀ ਹੈ। ਇਸ ਆਡੀਓ ਨੂੰ ਲੈ ਕੇ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਭਿ੍ਰਸ਼ਟਾਚਾਰ ਦੇ ਆਰੋਪ ਲਗਾ ਦਿੱਤੇ ਹਨ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਆਡੀਓ ਦੀ ਜਾਂਚ ਦੇ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਕਰਮਚਾਰੀਆਂ ਦੀ ਇਸ ਆਡੀਓ ’ਚ ਪੈਸੇ ਦੇ ਲੈਣ-ਦੇਣ ਦੇ ਸਬੰਧ ’ਚ ਜਾਂਚ ਦੇ ਹੁਕਮ ਦਿੱਤੇ ਜਾਣ। ਸੁਖਪਾਲ ਖਹਿਰਾ ਨੇ ਕਿਹਾ ਕਿ ਵਿਸ਼ੇਸ਼ ਤੌਰ ’ਤੇ ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਬੇਟੇ ਖੁਸ਼ਪਾਲ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸੀ ਵਿਧਾਇਕ ਨੇ ਕਿਹਾ ਕਿ ਇਹ ਇਕ ਹੋਰ ਫੌਜਾ ਸਿੰਘ ਸਰਾਰੀ ਕਾਂਡ ਹੈ, ਜੋ ਕਿ ਪੰਜਾਬ ਵਿਚ ਵੱਡੇ ਪੱਧਰ ’ਤੇ ਭਿ੍ਰਸ਼ਟਾਚਾਰ ਨੂੰ ਉਜਾਗਰ ਕਰਦਾ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਖਿਲਾਫ਼ ਵੀ ਇਸ ਤਰ੍ਹਾਂ ਦਾ ਹੀ ਆਡੀਓ ਵਾਇਰਲ ਹੋਇਆ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਭਗਵੰਤ ਮਾਨ ਸਰਕਾਰ ਹਟਾ ਦਿੱਤਾ ਸੀ।