5.9 C
Toronto
Saturday, November 8, 2025
spot_img
Homeਪੰਜਾਬਈਡੀ ਨੇ ਕਾਂਗਰਸ ਆਗੂ ਓਪੀ ਸੋਨੀ ਖਿਲਾਫ ਜਾਂਚ ਵਿੱਢੀ

ਈਡੀ ਨੇ ਕਾਂਗਰਸ ਆਗੂ ਓਪੀ ਸੋਨੀ ਖਿਲਾਫ ਜਾਂਚ ਵਿੱਢੀ

ਵਿਜੀਲੈਂਸ ਤੋਂ ਜਾਇਦਾਦ, ਬੈਂਕ ਖਾਤੇ ਅਤੇ ਅਪਰਾਧਿਕ ਮਾਮਲੇ ਦੇ ਵੇਰਵੇ ਮੰਗੇ
ਚੰਡੀਗੜ੍ਹ/ਬਿਊਰੋ ਨਿਊਜ਼ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਓਮ ਪ੍ਰਕਾਸ਼ ਸੋਨੀ ਖਿਲਾਫ ਜਾਂਚ ਆਰੰਭ ਦਿੱਤੀ ਹੈ। ਈਡੀ ਨੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਪੱਤਰ ਲਿਖ ਕੇ ਇਸ ਕਾਂਗਰਸ ਆਗੂ ਦੀ ਚੱਲ ਅਚੱਲ ਸੰਪਤੀ ਦਾ ਸਮੁੱਚਾ ਵੇਰਵਾ, ਬੈਂਕ ਖਾਤਿਆਂ ਬਾਰੇ ਮੁਕੰਮਲ ਜਾਣਕਾਰੀ ਮੰਗੀ ਹੈ। ਈਡੀ ਨੇ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲੇ ਵਿੱਚ ਜੋ ਐੱਫਆਈਆਰ ਦਰਜ ਕੀਤੀ ਗਈ ਹੈ, ਉਸ ਦੀ ਕਾਪੀ ਵਿਜੀਲੈਂਸ ਵੱਲੋਂ ਦਰਜ ਕੀਤੇ ਬਿਆਨਾਂ ਦੀਆਂ ਕਾਪੀਆਂ ਅਤੇ ਹੋਰ ਦਸਤਾਵੇਜ਼ ਤੁਰੰਤ ਭੇਜੇ ਜਾਣ ਲਈ ਵੀ ਕਿਹਾ ਹੈ। ਕੇਂਦਰੀ ਏਜੰਸੀ ਵੱਲੋਂ ਇਸ ਤੋਂ ਪਹਿਲਾਂ ਪੰਜਾਬ ਦੇ ਕਈ ਕਾਂਗਰਸੀ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਖਿਲਾਫ ਵੀ ਜਾਂਚ ਵਿੱਢੀ ਗਈ ਹੈ।
ਪੰਜਾਬ ਵਿਜੀਲੈਂਸ ਬਿਊਰੋ ਨੇ ਜੁਲਾਈ ਮਹੀਨੇ ਓਪੀ ਸੋਨੀ ਖਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਸੀ। ਵਿਜੀਲੈਂਸ ਨੇ ਮੁੱਢਲੀ ਤਫਤੀਸ਼ ਕਰਦਿਆਂ ਦਾਅਵਾ ਕੀਤਾ ਸੀ ਕਿ ਸਾਲ 2017 ਤੋਂ ਓਪੀ ਸੋਨੀ ਵੱਲੋਂ ਨੌਂ ਜਾਇਦਾਦਾਂ ਬਣਾਈਆਂ ਗਈਆਂ ਹਨ। ਇਸ ਸਮੇਂ ਦੌਰਾਨ ਹੀ ਇਹ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਮੰਤਰੀ ਅਤੇ ਫਿਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਰਿਹਾ ਹੈ। ਵਿਜੀਲੈਂਸ ਨੇ ਇਸ ਸੱਤਾ ਦੇ ਕਾਲ ਨੂੰ ਹੀ ਜਾਂਚ ਦਾ ਅਧਾਰ ਬਣਾਇਆ ਹੈ। ਵਿਜੀਲੈਂਸ ਮੁਤਾਬਕ 27 ਦਸੰਬਰ 2017 ਨੂੰ ਮੁਹਾਲੀ ਵਿੱਚ ਇੱਕ ਮਕਾਨ ਸਵਾ ਕਰੋੜ ਰੁਪਏ ਵਿੱਚ ਖ਼ਰੀਦਿਆ, 12 ਜੂਨ 2019 ਨੂੰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ 11 ਕਨਾਲ 11 ਮਰਲੇ ਤੋਂ ਵੱਧ ਦਾ ਪਲਾਟ ਸੋਨੀ ਨੇ ਆਪਣੇ ਅਤੇ ਪਤਨੀ ਦੇ ਨਾਮ ‘ਤੇ ਖ਼ਰੀਦਿਆ। ਇਸ ‘ਤੇ ਸਵਾ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ। ਇਸ ਕਾਂਗਰਸੀ ਆਗੂ ਨੇ ਆਪਣੇ ਪੁੱਤਰ ਰਾਘਵ ਸੋਨੀ ਦੇ ਨਾਮ ‘ਤੇ ਇੱਕ ਬੰਗਲਾ ਉਸਾਰਿਆ। ਇਸ ‘ਤੇ 4 ਕਰੋੜ 29 ਲੱਖ 18 ਹਜ਼ਾਰ 213 ਰੁਪਏ ਖ਼ਰਚ ਕੀਤੇ ਗਏ ਸਨ। ਇਸੇ ਤਰ੍ਹਾਂ ਸਾਬਕਾ ਉਪ ਮੁੱਖ ਮੰਤਰੀ ਨੇ ਅਲਾਇੰਸ ਪ੍ਰਾਈਵੇਟ ਲਿਮਟਿਡ ਅੰਮ੍ਰਿਤਸਰ ‘ਚ ਲੜਕੇ ਦੇ ਨਾਮ ‘ਤੇ ਇੱਕ ਕਰੋੜ 29 ਲੱਖ ਰੁਪਏ ਦੀ ਜਾਇਦਾਦ ਖ਼ਰੀਦੀ। ਗਰੀਨ ਐਵੇਨਿਊ ਅੰਮ੍ਰਿਤਸਰ ‘ਚ ਕੋਠੀ ਨੰਬਰ 369 ਏ 42 ਲੱਖ 82 ਹਜ਼ਾਰ ਰੁਪਏ ‘ਚ ਖ਼ਰੀਦੀ, 51 ਲੱਖ ਰੁਪਏ ਦਾ ਨਿਵੇਸ਼ ਇੱਕ ਫਰਮ ਅਤੇ ਇੱਕ ਕਰੋੜ 22 ਲੱਖ ਰੁਪਏ ਦਾ ਨਿਵੇਸ਼ ਸਾਈ ਲੌਜਿਸਟੀਕਲ ਪਾਰਟਸ ਕੰਪਨੀ ਵਿੱਚ ਕੀਤਾ ਗਿਆ। ਸਾਈ ਮੋਟਰਜ਼ ਕੰਪਨੀ ਵਿੱਚ 23 ਲੱਖ ਦਾ ਨਿਵੇਸ਼ ਅਤੇ ਇਸੇ ਕੰਪਨੀ ‘ਚ ਸੋਨੀ ਦੀ ਪਤਨੀ ਵੱਲੋਂ ਸਾਢੇ ਸੱਤ ਲੱਖ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਵਿਜੀਲੈਂਸ ਨੇ ਕਾਂਗਰਸ ਆਗੂ ਦੀਆਂ ਸੰਪਤੀਆਂ ਦਾ ਵੇਰਵਾ ਇਕੱਠਾ ਕਰਦਿਆਂ ਪਤਨੀ ਅਤੇ ਪੁੱਤਰ ਦੇ ਨਾਮ ‘ਤੇ ਕੀਤੇ ਨਿਵੇਸ਼ ਦੀ ਜਾਣਕਾਰੀ ਵੀ ਇਕੱਤਰ ਕੀਤੀ ਹੈ। ਜ਼ਿਕਰਯੋਗ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਵਿਜੀਲੈਂਸ ਨੇ ਓਪੀ ਸੋਨੀ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਸੀ।

RELATED ARTICLES
POPULAR POSTS