
ਮੁੱਖ ਮੰਤਰੀ ਭਗਵੰਤ ਮਾਨ ਅਤੇ ਅਮਨ ਅਰੋੜਾ ਵੀ ਰਹੇ ਹਾਜ਼ਰ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਉਮੀਦਵਾਰ ਰਜਿੰਦਰ ਗੁਪਤਾ ਨੇ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ਸਕੱਤਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਮੁੱਖ ਮੰਤਰੀ ਭਗਵੰਤ ਮਾਨ, ਮੰਤਰੀ ਅਮਨ ਅਰੋੜਾ ਅਤੇ ਮੰਤਰੀ ਸੰਜੀਵ ਅਰੋੜਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਜਿੰਦਰ ਗੁਪਤਾ ਦੇ ਕਾਰੋਬਾਰੀ ਅਤੇ ਸਮਾਜਿਕ ਕੰਮਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਗੁਪਤਾ ਰਾਜ ਸਭਾ ਵਿਚ ਪੰਜਾਬ ਦੀ ਆਵਾਜ਼ ਜ਼ਰੂਰ ਬੁਲੰਦ ਕਰਨਗੇ। ਪੰਜਾਬ ਵਿਧਾਨ ਸਭਾ ਵਿਚ ਬਹੁਮਤ ਨੂੰ ਦੇਖਦੇ ਹੋਏ, ਰਜਿੰਦਰ ਗੁਪਤਾ ਦੀ ਜਿੱਤ ਯਕੀਨੀ ਹੈ। ਅਸ਼ੋਕ ਮਿੱਤਲ, ਸੰਜੀਵ ਅਰੋੜਾ, ਵਿਕਰਮਜੀਤ ਸਿੰਘ ਸਾਹਨੀ ਤੋਂ ਬਾਅਦ ਰਾਜ ਸਭਾ ਲਈ ਚੁਣੇ ਜਾਣ ਵਾਲੇ ਰਜਿੰਦਰ ਗੁਪਤਾ ਪੰਜਾਬ ਵਿਚ ‘ਆਪ’ ਦੇ ਚੌਥੇ ਕਾਰੋਬਾਰੀ ਹੋਣਗੇ। ਪੰਜਾਬ ਤੋਂ ਰਾਜ ਸਭਾ ਚੋਣ ਲਈ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 13 ਅਕਤੂਬਰ ਹੈ। ਨਾਮਜ਼ਦਗੀ ਪੱਤਰਾਂ ਦੀ ਜਾਂਚ 14 ਅਕਤੂਬਰ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ 16 ਅਕਤੂਬਰ ਤੱਕ ਵਾਪਸ ਲਈਆਂ ਜਾ ਸਕਦੀਆਂ ਹਨ। ਧਿਆਨ ਰਹੇ ਕਿ ਰਾਜ ਸਭਾ ਲਈ ਵੋਟਿੰਗ 24 ਅਕਤੂਬਰ ਨੂੰ ਹੋਵੇਗੀ ਅਤੇ ਨਤੀਜਾ ਵੀ ਉਸੇ ਦਿਨ ਐਲਾਨ ਦਿੱਤਾ ਜਾਵੇਗਾ।

