
ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਿੰਦਰ ਗੁਪਤਾ ਦੀ ਜਿੱਤ ਤੈਅ
ਚੰਡੀਗੜ੍ਹ/ਬਿਊਰੋ ਨਿਊਜ਼
ਰਾਜ ਸਭਾ ਵਿਚ ਪੰਜਾਬ ਦੀ ਇਕ ਸੀਟ ਲਈ ਨਾਮਜ਼ਦਗੀ ਭਰਨ ਵਾਲੇ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਚਤੁਰਵੇਦੀ ਦੀ ਨਾਮਜ਼ਦਗੀ ਰੱਦ ਹੋਣ ਨਾਲ 24 ਅਕਤੂਬਰ ਨੂੰ ਹੋਣ ਵਾਲੀ ਚੋਣ ਲਈ ਹੁਣ ਮੈਦਾਨ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਿੰਦਰ ਗੁਪਤਾ ਅਤੇ ਉਨ੍ਹਾਂ ਦੀ ਧਰਮ ਪਤਨੀ ਮਧੂ ਹੀ ਰਹਿ ਗਏ ਹਨ। ਮਧੂ ਵਲੋਂ ਵੀ ਭਲਕੇ ਆਪਣੀ ਨਾਮਜ਼ਦਗੀ ਵਾਪਸ ਲਏ ਜਾਣ ਦੀ ਉਮੀਦ ਹੈ। ਇਸਦੇ ਚੱਲਦਿਆਂ ‘ਆਪ’ ਉਮੀਦਵਾਰ ਰਾਜਿੰਦਰ ਗੁਪਤਾ ਦੀ ਜਿੱਤ ਤੈਅ ਹੈ। ਦੱਸਣਯੋਗ ਹੈ ਕਿ ਨਵਨੀਤ ਚਤੁਰਵੇਦੀ ਨੇ ਆਪਣੇ ਨਾਮਜ਼ਦਗੀ ਪੱਤਰਾਂ ਨਾਲ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੀ ਹਮਾਇਤ ਵਾਲਾ ਪੱਤਰ ਵੀ ਦਾਖਲ ਕੀਤਾ ਸੀ। ਉਧਰ ਦੂਜੇ ਪਾਸੇ ਇਨ੍ਹਾਂ 10 ਵਿਧਾਇਕਾਂ ਨੇ ਅਜਿਹੀ ਕਿਸੇ ਵੀ ਹਮਾਇਤ ਤੋਂ ਇਨਕਾਰ ਕੀਤਾ ਸੀ ਅਤੇ ਪੱਤਰ ਵਿਚ ਕੀਤੇ ਗਏ ਦਸਤਖਤਾਂ ਨੂੰ ਜਾਅਲੀ ਦੱਸਿਆ ਸੀ। ਇਨ੍ਹਾਂ 10 ਵਿਧਾਇਕਾਂ ਨੇ ਇਸ ਸਬੰਧੀ ਪੰਜਾਬ ਦੇ ਡੀਜੀਪੀ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ।

