ਸਾਬਕਾ ਕਾਂਗਰਸੀ ਆਗੂ ਮਨਦੀਪ ਮੰਨਾ ਨੇ ਲੱਖਾਂ ਰੁਪਏ ਦੀ ਲੁੱਟ ਦਾ ਕੀਤਾ ਦਾਅਵਾ
ਅੰਮ੍ਰਿਤਸਰ : ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਨੇ ਇੱਥੇ ਆਰੋਪ ਲਾਇਆ ਹੈ ਕਿ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਨੂੰ ਸਪਲਾਈ ਕੀਤਾ ਜਾਂਦਾ ਦੇਸੀ ਘਿਓ ਨਿਰਧਾਰਤ ਵਜ਼ਨ ਤੋਂ ਘੱਟ ਭੇਜ ਕੇ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਇਸ ‘ਤੇ ਸੂਬੇ ਦੀਆਂ ਦੁੱਧ ਤੋਂ ਬਣੀਆਂ ਵਸਤਾਂ ਦੀ ਸਪਲਾਈ ਕਰਨ ਵਾਲੇ ਅਦਾਰੇ ਮਿਲਕਫੈੱਡ ਦੇ ਐੱਮਡੀ ਕਮਲਦੀਪ ਸਿੰਘ ਸੰਘਾ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮਿਲਕਫੈੱਡ ਦੇ ਐੱਮਡੀ ਨੇ ਆਖਿਆ ਕਿ ਦੇਸੀ ਘਿਓ ਭਰਨ ਅਤੇ ਪੈਕ ਕਰਨ ਦੀ ਪ੍ਰਕਿਰਿਆ ਸਵੈਚਾਲਿਤ (ਆਟੋਮੈਟਿਕ) ਹੈ, ਜਿਸ ਵਿਚ ਗ਼ਲਤੀ ਦੀ ਗੁੰਜਾਇਜ਼ ਨਹੀਂ ਹੈ। ਇਸ ਦੇ ਬਾਵਜੂਦ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਅਤੇ ਅਮਲੇ ਨੂੰ ਇਸ ਮਾਮਲੇ ਵਿਚ ਵਧੇਰੇ ਚੌਕਸ ਰਹਿਣ ਦੀ ਹਦਾਇਤ ਕੀਤੀ ਗਈ ਹੈ। ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਨੇ ਮੀਡੀਆ ਕੋਲ ਦਾਅਵਾ ਕੀਤਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਚ ਸਪਲਾਈ ਹੁੰਦਾ ਦੇਸੀ ਘਿਓ ਨਿਰਧਾਰਤ ਵਜ਼ਨ ਤੋਂ ਘੱਟ ਵਜ਼ਨ ਵਿਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਦੇਸੀ ਘਿਓ ਸ਼੍ਰੋਮਣੀ ਕਮੇਟੀ ਵੱਲੋਂ ਇਕ ਸਹਿਕਾਰੀ ਅਦਾਰੇ ਕੋਲੋਂ ਖਰੀਦਿਆ ਜਾਂਦਾ ਹੈ। ਇਸ ਸਬੰਧੀ ਟੈਂਡਰ ਰਾਹੀਂ ਸਹਿਕਾਰੀ ਅਦਾਰੇ ਨੂੰ ਦੇਸੀ ਘਿਓ ਦੀ ਸਪਲਾਈ ਦਾ ਆਰਡਰ ਦਿੱਤਾ ਹੋਇਆ ਹੈ। ਹਰੇਕ ਟੀਨ ਵਿਚ ਨਿਰਧਾਰਤ 15 ਕਿੱਲੋ ਦੇਸੀ ਘਿਓ ਹੁੰਦਾ ਹੈ ਪਰ ਇਨ੍ਹਾਂ ਵਿਚ ਕਥਿਤ ਤੌਰ ‘ਤੇ ਘੱਟ ਘਿਓ ਭੇਜਿਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਆਰੋਪ ਲਾਇਆ ਕਿ ਇਸ ਸਹਿਕਾਰੀ ਅਦਾਰੇ ਨੂੰ ਕਥਿਤ ਤੌਰ ‘ਤੇ ਨਿਯਮਾਂ ਨੂੰ ਅਣਦੇਖਿਆਂ ਕਰ ਕੇ ਟੈਂਡਰ ਦਿੱਤਾ ਗਿਆ ਹੈ, ਜਿਸ ਵਿਚ ਕੁਝ ਅਹੁਦੇਦਾਰਾਂ ਦੀ ਸ਼ਮੂਲੀਅਤ ਹੈ। ਉਸ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਲੰਗਰ ਘਰ ਦੇ ਮੈਨੇਜਰ ਮਨਜਿੰਦਰ ਸਿੰਘ ਮੰਡ ਨੇ ਮੰਨਿਆ ਕਿ 2 ਨਵੰਬਰ ਨੂੰ ਲੰਗਰ ਘਰ ਵਿਚ ਆਏ ਦੇਸੀ ਘਿਓ ਦੇ ਕੁਝ ਟੀਨਾਂ ਵਿਚੋਂ ਨਿਰਧਾਰਤ ਵਜ਼ਨ ਨਾਲੋਂ ਘੱਟ ਦੇਸੀ ਘਿਓ ਨਿਕਲਿਆ ਸੀ। ਇਸ ਸਬੰਧੀ ਰਕਮ ਦਾ ਭੁਗਤਾਨ ਵੀ ਦੇਸੀ ਘਿਓ ਦੇ ਵਜ਼ਨ ਮੁਤਾਬਕ ਹੀ ਕੀਤਾ ਜਾਂਦਾ ਹੈ।
ਸ਼੍ਰੋਮਣੀ ਕਮੇਟੀ ਵਲੋਂ ਖੰਡਨ : ਸ੍ਰੀ ਹਰਿਮੰਦਰ ਸਾਹਿਬ ਦੇ ਗੁਰੂ ਰਾਮਦਾਸ ਲੰਗਰ ਘਰ ਵਾਸਤੇ ਖਰੀਦੇ ਜਾਂਦੇ ਦੇਸੀ ਘਿਉ ਦੀ ਸਪਲਾਈ ਦੌਰਾਨ ਵਜ਼ਨ ਘੱਟ ਨਿਕਲਣ ਦੇ ਘਿਉ ਦਾ ਮਾਮਲਾ ਚਰਚਾ ਵਿਚ ਹੈ। ਸ਼੍ਰੋਮਣੀ ਕਮੇਟੀ ਨੇ ਜਿਥੇ ਇਨ੍ਹਾਂ ਦੋਸ਼ਾਂ ਦਾ ਸਖਤੀ ਨਾਲ ਖੰਡਨ ਕੀਤਾ, ਉਥੇ ਦੂਜੇ ਪਾਸੇ ਦੋਸ਼ ਲਾਉਣ ਵਾਲੇ ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਨੇ ਮੁੜ ਆਖਿਆ ਹੈ ਕਿ ਉਸ ਵਲੋਂ ਲਾਏ ਗਏ ਦੋਸ਼ ਠੀਕ ਹਨ। ਸ਼੍ਰੋਮਣੀ ਕਮੇਟੀ ਦੀ ਖਰੀਦ ਸਬ ਕਮੇਟੀ ਦੇ ਮੈਂਬਰ ਮਿੱਠੂ ਸਿੰਘ ਕਾਹਨੇਕੇ ਨੇ ਦੋਸ਼ਾਂ ਨੂੰ ਸੰਸਥਾ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰਾਰ ਦਿੱਤਾ। ਉਨ੍ਹਾਂ ਆਖਿਆ ਕਿ ਘਿਉ ਦਾ ਟੈਂਡਰ ਦੇਣ ਵੇਲੇ ਪੂਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ। ਇਸ ਸਬੰਧੀ ਇਸ਼ਤਿਹਾਰ ਦਿੱਤੇ ਗਏ ਸਨ ਅਤੇ ਦਿੱਲੀ, ਹਰਿਆਣਾ, ਮਹਾਰਾਸ਼ਟਰ ਤੇ ਹੋਰ ਸੂਬਿਆਂ ਤੋਂ ਸਹਿਕਾਰੀ ਅਦਾਰਿਆਂ ਨੇ ਘਿਉ ਦੀ ਖਰੀਦ ਲਈ ਆਪਣੇ ਰੇਟ ਦਿੱਤੇ ਸਨ, ਜਿਨ੍ਹਾਂ ਵਿਚ ਵੇਰਕਾ ਘਿਉ ਦਾ ਰੇਟ ਸਭ ਤੋਂ ਘੱਟ 319 ਰੁਪਏ 80 ਪੈਸੇ ਪ੍ਰਤੀ ਕਿਲੋ ਹੋਣ ਕਾਰਨ ਉਸ ਨੂੰ ਟੈਂਡਰ ਦਿੱਤਾ ਗਿਆ ਸੀ। ਜੀਐਸਟੀ ਸ਼ਾਮਲ ਕਰਕੇ ਇਹ ਘਿਉ 357 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆ ਜਾਂਦਾ ਹੈ। ਜਦੋਂਕਿ ਬਜ਼ਾਰ ਵਿਚ ਇਸ ਦੀ ਕੀਮਤ ਲਗਪਗ 440 ਰੁਪਏ ਪ੍ਰਤੀ ਕਿਲੋ ਹੈ। ਉਨ੍ਹਾਂ ਆਖਿਆ ਕਿ ਇਹ ਘਿਉ ਪ੍ਰਾਈਵੇਟ ਅਦਾਰਿਆਂ ਤੋਂ ਖਰੀਦਣ ਦੀ ਥਾਂ ਸਹਿਕਾਰੀ ਸੰਸਥਾ ਕੋਲੋਂ ਖਰੀਦਣ ਨੂੰ ਪਹਿਲ ਦਿੱਤੀ ਗਈ ਸੀ ਕਿਉਂਕਿ ਇਹ ਲੋਕ ਪੱਖੀ ਅਦਾਰੇ ਹਨ।
ਮੰਨਾ ਖਿਲਾਫ ਕਾਰਵਾਈ ਕਰਾਂਗੇ: ਲੌਂਗੋਵਾਲ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸਿੱਖ ਸੰਸਥਾ ਨੂੰ ਬਦਨਾਮ ਕਰਨ ਦੇ ਦੋਸ਼ ਹੇਠ ਮਨਦੀਪ ਸਿੰਘ ਮੰਨਾ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਮੰਨਾ ਨੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਬਣਾਏ ਗਏ ਪੰਡਾਲ ਬਾਰੇ ਵੀ ਬੇਬੁਨਿਆਦ ਦੋਸ਼ ਲਾਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਕੰਮ ਟੈਂਡਰ ਰਾਹੀਂ ਪਾਰਦਰਸ਼ੀ ਢੰਗ ਨਾਲ ਕੀਤੇ ਜਾਂਦੇ ਹਨ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …